ਭਾਈ ਜੈਤਾ ਜੀ ਦੀ ਯਾਦਗਾਰ ਵੇਖਣ ਲਈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 26 ਅਕਤੂਬਰ ,2025
ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਭਾਈ ਜੈਤਾ ਜੀ ਯਾਦਗਾਰ ਨੂੰ ਮਨੁੱਖਤਾ ਲਈ ਸਮਰਪਿਤ ਕੀਤਾ ਗਿਆ ਹੈ, ਉਦੋਂ ਤੋਂ ਹੀ ਰੋਜ਼ਾਨਾ ਲੰਬੀਆਂ ਕਤਾਰਾਂ ਦੇ ਵਿੱਚ ਲੱਗ ਕੇ ਵੱਡੀ ਗਿਣਤੀ ਵਿੱਚ ਦਰਸ਼ਨਾਰਥੀ ਇਸ ਮਹਾਨ ਯਾਦਗਾਰ ਨੂੰ ਵੇਖਣ ਲਈ ਪਹੁੰਚ ਰਹੇ ਹਨ। ਇਹੀ ਨਹੀਂ ਇਹ ਯਾਦਗਾਰ ਵੇਖ ਕੇ ਸੈਲਾਨੀ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ ਇੱਥੇ ਆ ਕੇ ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਭਾਈ ਜੈਤਾ ਜੀ ਨੇ ਸ਼ਹਾਦਤ ਦਿੱਤੀ ਅਤੇ ਗੁਰੂ ਸਾਹਿਬ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਤੋਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਲੈ ਕੇ ਆਂਦਾ ਜਿੱਥੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ।
ਦਰਸ਼ਨਾਰਥੀਆਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਵੱਲੋਂ ਕੀਤਾ ਗਿਆ ਉਪਰਾਲਾ ਨੌਜਵਾਨ ਪੀੜੀ ਨੂੰ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕਰਦਾ ਹੈ ਅਤੇ ਆਪਣੇ ਵਿਰਸੇ ਦੇ ਨਾਲ ਜੋੜਦੇ ਹੋਏ ਇਹ ਸਿੱਖਿਤ ਵੀ ਕਰਦਾ ਹੈ। ਕੌਮ ਦੇ ਮਹਾਨ ਸ਼ਹੀਦਾਂ ਵੱਲੋਂ ਕਿਸ ਤਰ੍ਹਾਂ ਦੇ ਨਾਲ ਲਾਸਾਨੀ ਸ਼ਹਾਦਤਾਂ ਦਿੱਤੀਆਂ ਗਈਆਂ ਹਨ, ਜਿਨਾਂ ਸਦਕਾ ਅੱਜ ਅਸੀਂ ਸਾਰੇ ਇਸ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਹਾਂ।