ਪੰਜਾਬ 'ਚ ਹੜ੍ਹਾਂ ਕਾਰਨ ਭਾਰੀ ਤਬਾਹੀ, ਰੈਸਕਿਊ ਦੌਰਾਨ ਕਿਸ਼ਤੀ ਪਲਟੀ, ਕਈ ਲੋਕ ਡੁੱਬੇ..?
ਚੰਡੀਗੜ੍ਹ, 29 ਅਗਸਤ 2025- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਤਾਜ਼ਾ ਖ਼ਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਰੈਸਕਿਊ ਦੇ ਦੌਰਾਨ ਇੱਕ ਕਿਸ਼ਤੀ ਪਲਟ ਗਈ। ਕਿਸ਼ਤੀ ਦੇ ਪਲਟਣ ਕਾਰਨ ਕਈ ਲੋਕ ਪਾਣੀ ਵਿੱਚ ਡੁੱਬ ਗਏ, ਹਾਲਾਂਕਿ ਮੌਕੇ ਤੇ ਮੌਜੂਦ ਫ਼ੌਜ ਦੇ ਜਵਾਨਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਦੱਸ ਦਈਏ ਕਿ ਇਹ ਘਟਨਾ ਫਿਰੋਜ਼ਪੁਰ ਦੇ ਪਿੰਡ ਕਿਲਚਾ ਦੇ ਝੁੱਗੇ ਲਾਲ ਸਿੰਘ ਵਾਲਾ ਵਿਖੇ ਵਾਪਰੀ। ਫ਼ੌਜ ਦੇ ਜਵਾਨ ਹੜ੍ਹ ਪੀੜ੍ਹਤਾਂ ਨੁੰ ਬਾਹਰ ਕੱਢ ਰਹੇ ਸਨ ਅਤੇ ਰੈਸਕਿਉ ਦੌਰਾਨ ਇਕ ਕਿਸ਼ਤੀ ਵਿੱਚ ਲੋਕਾਂ ਨੂੰ ਬਿਠਾਇਆ ਜਾ ਰਿਹਾ ਸੀ। ਨਿਰਧਾਰਿਤ ਗਿਣਤੀ ਤੋਂ ਵੱਧ ਲੋਕਾਂ ਦੀ ਗਿਣਤੀ ਕਿਸ਼ਤੀ ਵਿੱਚ ਹੋਣ ਕਾਰਨ ਕਿਸ਼ਤੀ ਪਲਟ ਗਈ।
ਜਾਣਕਾਰੀ ਅਨੁਸਾਰ, ਲੋਕਾਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦੋਂਕਿ ਲੋਕਾਂ ਦਾ ਕਾਫੀ ਸਮਾਨ ਪਾਣੀ ਵਿਚ ਰੁੜ੍ਹ ਗਿਆ। ਸਮਾਨ ਰੁੜ੍ਹਦਾ ਦੇਖ ਕੇ ਫੌਜ਼ ਦੇ ਜਵਾਨਾਂ ਨੂੰ ਲੱਗਿਆ ਕਿ ਸ਼ਾਇਦ ਕੁਝ ਬੱਚੇ ਵੀ ਪਾਣੀ ਵਿਚ ਰੁੜ੍ਹ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪਾਣੀ ਵਿੱਚ ਦੂਰ ਤੱਕ ਤੈਰ ਕੇ ਭਾਲ ਕੀਤੀ।