ਗੁਰਦਾਸਪੁਰ-ਮੁਕੇਰੀਆ ਰੇਲਵੇ ਲਾਈਨ ਦੀ ਮੰਗ ਪੂਰੀ ਹੋਣ ਨਾਲ ਖੁਸ਼ੀ ਦੀ ਲਹਿਰ
ਵਧੇਗਾ ਵਪਾਰ ਕਿਸਾਨਾਂ ਨੂੰ ਵੀ ਪਹੁੰਚੇਗਾ ਫਾਇਦਾ
ਲੰਬੇ ਅਰਸੇ ਤੋਂ ਚੈਂਬਰ ਆਫ ਕਮਰਸ ਚੁਕਦਾ ਆ ਰਿਹਾ ਸੀ ਰੇਲਵੇ ਲਾਈਨ ਪਾਉਣ ਦੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੇ ਦਿਨ ਰੇਲਵੇ ਮੰਤਰਾਲੇ ਵੱਲੋਂ ਗੁਰਦਾਸਪੁਰ ਮੁਕੇਰੀਆਂ ਰੇਲਵੇ ਲਾਈਨ ਦੇ ਅੰਤਿਮ ਭੂਮੀ ਸਰਵੇ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ਦੇ ਲਈ 75 ਲੱਖ ਰੁਪਏ ਮਨਜ਼ੂਰ ਕਰ ਲਏ ਗਏ ਹਨ। ਬੀਤੇ ਦਿਨ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਰਵਨੀਤ ਬਿੱਟੂ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਜਿਸ ਨਾਲ ਸ਼ਹਿਰ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ । ਦੱਸ ਦਈਏ ਕਿ ਲੰਬੇ ਅਰਸੇ ਤੋਂ ਇਹ ਮੰਗ ਚੈਂਬਰ ਆਫ ਕਮਰਸ ਜੋ ਨਰੋਲ ਵਪਾਰੀਆਂ ਦਾ ਅਦਾਰਾ ਹੈ, ਚੁੱਕਦਾ ਆ ਰਿਹਾ ਹੈ ਤੇ ਕੱਲ ਜਿਸ ਵੇਲੇ ਇਸ ਮਨਜ਼ੂਰੀ ਦੀ ਔਪਚਾਰਿਕ ਘੋਸ਼ਣਾ ਕੀਤੀ ਗਈ, ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ । ਅੱਜ ਸਵੇਰੇ ਉਹਨਾਂ ਵੱਲੋਂ ਰੇਲਵੇ ਸਟੇਸ਼ਨ ਸਟੇਸ਼ਨ ਮਾਸਟਰ ਤੇ ਯਾਤਰੀਆਂ ਨੂੰ ਲੱਡੂ ਵੰਡ ਕੇ ਆਪਣੀ ਖੁਸ਼ੀ ਜਤਾਈ ਗਈ। ਚੈਂਬਰ ਆਫ ਕਮਰਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਕਿਲੋਮੀਟਰ ਦੀ ਗੁਰਦਾਸਪੁਰ ਮੁਕੇਰੀਆਂ ਰੇਲਵੇ ਲਾਈਨ ਬਣਨ ਨਾਲ ਨਾ ਸਿਰਫ ਅੰਬਾਲਾ ਦਿੱਲੀ ਰੂਟ ਦਾ ਰਸਤਾ ਘਟੇਗਾ ਬਲਕਿ ਵਪਾਰੀਆਂ ,ਕਿਸਾਨਾਂ ਅਤੇ ਫੌਜ ਨੂੰ ਵੀ ਫਾਇਦਾ ਹੋਵੇਗਾ ।
ਚੈਂਬਰ ਆਫ ਕਮਰਸ ਦੇ ਚੇਅਰਮੈਨ ਅਨੂ ਗੰਡੋਤਰਾ ਤੇ ਪ੍ਰਧਾਨ ਵਿਕਾਸ ਮਹਾਜਨ ਨੇ ਦੱਸਿਆ ਕਿ ਚੈਂਬਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਮੰਤਰੀਆਂ ਦੇ ਗੁਰਦਾਸਪੁਰ ਦੌਰੇ ਦੌਰਾਨ ਇਹ ਮੰਗ ਰੱਖੀ ਗਈ ਸੀ ਕਿ ਗੁਰਦਾਸਪੁਰ ਮੁਕੇਰੀਆਂ ਲਾਈਨ ਬਣਾਈ ਜਾਏ ਤਾਂ ਜੋ ਵਪਾਰ ਅਤੇ ਕਿਸਾਨਾਂ ਲਈ ਨਵੇਂ ਰਸਤੇ ਖੁੱਲ ਸਕਣ । ਤਤਕਾਲੀ ਮੰਤਰੀ ਪਵਨ ਬੰਸਲ ਅਤੇ ਅਸ਼ਵਨੀ ਕੁਮਾਰ ਤੋਂ ਬਾਅਦ ਗੁਰਦਾਸਪੁਰ ਦੇ ਐਮਪੀ ਸਨੀ ਦਿਓਲ ਤੇ ਮਾਧਿਅਮ ਰਾਹੀ ਇਹ ਮੰਗ ਕੇਂਦਰ ਸਰਕਾਰ ਤੱਕ ਪਹੁੰਚਾਈ ਗਈ ਪਰ ਉਹਨਾਂ ਦੀਆਂ ਕੋਸ਼ਿਸ਼ਾਂ ਸਿਰੇ ਨਹੀਂ ਚੜੀਆਂ । ਉਸ ਤੋਂ ਬਾਅਦ ਜਦੋਂ ਭਾਜਪਾ ਸਰਕਾਰ ਦੇ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਅਰਜੁਨ ਮੇਘਵਾਲ ਗੁਰਦਾਸਪੁਰ ਦੌਰੇ ਤੇ ਆਏ ਅਤੇ ਉਹਨਾਂ ਵੱਲੋਂ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ ਤਾਂ ਚੈਂਬਰ ਆਫ ਕਮਰਸ ਵੱਲੋਂ ਲਿਖਤ ਰੂਪ ਵਿੱਚ ਆਪਣੀਆਂ ਮੰਗਾਂ ਤੋ ਜਾਨੂ ਕਰਵਾਇਆ ਗਿਆ ਜਿਨਾਂ ਵਿੱਚ ਇੱਕ ਮੰਗ ਗੁਰਦਾਸਪੁਰ ਮੁਕੇਰੀਆਂ ਰੇਲਵੇ ਲਾਈਨ ਪਾਉਣਾ ਵੀ ਸੀ । ਕੇਂਦਰੀ ਮੰਤਰੀ ਅਰਜੁਨ ਮੇਘਵਾਲ ਵੱਲੋਂ ਇਸ ਮੰਗ ਤੇ ਗੌਰ ਕੀਤਾ ਗਿਆ ਤੇ ਤੁਰੰਤ ਵਾਪਸ ਜਾ ਕੇ ਤਿੰਨ ਸਾਲ ਪਹਿਲਾਂ ਰੇਲਵੇ ਮੰਤਰਾਲੇ ਨੂੰ ਗੁਰਦਾਸਪੁਰੀਆਂ ਦੀ ਇਸ ਮੰਗ ਤੋਂ ਜਾਣੂ ਕਰਵਾਇਆ ਗਿਆ । ਜਿਸ ਤੇ ਰੇਲ ਮੰਤਰੀ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਰੇਲਵੇ ਵੱਲੋਂ ਚੈਂਬਰ ਆਫ ਕਮਰਸ ਨੂੰ ਇਸ ਬਾਰੇ ਸੂਚਿਤ ਵੀ ਕੀਤਾ ਗਿਆ ਸੀ। ਹੁਣ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਤੇ ਇਸਦੇ ਫਾਈਨਲ ਸਰਵੇ ਕਰਨ ਲਈ 75 ਲੱਖ ਰੁਪਏ ਰੇਲ ਮੰਤਰਾਲੇ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਨੂੰ ਉਮੀਦ ਹੈ ਕਿ ਜਲਦੀ ਹੀ ਇਹ ਯੋਜਨਾ ਸ਼ੁਰੂ ਵੀ ਹੋ ਜਾਵੇਗੀ। ਉਹਨਾਂ ਦੱਸਿਆ ਕਿ ਗੁਰਦਾਸਪੁਰ ਮੁਕੇਰੀਆਂ ਰੇਲਵੇ ਲਾਈਨ ਪੈਣ ਨਾਲ ਨਾ ਸਿਰਫ ਦਿੱਲੀ ਵਰਗੇ ਸ਼ਹਿਰਾਂ ਵਿੱਚ ਜਾਣ ਲਈ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ ਬਲਕਿ ਵਪਾਰੀਆਂ ਅਤੇ ਕਿਸਾਨਾਂ ਨੂੰ ਵੀ ਵੱਡਾ ਲਾਭ ਮਿਲੇਗਾ । ਇਸ ਦੇ ਨਾਲ ਤਿਬੜੀ ਕੈਂਟ ਤੋਂ ਭਾਰਤੀ ਫੌਜ ਨੂੰ ਵੀ ਇਧਰ ਉਧਰ ਜਾਣ ਲਈ ਇੱਕ ਸੌਖਾ ਅਤੇ ਸੁਰੱਖਿਅਤ ਰਾਹ ਮਿਲੇਗਾ ।