ਜਨਤਕ ਜਥੇਬੰਦੀਆਂ ਵੱਲੋਂ ਕੇਂਦਰੀ ਤੇ ਸੂਬਾਈ ਹਕੂਮਤਾਂ ਦੇ ਜ਼ਬਰ ਖਿਲਾਫ਼ ਰੈਲੀਆਂ ਵਿੱਚ ਸ਼ਾਮਲ ਹੋਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ , 18 ਜੁਲਾਈ 2025 : ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਾਂਝੇ ਥੜਿਆਂ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਅੰਨੇ ਜ਼ਬਰ ਖਿਲਾਫ਼ 25 ਜੁਲਾਈ ਨੂੰ ਸੰਗਰੂਰ ਤੇ 8 ਅਗਸਤ ਨੂੰ ਮੋਗਾ ਵਿਖੇ ਵਿਸ਼ਾਲ ਰੈਲੀਆਂ ਮੁਜ਼ਾਹਰੇ ਕੀਤੇ ਜਾ ਰਹੇ ਹਨ।ਲੋਕ ਮੋਰਚਾ ਪੰਜਾਬ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਹਨਾਂ ਪ੍ਰੋਗਰਾਮਾਂ ਵਿੱਚ ਵੱਧੋ ਵੱਧ ਸ਼ਾਮਿਲ ਹੋਣ। ਆਗੂਆਂ ਨੇ ਕਿਹਾ ਕਿ ਜਿੱਥੇ ਭਾਜਪਾ ਦੀ ਕੇਂਦਰੀ ਹਕੂਮਤ, ਜੰਗਲ ਤੇ ਖਣਿਜ ਦੇਸੀ ਤੇ ਵਿਦੇਸ਼ੀ ਵੱਡੇ ਕਾਰਪੋਰੇਟਾਂ ਨੂੰ ਸੌਂਪਣ ਦਾ ਵਿਰੋਧ ਕਰਦੇ ਆਦਿਵਾਸੀਆਂ ਦੇ ਖੂਨ ਦੀ ਹੋਲੀ ਖੇਡ ਰਹੀ ਹੈ। ਉਥੇ ਆਪ ਪਾਰਟੀ ਦੀ ਸੂਬਾਈ ਹਕੂਮਤ ਪੰਚਾਇਤੀ ਜਮੀਨਾਂ ਦੇ ਤੀਜੇ ਹਿੱਸੇ ਦੀ ਪ੍ਰਾਪਤੀ ਲਈ ਜੂਝਦੇ ਖੇਤ ਮਜ਼ਦੂਰਾਂ ਉੱਪਰ ਪੁਲਸੀਆ ਜ਼ਬਰ ਢਾਅ ਰਹੀ ਹੈ।
ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਪ੍ਰੈਸ ਨੂੰ ਭੇਜੇ ਬਿਆਨ ਵਿੱਚ ਕਿਹਾ ਹੈ ਕਿ ਇਹਨਾਂ ਪ੍ਰੋਗਰਾਮਾਂ ਲਈ ਲਾਮਬੰਦੀ ਕਰਦਿਆਂ ਇਹਨਾਂ ਥੜਿਆਂ ਵੱਲੋਂ ਉਠਾਈਆਂ ਹੱਕੀ ਤੇ ਵਾਜਬ ਮੰਗਾਂ, ਆਦਿਵਾਸੀ ਖੇਤਰਾਂ 'ਚ "ਅਪਰੇਸ਼ਨ ਕਗਾਰ" ਸਮੇਤ ਹਰ ਤਰ੍ਹਾਂ ਦੇ ਫ਼ੌਜੀ ਅਪਰੇਸ਼ਨ ਬੰਦ ਕੀਤੇ ਜਾਣ, ਝੂਠੇ ਪੁਲਿਸ ਮੁਕਾਬਲੇ ਤੇ ਹਰ ਤਰ੍ਹਾਂ ਦੇ ਜਬਰ ਦੇ ਕਦਮ ਫੌਰੀ ਰੋਕੇ ਜਾਣ, ਇਹਨਾਂ ਇਲਾਕਿਆਂ ਚੋਂ ਸਾਰੇ ਪੁਲਿਸ ਕੈਂਪਾਂ ਨੂੰ ਹਟਾਇਆ ਜਾਵੇ, ਪੁਲਿਸ ਤੇ ਸਾਰੇ ਅਰਧ ਸੈਨਿਕ ਬਲਾਂ ਨੂੰ ਵਾਪਸ ਬੁਲਾਇਆ ਜਾਵੇ, ਜਲ਼ ਜੰਗਲ ,ਜ਼ਮੀਨਾਂ ਤੇ ਖਣਿਜ ਭੰਡਾਰ ਕਾਰਪੋਰੇਟਾਂ ਨੂੰ ਲੁਟਾਉਣੇ ਬੰਦ ਕੀਤੇ ਜਾਣ, ਆਦਿਵਾਸੀ ਕਿਸਾਨ ਲਹਿਰ ਦੇ ਟਾਕਰੇ ਖ਼ਿਲਾਫ਼ ਡਰੋਨਾਂ ਤੇ ਹੈਲੀਕਾਪਟਰਾਂ ਰਾਹੀਂ ਬੰਬਾਰੀ ਬੰਦ ਕੀਤੀ ਜਾਏ, ਯੂ.ਏ.ਪੀ.ਏ., ਅਫਸਪਾ ਤੇ ਐਨ.ਐਸ.ਏ. ਵਰਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ , ਕੌਮੀ ਜਾਂਚ ਏਜੰਸੀ ਨੂੰ ਭੰਗ ਕੀਤਾ ਜਾਵੇ, ਲੋਕਾਂ ਦੀਆਂ ਜਥੇਬੰਦੀਆਂ ਅਤੇ ਸੰਘਰਸ਼ਾਂ 'ਤੇ ਲਾਈਆਂ ਪਾਬੰਦੀਆਂ ਖਤਮ ਕੀਤੀਆਂ ਜਾਣ , ਗ੍ਰਿਫ਼ਤਾਰ ਕੀਤੇ ਗਏ ਜਮਹੂਰੀ ਹੱਕਾਂ ਦੇ ਕਾਰਕੁੰਨ ਰਿਹਾਅ ਕੀਤੇ ਜਾਣ ਤੇ ਸੰਘਰਸ਼ ਕਰਨ ਦੇ ਅਧਿਕਾਰ ਦੀ ਜ਼ਾਮਨੀ ਕੀਤੀ ਜਾਵੇ, ਨੂੰ ਉਭਾਰੇਗਾ ਅਤੇ ਹਕੂਮਤੀ ਜਬਰ ਖਿਲਾਫ ਆਵਾਜ਼ ਬੁਲੰਦ ਕਰਨ ਦੇ ਹੱਕ ਨੂੰ ਉਚਿਆਏਗਾ। ਲੋਕ ਮੋਰਚਾ ਇਹ ਗੱਲ ਵੀ ਉਭਾਰੇਗਾ ਕਿ ਭਾਰਤੀ ਹਾਕਮ ਲੋਕਾਂ ਅਤੇ ਦੇਸ਼ ਨਾਲ ਧ੍ਰੋਹ ਕਮਾ ਕੇ ਜੰਗਲ ਤੇ ਉਹਨਾਂ ਹੇਠਲੇ ਖਣਿਜਾਂ ਨੂੰ ਵੱਡੀਆਂ ਸਾਮਰਾਜੀ ਕੰਪਨੀਆਂ ਦੀ ਝੋਲੀ ਪਾ ਰਹੇ ਹਨ ਤੇ ਆਦਿਵਾਸੀ ਇਸ ਦਾ ਵਿਰੋਧ ਕਰਦੇ ਹਨ।ਇਸ ਵਿਰੋਧ ਕਰਕੇ ਹੀ ਇਹ ਆਦਿਵਾਸੀ ਜਬਰ ਦਾ ਮੁੱਖ ਨਿਸ਼ਾਨਾ ਬਣਾਏ ਜਾ ਰਹੇ ਹਨ।ਆਦਿਵਾਸੀਆਂ ਦੇ ਪਿੰਡਾਂ ਨੂੰ ਬੇਦਰੇਗ ਉਜਾੜਿਆ ਜਾ ਰਿਹਾ ਹੈ ਅਤੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਗੋਲੀਆਂ ਮਾਰੀਆਂ ਜਾ ਰਹੀਆਂ ਹਨ।ਇਹ ਨੰਗਾ ਚਿੱਟਾ ਨਸਲਘਾਤ ਹੈ। ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਦੇ ਹਿੱਤਾਂ ਦਾ ਹੱਲਾ ਹੈ।ਇਸ ਦੋ ਧਾਰੀ ਹੱਲੇ , ਇੱਕ, ਲੋਕਾਂ ਦੇ ਆਰਥਿਕ ਵਸੀਲੇ ਲੁੱਟਣਾ ਤੇ ਦੂਜਾ ਇਸ ਲੁੱਟ ਨੂੰ ਰੋਕਣ ਲਈ ਲੜਦੇ ਲੋਕਾਂ ਦੀ ਲਹਿਰ ਨੂੰ ਕੁਚਲਣਾ ਦੇ ਖਿਲਾਫ਼ ਪੰਜਾਬ ਵਿੱਚੋਂ ਉੱਠੀ ਇਹ ਸਾਂਝੀ ਆਵਾਜ਼ ਸਲਾਹੁਣਯੋਗ ਕਦਮ ਹੈ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮੋਰਚਾ ਖੁਦ ਇਹ ਗੱਲ ਉਭਾਰ ਰਿਹਾ ਹੈ ਕਿ ਵੱਡੇ ਜਾਗੀਰਦਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਕੇ ਖੇਤ ਮਜ਼ਦੂਰਾਂ,ਬੇ ਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਨੂੰ ਮਿਲਣੀਆਂ ਚਾਹੀਦੀਆਂ ਹਨ।ਖੇਤ ਮਜ਼ਦੂਰਾਂ ਵੱਲੋਂ ਕੀਤੀ ਜਾ ਰਹੀ ਜਮੀਨ ਦੀ ਮੰਗ ਨੂੰ ਹੱਕੀ ਤੇ ਵਾਜਬ ਦੱਸਦਿਆਂ ਉਹਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਕੁਚਲਣ ਦੇ ਮਨਸੂਬੇ ਪਾਲ ਰਹੀ ਪੰਜਾਬ ਸਰਕਾਰ ਦੇ ਜਾਬਰ ਸਾਰੇ ਕਦਮਾਂ ਦਾ ਵਿਰੋਧ ਕਰਦਾ ਹੈ।ਖੇਤ ਮਜ਼ਦੂਰ ਜਥੇਬੰਦੀ ਦੇ ਗ੍ਰਿਫਤਾਰ ਕੀਤੇ ਆਗੂਆਂ ਤੇ ਵਰਕਰਾਂ ਨੂੰ ਰਿਹਾ ਕਰਨ, ਪੁਲਸ ਪਰਚੇ ਰੱਦ ਕਰਨ ਦੀ ਮੰਗ ਦੇ ਹੱਕ ਵਿੱਚ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਵੇਗਾ।