Babushahi Special ਜਿਮਨੀ ਚੋਣ:ਸਿਆਸੀ ਠਿੱਬੀ ਲਾਉਣ ਲਈ ਪੰਥਕ ਧਿਰਾਂ ਦੇ ਸਾਹਮਣੇ ਚੱਲਿਆ ਸਿਰਨਾਵੀਏਂ ਦਾ ਪੱਤਾ
ਅਸ਼ੋਕ ਵਰਮਾ
ਬਠਿੰਡਾ, 25 ਅਕਤੂਬਰ 2025: ਇਹ ਅਹਿਸਾਸ ਹੋਣ ’ਤੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ (ਪੁਨਰ ਸੁਰਜੀਤੀ ) ਦੇ ਸਹਿਯੋਗ ਨਾਲ ਪੰਥਕ ਪੈਂਠ ਵਾਲਾ ਹਲਕਾ ਮੰਨੇ ਜਾਂਦੇ ਤਰਨ ਤਾਰਨ ’ਚ ਦਿੱਤੀ ਗੰਭੀਰ ਚੁਣੌਤੀ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਦੀ ਖੇਡ ਖਰਾਬ ਕਰ ਸਕਦੀ ਹੈ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਦੀ ਹਮਾਇਤ ਕਰਨ ਵਾਲੇ ਵੋਟਰਾਂ ਵਿੱਚ ਭੰਬਲਭੂਸਾ ਪੈਦਾ ਕਰਨ ਦੇ ਇਰਾਦੇ ਨਾਲ ਵਿਰੋਧੀਆਂ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਉਸ ਦੇ ਸਿਰਨਾਮੀਏ ਮਨਦੀਪ ਸਿੰਘ ਨਾਮ ਦੇ ਅਜ਼ਾਦ ਉਮੀਦਵਾਰ ਵਜੋਂ ਖਲੋਣ ਨੇ ਮੈਦਾਨ ’ਚ ਨਿੱਤਰੇ ਵੱਡੇ ਵੱਡੇ ਵੱਡੇ ਲੀਡਰਾਂ ਦੇ ਕੈਂਪ ਵਿਚਲੀ ਘਬਰਾਹਟ ਖ਼ੁਦ ਹੀ ਬੇਪਰਦ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਉਮੀਦਵਾਰ ਮਨਦੀਪ ਸਿੰਘ ਖਾਲਸਾ ਹਿੰਦੂ ਆਗੂ ਸੁਧੀਰ ਸੂਰੀ ਨੂੰ ਕਤਲ ਕਰਨ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸਨੀ ਦਾ ਭਰਾ ਹੈ ।
ਉਸ ਦੇ ਮੁਕਾਬਲੇ ’ਚ ਤਰਨਤਾਰਨ ਨਿਵਾਸੀ ਮਨਦੀਪ ਸਿੰਘ ਨੇ ਕੁੱਝ ਦਿਨ ਪਹਿਲਾਂ ਆਪਣੇ ਨਾਮਜਦਗੀ ਕਾਗਜ਼ ਦਾਖਲ ਕੀਤੇ ਸਨ ਜਿੰਨ੍ਹਾਂ ਨੂੰ ਜਾਂਚ ਤੋਂ ਬਾਅਦ ਪ੍ਰਵਾਨ ਵੀ ਕਰ ਲਿਆ ਗਿਆ ਹੈ। ਦਿਲਚਸਪ ਇਹ ਵੀ ਹੈ ਕਿ ਜਿਮਨੀ ਚੋਣ ਦੌਰਾਨ ਕਿਸੇ ਵੀ ਰਿਵਾਇਤੀ ਸਿਆਸੀ ਪਾਰਟੀ ਖਿਲਾਫ ਕੋਈ ਸਿਰਨਾਵੀਆਂ ਨਹੀ ਉੱਤਰਿਆ ਬਲਕਿ ਇੱਕੱਲੀਆਂ ਪੰਥਕ ਧਿਰਾਂ ਦੇ ਉਮੀਦਵਾਰ ਵਿਰੁੱਧ ਹੀ ਇਹ ਪੈਂਤੜਾ ਸਾਹਮਣੇ ਆਇਆ ਹੈ। ਸਿਆਸੀ ਮਾਹਿਰਾਂ ਵੱਲੋਂ ਵੀ ਇਸ ਨੂੰ ਵੋਟਾਂ ਤੋੜਨ ਖਾਤਰ ਠਿੱਬੀ ਲਾਉਣ ਦੇ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਮਨਦੀਪ ਸਿੰਘ ਦੇ ਮੈਦਾਨ ’ਚ ਆਉਣ ਨਾਲ ਵਾਰਿਸ ਪੰਜਾਬ ਦੇ ਨਾਲ ਸਬੰਧਤ ਉਮੀਦਵਾਰ ਨੂੰ ਕਿੰਨਾਂ ਫਰਕ ਪੈਂਦਾ ਹੈ ਇਹ ਤਾਂ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹ ਵੀ ਹਕੀਕਤ ਹੈ ਕਿ ਸਿਆਸੀ ਧਿਰਾਂ ਜਿੱਤਣ ਦੇ ਜਿੰਨੇ ਮਰਜੀ ਦਾਅਵੇ ਕਰੀ ਜਾਣ ਪਰ ਇਹ ਵੀ ਇੱਕ ਹਕੀਕਤ ਹੈ ਕਿ ਅੰਦਰੋ ਅੰਦਰੀ ਧੁੜਕੂ ਸਭ ਨੂੰ ਲੱਗਿਆ ਹੋਇਆ ਹੈ।
ਤਰਨ ਤਾਰਨ ਹਲਕੇ ’ਚ ਨਿੱਤਰਿਆ ਹਮਨਾਮ ਉਮੀਦਵਾਰ ਮਨਦੀਪ ਸਿੰਘ ਚੋਣ ਮੈਦਾਨ ’ਚ ਸਿਆਸੀ ਰੰਗ ਤਮਾਸ਼ੇ ਦੇਖਣ ਲਈ ਆਇਆ ਹੈ ਜਾਂ ਫਿਰ ਉੁਸ ਨੂੰ ਕਿਸੇ ਜਾਂ ਫਿਰ ਕਿਸ ਵਿਰੋਧੀ ਦਾ ਥਾਪੜਾ ਹੈ ਇਸ ਬਾਰੇ ਤਾਂ ਸਪਸ਼ਟ ਨਹੀਂ ਹੋ ਸਕਿਆ ਪਰ ਉਸਦੇ ਚੋਣ ਮੈਦਾਨ ’ਚ ਨਿੱਤਰਨ ਕਾਰਨ ਨਵੇਂ ਚਰਚੇ ਛਿੜ ਗਏ ਹਨ। ਦਰਅਸਲ ਇਸ ਚੁੰਝ ਚਰਚਾ ਦਾ ਅਹਿਮ ਕਾਰਨ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਤਰਨ ਤਾਰਨ ਜਿਲ੍ਹੇ ਨਾਲ ਸਬੰਧਤ 9 ਵਿਧਾਨ ਸਭਾ ਹਲਕਿਆਂ ਵਾਲੇ ਖਡੂਰ ਸਾਹਿਬ ਹਲਕੇ ਤੋਂ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕਰੀਬ ਦੋ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਨਾ ਸੀ। ਇਸ ਜਿੱਤ ਵਿੱਚ ਹਲਕਾ ਤਰਨ ਤਾਰਨ ਦੀਆਂ 24 ਹਜ਼ਾਰ ਤੋਂ ਵੱਧ ਵੋਟਾਂ ਸ਼ਾਮਲ ਸਨ। ਸਾਲ 2022 ਦੌਰਾਨ ਬੇਸ਼ੱਕ ਆਮ ਆਦਮੀ ਪਾਰਟੀ ਜਿੱਤੀ ਸੀ ਪਰ ਤਰਨ ਤਾਰਨ ਜਿਲ੍ਹੇ ਅਧੀਨ ਆਉਂਦਾ ਇਲਾਕਾ ਸਿੱਖ ਫਸਲਫੇ ਤੇ ਪਹਿਰਾ ਦੇਣ ਵਾਲਾ ਮੰਨਿਆ ਜਾਂਦਾ ਹੈ।
ਦੇਖਿਆ ਜਾਏ ਤਾਂ ਚੋਣਾਂ ਦੌਰਾਨ ਵਿਰੋਧੀਆਂ ਨੂੰ ਭੰਬਬਲਭੂਸੇ ਵਿੱਚ ਪਾਉਣ ਅਤੇ ਆਪਣੀ ਜਿੱਤ ਪੱਕੀ ਕਰਨ ਲਈ ਸਿਆਸੀ ਠਿੱਬੀ ਲਾਉਣ ਵਾਸਤੇ ਸਿਆਸੀ ਧਿਰਾਂ ਇੱਕ ਦੂਸਰੇ ਖ਼ਿਲਾਫ਼ ਆਪਣੇ ਵਿਰੋਧੀਆਂ ਦੇ ਨਾਮ ਵਾਲੇ ਆਜ਼ਾਦ ਉਮੀਦਵਾਰ ਮੈਦਾਨ ’ਚ ਉਤਾਰਦੀਆਂ ਆ ਰਹੀਆਂ ਹਨ। ਰੌਚਕ ਪਹਿਲੂ ਇਹ ਵੀ ਹੈ ਕਿ ਇਸ ਤਰਾਂ ਕਰਨ ਨਾਲ ਇੱਕ ਅੱਧੀ ਵਾਰ ਨੂੰ ਛੱਡਕੇ ਕਦੇ ਬਹੁਤਾ ਫਰਕ ਦਿਖਾਈ ਨਹੀਂ ਦਿੱਤਾ ਫਿਰ ਵੀ ਸਿਆਸੀ ਲੀਡਰ ਇਹੋ ਜਿਹੀਆਂ ਕਲਾਬਾਜੀਆਂ ਲਾਉਣ ਤੋਂ ਬਾਜ ਨਹੀਂ ਆਉਂਦੇ ਹਨ। ਸਾਲ 2014 ਲੋਕ ਸਭਾ ਚੋਣਾਂ ਦਾ ਵਾਕਿਆ ਹੈ ਜਦੋਂ ਉਸ ਵਕਤ ਪੀਪਲਜ ਪਾਰਟੀ ਦੇ ਪ੍ਰਧਾਨ ਹੁੰਦਿਆਂ ਤੱਤਕਾਲੀ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਮਨਪ੍ਰੀਤ ਸਿੰਘ ਬਾਦਲ ਉਦੋਂ ਦੰਗ ਰਹਿ ਗਏ ਸਨ ਜਦੋਂ ਉਨ੍ਹਾਂ ਦੇ ਮੁਕਾਬਲੇ ਵਿੱਚ ਹਲਕਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਚਾਨਕ ਆ ਨਿਤਰਿਆ ਸੀ। ਉਸ ਦਾ ਚੋਣ ਨਿਸ਼ਾਨ ‘ਪਤੰਗ’ ਸੀ, ਜੋ ਬਿਨਾਂ ਪ੍ਰਚਾਰ ਤੋਂ 4618 ਵੋਟਾਂ ਲੈ ਗਿਆ ਸੀ।
ਸਾਲ 2024 ’ਚ ਵੀ ਇਹੋ ਰੰਗ
ਨਵੰਬਰ 2024 ਦੌਰਾਨ ਹੋਈਆਂ ਜਿਮਨੀ ਚੋਣਾਂ ਦੌਰਾਨ ਗਿੱਦੜਬਾਹਾ ਹਲਕੇ ’ਚ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਬਰਾਬਰ ਮਨਪ੍ਰੀਤ ਸਿੰਘ ਚੋਣ ਮੈਦਾਨ ਵਿੱਚ ਸੀ। ਏਦਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਮੁਕਾਬਲੇ ਵਿੱਚ ਵੀ ਹਰਦੀਪ ਸਿੰਘ ਨਾਮ ਦੇ ਅਜ਼ਾਦ ਉਮੀਦਵਾਰ ਨੇ ਤਾਲ ਠੋਕੀ ਸੀ। ਇੱਥੇ ਹੀ ਬੱਸ ਨਹੀਂ ਡੇਰਾ ਬਾਬਾ ਨਾਨਕ ਹਲਕੇ ’ਚ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੇ ਮੁਕਾਬਲੇ ’ਚ ਅਜ਼ਾਦ ਉਮੀਦਵਾਰ ਜਤਿੰਦਰ ਕੌਰ ਮੈਦਾਨ ’ਚ ਨਿੱਤਰੀ ਸੀ।
ਸਿਆਸੀ ਘੁਣਤਰ ਕਾਫੀ ਪੁਰਾਣੀ
ਇਹ ਸਿਆਸੀ ਘੁਣਤਰ 2002 ’ਚ ਸ਼ੁਰੂ ਹੋਈ ਸੀ ਪਰ ਅਸਲ ਰੰਗ ਸਾਲ 2007 ’ਚ ਦੇਖਣ ਨੂੰ ਮਿਲਿਆ ਜਦੋਂ ਰਾਮਪੁਰਾ ਤੋਂ ਤਿੰਨ ਸਿਕੰਦਰ ਅਤੇ ਦੋ ਗੁਰਪ੍ਰੀਤ ਚੋਣ ਲੜੇ ਸਨ। ਸਾਲ 2012 ਵਿੱਚ ਮਜੀਠਾ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਸਾਹਮਣੇ ਬਿਕਰਮ ਸਿੰਘ ਮੈਦਾਨ ਵਿੱਚ ਸੀ। ਸਾਲ 2017 ਵਿੱਚ ਰਾਮਪੁਰਾ ਹਲਕੇ ਤੋਂ ਗੁਰਪ੍ਰੀਤ ਕਾਂਗੜ ਦੇ ਸਾਹਮਣੇ ਤਿੰਨ ਹੋਰ ਗੁਰਪ੍ਰੀਤ ਅਤੇ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਮੁਕਾਬਲੇ ਸਿਕੰਦਰ ਸਿੰਘ ਵੀ ਮੈਦਾਨ ਵਿੱਚ ਸੀ। ਲੋਕ ਸਭਾ ਚੋਣਾਂ 2014 ’ਚ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਅਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਮੈਦਾਨ ਵਿੱਚ ਸੀ। ਸਾਲ 2022 ਵਿੱਚ ਚਮਕੌਰ ਸਾਹਿਬ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਵਿੱਚ ‘ਆਪ’ ਦੇ ਡਾ. ਚਰਨਜੀਤ ਸਿੰਘ ਉਮੀਦਵਾਰ ਸਨ।