Canada: ਗੁਲਾਟੀ ਪਬਲਿਸ਼ਰਜ਼ ਵੱਲੋਂ ਐਬਸਫੋਰਡ ਵਿਖੇ ਪੁਸਤਕ ਪ੍ਰਦਰਸ਼ਨੀ ਲਾਈ ਗਈ
ਹਰਦਮ ਮਾਨ
ਸਰੀ, 30 ਮਈ 2025-ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨੀਂ ਐਬਸਫੋਰਡ ਵਿਖੇ ‘ਵਿਰਸੇ ਦੇ ਸ਼ੌਕੀਨ’ ਮੇਲੇ ਵਿਚ ਪੁਸਤਕ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਪੰਜਾਬੀ ਪਿਆਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਪੁਸਤਕ ਸਟਾਲ ਉਪਰ ਪਹੁੰਚ ਕੇ ਐਬਸਫੋਰਡ-ਲੈਂਗਲੀ ਦੇ ਨੌਜਵਾਨ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਅਤੇ ਐਮ.ਐਲ.ਏ. ਹਰਮਨ ਭੰਗੂ ਨੇ ਗੁਲਾਟੀ ਪਬਲਿਸ਼ਰਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸਰੀ ਤੋਂ ਆਏ ਵੈਨਕੂਵਰ ਵਿਚਾਰ ਮੰਚ ਦੇ ਆਗੂ ਤੇ ਉੱਘੇ ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗੁਲਾਟੀ ਪਬਲਿਸ਼ਰਜ਼ ਵੱਲੋਂ ਮੇਲਿਆਂ, ਨਗਰ ਕੀਰਤਨਾਂ ਅਤੇ ਹੋਰ ਮੌਕਿਆਂ ‘ਤੇ ਪੰਜਾਬੀਆਂ ਨੂੰ ਆਪਣੀ ਬੋਲੀ, ਸਾਹਿਤ, ਸਮਾਜ, ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਲਈ ਕਿਤਾਬਾਂ ਦਾ ਤੋਹਫਾ ਉਹਨਾਂ ਦੇ ਘਰਾਂ ਤੱਕ ਪੁਚਾਉਣ ਦਾ ਮਹੱਤਵਪੂਰਨ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਮਹਾਨ ਵਿਰਸੇ ਨਾਲ ਜੁੜਨ ਲਈ ਕਿਤਾਬਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣ। ਪੁਸਤਕ ਸਟਾਲ ‘ਤੇ ਆ ਕੇ ਅੰਗਰੇਜ਼ ਬਰਾੜ, ਨਵਰੂਪ ਸਿੰਘ, ਪਵਨ ਗਿੱਲਾਂਵਾਲਾ, ਸੁਖਚੈਲ ਬਰਗਾੜੀ, ਤਰਲੋਚਨ ਤਰਨਤਾਰਨ, ਰਾਕੇਸ਼ ਬਾਂਸਲ ਜੈਤੋ, ਪੱਤਰਕਾਰ ਮਹੇਸ਼ਇੰਦਰ ਮਾਂਗਟ ਅਤੇ ਜਸਦੀਪ ਸਿੱਧੂ ਨੇ ਮੇਲੇ ਦੇ ਸ਼ੌਕੀਨਾਂ ਨੂੰ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਆ।