Babushahi Special: ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਯਤਨਾਂ ਸਦਕਾ ਮਘਿਆ ਕੰਮੀਆਂ ਦੇ ਵਿਹੜੇ ਸਿੱਖਿਆ ਦਾ ਸੁਨਹਿਰੀ ਸੂਰਜ
ਅਸ਼ੋਕ ਵਰਮਾ
ਬਠਿੰਡਾ,26 ਜੂਨ 2025 : ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਦੀ ਪ੍ਰਭਜੋਤ ਕੌਰ ਲਈ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਸੋਨੇ ਤੇ ਸੁਹਾਗਾ ਬਣੀ ਹੈ। ਪੜ੍ਹਾਈ ਦੀ ਦੌੜ ’ਚ ਪ੍ਰਭਜੋਤ ਅੱਵਲ ਰਹੀ ਪਰ ਜਦੋਂ ਗ਼ੁਰਬਤ ਅੜਿੱਕਾ ਬਣਕੇ ਖੜ੍ਹੀ ਤਾਂ ਰਿਫਾਇਨਰੀ ਬਾਂਹ ਫੜ੍ਹਨ ਲੱਈ ਅੱਗੇ ਆਈ ਹੈ। ਐਚਪੀਸੀਐਲ–ਮਿੱਤਲ ਐਨਰਜੀ ਲਿਮਿਟਡ (ਐਚਐਮਈਐਲ) ਦੇ ਏਸ਼ੀਆ ਵਿਚਲੇ ਸਭ ਤੋਂ ਵੱਡੇ ਪ੍ਰਜੈਕਟ ਬਠਿੰਡਾ ਰਿਫਾਇਨਰੀ ਵੱਲੋਂ ਸਮਾਜਿਕ ਅਤੇ ਆਰਥਿਕ ਤੌਰ ’ਤੇ ਪਿਛੜੇ ਪ੍ਰੀਵਾਰਾਂ ਦੇ ਬੱਚਿਆਂ ਨੂੰ ਆਈਆਈਟੀ ਅਤੇ ਐਨਆਈਟੀ ਵਰਗੀਆਂ ਉੱਚ ਤਕਨੀਕੀ ਸੰਸਥਾਵਾਂ ਤੱਕ ਪੁਜਦਾ ਕਰਨ ਲਈ ਸੈਂਟਰ ਫਾਰ ਸੋਸ਼ਲ ਰਿਸਪਾਂਸਬਿਲਟੀ ਐਂਡ ਲੀਡਰਸ਼ਿਪ ਦਿੱਲੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਨੈਸ਼ਨਲ ਸੁਪਰ 100 ਪ੍ਰੋਗਰਾਮ ਹੁਣ ਵਰਦਾਨ ਬਣਨ ਲੱਗਿਆ ਹੈ। ਇਕੱਲੇ ਬਠਿੰਡਾ ਹੀ ਨਹੀਂ ਬਲਕਿ ਪੂਰੇ ਮਾਲਵਾ ਪੱਟੀ ਵਿਚਲੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀ ਐਚਐਮਈਐਲ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮੁਫ਼ਤ ਕੋਚਿੰਗ ਰਾਹੀਂ ਜੇਈਈ ਐਡਵਾਂਸਡ ਪਾਸ ਕਰਨ ਉਪਰੰਤ ਆਈਆਈਟੀ ਤੇ ਐਨਆਈਟੀ ਵਿੱਚ ਦਾਖਲਾ ਲੈ ਕੇ ਇੰਜੀਨੀਅਰ ਬਣਨ ਦਾ ਸੁਪਨਾ ਸਾਕਾਰ ਕੀਤਾ ਜਾ ਰਿਹਾ ਹੈ।

ਪ੍ਰਭਜੋਤ ਦੱਸਦੀ ਹੈ ਕਿ ਬਚਪਨ ਤੋਂ ਉਸਦਾ ਸੁਫਨਾ ਪਾਇਲਟ ਬਣਨ ਦਾ ਸੀ ਪਰ ਗਰੀਬੀ ਆੜੇ ਆ ਰਹੀ ਸੀ। ਮੈਰੀਟੋਰੀਅਸ ਦੀ ਸਿੱਖਿਆ ਦੌਰਾਨ ਉਸ ਨੇ ਨੈਸ਼ਨਲ ਸੁਪਰ ਸੌ ਟੈਸਟ ਵਿੱਚ ਭਾਗ ਲਿਆ ਸੀ ਜਿੱਥੇ ਉਸ ਦੀ ਸਫਲਤਾ ਦੇ ਰਾਹ ਖੁੱਲ੍ਹੇ ਹਨ। ਜੇਈਈ ਐਡਵਾਂਸਡ ’ਚ ਸਫਲ ਰਹੀ ਇਹ ਲੜਕੀ ਆਈਆਈਟੀ ਖੜਗਪੁਰ ਵਿਖੇ ਪਹਿਲੀ ਕਾਊਂਸÇਲੰਗ ਦੌਰਾਨ ਦਾਖਲਾ ਲੈਣ ’ਚ ਸਫਲ ਰਹੀ ਹੈ। ਪ੍ਰਭਜੋਤ ਆਖਦੀ ਹੈ ਕਿ ਉਹ ਆਪਣੇ ਪਿੰਡ ਦੀ ਪਹਿਲੀ ਕੁੜੀ ਹੈ ਜਿਸ ਨੂੰ ਆਈਆਈਟੀ ਵਿੱਚ ਦਾਖਲਾ ਮਿਲਿਆ ਹੈ। ਇਸ ਤੋਂ ਪਹਿਲਾਂ ਪ੍ਰਭਜੋਤ ਕੌਰ ਨੂੰ ਆਪਣੀ ਪੜ੍ਹਾਈ ਲਈ ਖੇਤਾਂ ’ਚ ਝੋਨਾ ਵੀ ਲਾਉਣਾ ਪਿਆ ਹੈ। ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੀ ਇਸ ਲੜਕੀ ਨੇ ਬਾਰ੍ਹਵੀਂ ’ਚੋਂ 93 ਫ਼ੀਸਦੀ ਅੰਕ ਹਾਸਲ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਲੜਕੀ ਨੂੰ ਸ਼ਾਬਾਸ਼ ਦਿੱਤੀ ਹੈ ਅਤੇ ਸਨਮਾਨ ਵੀ ਦਿੱਤਾ ਹੈ। ਹਾਲਾਂਕਿ ਇਸ ਬੱਚੀ ਦਾ ਸਿਰਨਾਵਾਂ ‘ਕੰਮੀਆਂ ਦਾ ਵਿਹੜਾ’ ਹੈ ਪਰ ਉਹ ਬੁਲੰਦੀਆਂ ਛੋਹਣ ਲਈ ਏਵੀਏਸ਼ਨ ਇੰਜਨੀਅਰ ਬਣਨ ਦੀ ਚਾਹਵਾਨ ਹੈ।
ਮੁਕਤਸਰ ਜਿਲ੍ਹੇ ਦੇ ਪਿੰਡ ਸਾਰਾਏਨਾਗਾ ਦੇ ਮਜ਼ਦੂਰ ਕੁਲਵੰਤ ਸਿੰਘ ਦਾ ਪੁੱਤਰ ਅਰਜਨਵੀਰ ਸਿੰਘ ਵੀ ਆਈਆਈਟੀ ਖੜਗਪੁਰ ਵਿੱਚ ਦਾਖਲਾ ਲੈਣ ਵਾਲਿਆਂ ’ਚ ਸ਼ਾਮਲ ਹੈ। ਅਰਜਨਵੀਰ ਸਿੰਘ ਅਨੁਸਾਰ ਪ੍ਰੀਵਾਰ ਕੋਲ ਫੀਸ ਲਈ 1500 ਰੁਪਏ ਵੀ ਨਹੀਂ ਸਨ। ਮੈਰਿਟੋਰਿਅਸ ਸਕੂਲ ‘ਚ ਪੜ੍ਹਦਿਆਂ ਹੀ ਉਸ ਨੇ ਟੈਸਟ ਵਿਚ ਭਾਗ ਲਿਆ ਸੀ। ਜੂਨ 2024 ਵਿੱਚ ਉਸ ਦੀ ਚੋਣ ਹੋ ਗਈ ਜਿਸ ਪਿੱਛੋਂ ਐਚਐਮਈਐਲ ਨੇ ਉਸ ਨੂੰ ਮਹੀਨੇ ਦੀ ਕੋਚਿੰਗ ਲਈ ਦਿੱਲੀ ਭੇਜਿਆ ਸੀ। ਉਸ ਨੂੰ ਵੀ ਪ੍ਰਭਜੋਤ ਵਾਂਗ ਪਿੰਡ ਵਿੱਚ ਪਹਿਲਾ ਆਈਆਈਟੀ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੈ। ਰਿਫਾਇਨਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਤੋਂ ਚੁਣੇ ਗਏ ਵਿਦਿਆਰਥੀਆਂ ਚੋਂ ਲੜਕੀ ਖੁਸ਼ੀ ਨੂੰ ਆਈਆਈਟੀ ਗੁਹਾਟੀ ਵਿੱਚ ਸਿਵਲ ਇੰਜੀਨੀਅਰਿੰਗ, ਪਵਨਦੀਪ, ਸਾਹਿਲ ਤੇ ਹਰਪ੍ਰੀਤ ਨੂੰ ਐਨਆਈਟੀ ਜਲੰਧਰ ਵਿਖੇ ਮਕੈਨਿਕਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਦਾਖਲਾ ਮਿਲਿਆ ਹੈ। ਸੈਸ਼ਨ 2025-26 ਲਈ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅੱਠ ਹੋਰ ਵਿਦਿਆਰਥੀਆਂ ਦੀ ਚੋਣ ਹੋਈ ਹੈ ਜਿੰਨ੍ਹਾਂ ਨੂੰ ਐਚਐਮਈਐਲ ਜਲਦੀ ਹੀ ਕੋਚਿੰਗ ਲਈ ਦਿੱਲੀ ਭੇਜਿਆ ਜਾਣਾ ਹੈ।
ਰਾਹ ਦਸੇਰਾ ਬਣੇ ਇਹ ਬੱਚੇ: ਡਾ.ਕੋਟਫੱਤਾ
ਸਾਬਕਾ ਜਿਲ੍ਹਾ ਸਿੱਖਿਆ ਅਫਸਰ ਬਠਿੰਡਾ ਡਾਕਟਰ ਅਮਰਜੀਤ ਕੌਰ ਕੋਟਫੱਤਾ ਆਖਦੇ ਹਨ ਹੈ ਕਿ ਲੜਕੀ ਦਾ ਕੰਮ ਇਕੱਲਾ ਘਰ ਵਸਾਉਣਾ ਨਹੀਂ ਹੁੰਦਾ ਬਲਕਿ ਕੁੱਝ ਕਰਕੇ ਦਿਖਾਉਣ ਦੀ ਭਾਵਨਾ ਹੋਣੀ ਚਾਹੀਦੀ ਹੈ ਜੋ ਪ੍ਰਭਜੋਤ ਕੌਰ ਨੇ ਆਪਣੀ ਹਿੰਮਤ ਤੇ ਮਿਹਨਤ ਸਦਕਾ ਦਿਖਾਈ ਹੈ। ਉਨ੍ਹਾਂ ਆਖਿਆ ਕਿ ਪ੍ਰਭਜੋਤ ਦੇ ਰਾਹ ਖੋਹਲਣ ਨਾਲ ਨਵੀਂ ਪੀੜ੍ਹੀ ਖਾਸ ਤੌਰ ਤੇ ਲੜਕੀਆਂ ਨੂੰ ਚੰਗਾ ਰਾਹ ਦਿਖੇਗਾ। ਉਨ੍ਹਾਂ ਕਿਹਾ ਕਿ ਇਸੇ ਤਰਾਂ ਇੱਕ ਸਧਾਰਨ ਮਜ਼ਦੂਰ ਪ੍ਰੀਵਾਰ ਦੇ ਲੜਕੇ ਅਰਜੁਨਵੀਰ ਅਤੇ ਹੋਰਨਾਂ ਬੱਚਿਆਂ ਨੇ ਜੋ ਸਫਲਤਾ ਹਾਸਲ ਕੀਤੀ ਹੈ ਉਹ ਬਾਕੀ ਬੱਚਿਆਂ ਲਈ ਰਾਹ ਦਸੇਰਾ ਬਣਨ ਜਾ ਰਹੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਹਾਇਤਾ ਪ੍ਰਤੀ ਰਿਫਾਇਨਰੀ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਡਾਕਟਰ ਕੋਟਫੱਤਾ ਨੇ ਸਮੂਹ ਬੱਚਿਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਅਤੇ ਸਭਨਾਂ ਨੂੰ ਸਫਲਤਾ ਪ੍ਰਤੀ ਸ਼ੁਭਕਾਮਨਾਵਾਂ ਦਿੱਤੀਆਂ ਹਨ।