ਗਾਇਕ ਗੁਲਾਬ ਸਿੱਧੂ ਖਿਲਾਫ ਸਰਪੰਚਾਂ ਦਾ ਵੱਡਾ ਰੋਸ ਵਿਖਾਵਾ
DC ਦਫ਼ਤਰ ਬਾਹਰ ਜ਼ੋਰਦਾਰ ਨਾਅਰੇਬਾਜ਼ੀ
ਕਮਲਜੀਤ ਸਿੰਘ
ਬਰਨਾਲਾ, 26 ਅਕਤੂਬਰ 2025 : ਪੰਜਾਬੀ ਗਾਇਕ ਗੁਲਾਬ ਸਿੱਧੂ ਵੱਲੋਂ ਆਪਣੇ ਇੱਕ ਗੀਤ ਵਿੱਚ ਸਰਪੰਚਾਂ ਖਿਲਾਫ ਵਰਤੇ ਗਏ ਸ਼ਬਦਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਪਿੰਡਾਂ ਦੇ ਸੈਂਕੜੇ ਸਰਪੰਚਾਂ ਨੇ ਇਕੱਠੇ ਹੋ ਕੇ ਡੀਸੀ ਦਫ਼ਤਰ ਬਰਨਾਲਾ ਦੇ ਗੇਟ ਬਾਹਰ ਗਾਇਕ ਖਿਲਾਫ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਵਿਵਾਦ ਦਾ ਕਾਰਨ:
ਵਿਵਾਦਤ ਬੋਲ: ਗਾਇਕ ਗੁਲਾਬ ਸਿੱਧੂ ਨੇ ਆਪਣੇ ਰਿਲੀਜ਼ ਹੋਏ ਪੰਜਾਬੀ ਗੀਤ ਵਿੱਚ ਇਹ ਸ਼ਬਦ ਵਰਤੇ ਸਨ: "ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂ"।
ਸਰਪੰਚਾਂ ਦਾ ਦੋਸ਼: ਸਰਪੰਚਾਂ ਦਾ ਕਹਿਣਾ ਹੈ ਕਿ ਉਹ ਦਿਨ-ਰਾਤ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਰਕਾਰ ਤੋਂ ਇਲਾਵਾ ਆਪਣੀ ਜੇਬ ਵਿੱਚੋਂ ਵੀ ਖਰਚਾ ਕਰਦੇ ਹਨ। ਇਸ ਦੇ ਬਾਵਜੂਦ, ਗਾਇਕ ਨੇ ਆਪਣੇ ਗਾਣੇ ਨੂੰ ਮਸ਼ਹੂਰ ਕਰਨ, 'ਪਬਲਿਕ ਸਿਟੀ' ਅਤੇ ਫੇਮ ਲੈਣ ਲਈ ਜਾਣ ਬੁੱਝ ਕੇ ਸਰਪੰਚਾਂ ਦਾ ਨਾਮ ਲੈ ਕੇ ਨਾਮ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ।
ਸਰਪੰਚਾਂ ਦੀਆਂ ਮੰਗਾਂ ਅਤੇ ਕਾਰਵਾਈ:
ਡੀਜੇ ਤੇ ਪਾਬੰਦੀ: ਸਰਪੰਚਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਡੀਜੇ ਮਾਲਕਾਂ ਨੂੰ ਆਪਣੇ ਡੀਜੇ 'ਤੇ ਇਹ ਗਾਣਾ ਨਾ ਚਲਾਉਣ ਦੀ ਪਾਬੰਦੀ ਲਗਾਈ ਹੈ।
ਮਾਫੀ ਦੀ ਮੰਗ: ਸਰਪੰਚ ਇਸ ਗੱਲ 'ਤੇ ਅੜੇ ਹੋਏ ਹਨ ਕਿ ਗੁਲਾਬ ਸਿੱਧੂ ਸਰਪੰਚਾਂ ਦੇ ਵੱਡੇ ਇਕੱਠ ਵਿੱਚ ਖੁਦ ਆ ਕੇ ਮਾਫੀ ਮੰਗੇ।
ਗਾਣਾ ਹਟਾਉਣਾ/ਬੈਨ: ਉਨ੍ਹਾਂ ਨੇ ਗਾਇਕ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਗਾਣਾ ਤੁਰੰਤ ਡਿਲੀਟ ਕਰਨ ਅਤੇ ਇਸ ਗਾਣੇ ਨੂੰ ਪੂਰਨ ਤੌਰ 'ਤੇ ਬੈਨ ਕਰਨ ਦੀ ਮੰਗ ਕੀਤੀ ਹੈ।
ਚੇਤਾਵਨੀ: ਸਰਪੰਚਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਗਾਇਕ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਉਸ ਖਿਲਾਫ ਪੁਲਿਸ ਕਾਰਵਾਈ ਕਰਵਾਉਣਗੇ ਅਤੇ ਉਸਦੇ ਪ੍ਰੋਗਰਾਮਾਂ ਦਾ ਵਿਰੋਧ ਕਰਨਗੇ।
ਗਾਇਕ ਦੇ ਪਰਿਵਾਰ ਦਾ ਜਵਾਬ:
ਜਦੋਂ ਗਾਇਕ ਦੇ ਪਿੰਡ ਫਰਵਾਹੀ ਦੇ ਸਰਪੰਚ ਜਗਸੀਰ ਸਿੰਘ ਨੇ ਮਾਮਲੇ ਨੂੰ ਸੁਲਝਾਉਣ ਲਈ ਗਾਇਕ ਦੇ ਪਰਿਵਾਰ ਨਾਲ ਗੱਲ ਕੀਤੀ, ਤਾਂ ਗਾਇਕ ਦੀ ਮਾਂ ਨੇ ਕਥਿਤ ਤੌਰ 'ਤੇ ਕਿਹਾ ਕਿ "ਗਾਇਕਾਂ 'ਤੇ ਪਰਚੇ ਹੁੰਦੇ ਹੀ ਰਹਿੰਦੇ ਹਨ, ਨਹੀਂ ਕੋਈ ਲੋੜ"।
ਗਾਇਕ ਦੀ ਮਾਫੀ:
ਦੂਜੇ ਪਾਸੇ, ਗਾਇਕ ਗੁਲਾਬ ਸਿੱਧੂ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਮਾਫੀ ਵੀ ਮੰਗ ਲਈ ਸੀ। ਪਰ ਸਰਪੰਚ ਇਸ ਗੱਲ 'ਤੇ ਅੜੇ ਹੋਏ ਹਨ ਕਿ ਮਾਫੀ ਸਿਰਫ਼ ਇਕੱਠ ਵਿੱਚ ਆ ਕੇ ਹੀ ਮੰਗੀ ਜਾਵੇ।
ਅਗਲੀ ਕਾਰਵਾਈ: ਬਰਨਾਲਾ ਜ਼ਿਲ੍ਹੇ ਦੇ ਸਰਪੰਚਾਂ ਨੇ ਐਲਾਨ ਕੀਤਾ ਹੈ ਕਿ ਗਾਇਕ ਗੁਲਾਬ ਸਿੱਧੂ ਦੇ ਖਿਲਾਫ ਬਰਨਾਲਾ ਵਿੱਚ ਸੋਮਵਾਰ ਨੂੰ ਇੱਕ ਹੋਰ ਵੱਡਾ ਇਕੱਠ ਹੋਵੇਗਾ। ਜੇਕਰ ਇਸ ਮਾਮਲੇ ਕਾਰਨ ਕੋਈ ਲੜਾਈ-ਝਗੜਾ ਜਾਂ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ, ਤਾਂ ਇਸ ਦਾ ਸਿੱਧਾ ਜ਼ਿੰਮੇਵਾਰ ਗਾਇਕ ਗੁਲਾਬ ਸਿੱਧੂ ਹੋਵੇਗਾ।