ਹਰਜੋਤ ਸਿੰਘ ਬੈਂਸ ਨੇ ਲਿਆ ਭਾਸ਼ਾ ਵਿਭਾਗ ਦੀ ਕਾਰਗੁਜ਼ਾਰੀ ਦਾ ਜਾਇਜ਼ਾ
ਭਾਸ਼ਾ ਵਿਭਾਗ ਦੀਆਂ ਲੋੜਾਂ ਸਬੰਧੀ ਹੋਰਨਾਂ ਵਿਭਾਗਾਂ ਤੋਂ ਜਲਦੀ ਰਿਪੋਰਟ ਲੈਣ ਦਾ ਦਿੱਤਾ ਭਰੋਸਾ
ਪਟਿਆਲਾ 24 ਮਈ:
ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਭਾਸ਼ਾ ਵਿਭਾਗ ਪੰਜਾਬ ਦੀ ਕਾਰਗੁਜ਼ਾਰੀ ਦਾ ਡਾਇਰੈਕਟਰ ਭਾਸ਼ਾ ਵਿਭਾਗ ਸ. ਜਸਵੰਤ ਸਿੰਘ ਜ਼ਫ਼ਰ ਨਾਲ ਕੀਤੀ ਮੀਟਿੰਗ ਦੌਰਾਨ ਜਾਇਜ਼ਾ ਲਿਆ। ਸ. ਬੈਂਸ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੱਡਮੁੱਲੀਆਂ ਕਿਤਾਬਾਂ ਦੀ ਡਿਜ਼ੀਟਾਈਜੇਸ਼ਨ ਦੇ ਕਾਰਜ ਦੀ ਸਮੀਖਿਆ ਕੀਤੀ। ਇਸ ਕਾਰਜ ਨੂੰ ਦੁਰਲੱਭ ਤੇ ਵੱਡਮੁੱਲੀਆਂ ਪੁਸਤਕਾਂ ਦੀ ਸੰਭਾਲ ਅਤੇ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਤੱਕ ਪਹੁੰਚਾਉਣ ਵਾਲਾ ਉੱਦਮ ਕਰਾਰ ਦਿੱਤਾ। ਇਸ ਤੋਂ ਇਲਾਵਾ ਵਿਭਾਗ ਵੱਲੋਂ ਵੈੱਬਸਾਈਟ ਜਰੀਏ ਈ-ਪੁਸਤਕਾਂ, ਆਡੀਓ ਪੁਸਤਕਾਂ ਤੇ ਸ਼ਬਦ ਕੋਸ਼ਾਂ ਦੇ ਰੂਪ ’ਚ ਪੰਜਾਬੀ ਪ੍ਰੇਮੀਆਂ ਨੂੰ ਮਿਆਰੀ ਪੜ੍ਹਨ ਸਮੱਗਰੀ ਮੁਹੱਈਆ ਕਰਵਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਰਾਜ ਭਾਸ਼ਾ ਐਕਟ ਤਹਿਤ ਉੱਚ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਵਿਭਾਗ ਵੱਲੋਂ ਆਰੰਭੀ ਗਈ ਮੁਹਿੰਮ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ’ਚ ਮਜ਼ਬੂਤ/ਸਥਾਪਤ ਕਰਨ ਲਈ ਲਗਾਈਆਂ ਜਾ ਰਹੀਆਂ ਵਰਕਸ਼ਾਪਾਂ ਅਤੇ ਤਕਨੀਕੀ ਸਰਗਰਮੀਆਂ ਜਾਰੀ ਰੱਖਣ ਲਈ ਕਿਹਾ। ਸ. ਬੈਂਸ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਵਿਲੱਖਣ ਕਾਰਜ ਕੀਤੇ ਜਾ ਰਹੇ ਹਨ, ਜਿੰਨ੍ਹਾਂ ਨੂੰ ਜਾਰੀ ਰੱਖਣ ਲਈ ਵਿਭਾਗ ਦੀ ਸਰਕਾਰ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਲੰਬਿਤ ਪਏ ਕਾਰਜਾਂ ਨੂੰ ਨਿਪਟਾਉਣ ਦੀ ਸ਼ਲਾਘਾ ਕੀਤੀ। ਸ. ਬੈਂਸ ਨੇ ਇਸ ਮੌਕੇ ਕਿਹਾ ਕਿ ਵਿਭਾਗ ਵੱਲੋਂ ਨਾਮਵਰ ਲੇਖਕਾਂ ਨਾਲ ਵੱਧ ਤੋਂ ਵੱਧ ਮੁਲਾਕਾਤਾਂ ਰਿਕਾਰਡ ਕੀਤੀਆਂ ਜਾਣ ਅਤੇ ਸੋਸ਼ਲ ਮੀਡੀਆ ਰਾਹੀਂ ਨਸ਼ਰ ਕੀਤੀਆਂ ਜਾਣ ਤਾਂ ਕਿ ਨਵੀਂ ਪੀੜ੍ਹੀ ਵੱਧ ਤੋਂ ਵੱਧ ਸਾਹਿਤ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪਸਾਰ ਲਈ ਪੰਜਾਬ ਤੋਂ ਬਾਹਰ ਸਮਾਗਮਾਂ ਦਾ ਆਯੋਜਨਾਂ ਵੱਡੇ ਪੱਧਰ ’ਤੇ ਕੀਤਾ ਜਾਵੇ ਤਾਂ ਜੋ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲ ਜੁੜੀਆਂ ਰਹਿਣ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੱਖ-ਵੱਖ ਮੌਕਿਆਂ ’ਤੇ ਕਿਤਾਬਾਂ ਨੂੰ ਤੋਹਫ਼ਿਆਂ ਦੇ ਰੂਪ ’ਚ ਦੇਣ ਦਾ ਰੁਝਾਨ ਪੈਦਾ ਕੀਤਾ ਜਾਵੇ।
ਇਸ ਮੌਕੇ ਡਾਇਰੈਕਟਰ ਭਾਸ਼ਾ ਵਿਭਾਗ ਸ. ਜਸਵੰਤ ਸਿੰਘ ਜ਼ਫ਼ਰ ਨੇ ਸ. ਬੈਂਸ ਨੂੰ ਲਿਖਤੀ ਰੂਪ ਵਿੱਚ ਵਿਭਾਗੀ ਮੁੱਦਿਆਂ ਸਬੰਧੀ ਜਾਣੂ ਕਰਵਾਇਆ। ਜਿੰਨਾਂ ਵਿੱਚ ਵਿਭਾਗ ’ਚ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਤੇਜ਼ ਕਰਨ, ਵੱਡਮੁੱਲੀਆਂ ਪੁਸਤਕਾਂ ਤੇ ਵਿਭਾਗੀ ਰਸਾਲਿਆਂ ਦੀ ਛਪਾਈ ਦੇ ਬਕਾਇਆ ਪਏ ਕਾਰਜ ਜਲਦੀ ਨੇਪਰੇ ਚਾੜ੍ਹਨ ਅਤੇ ਸਾਹਿਤ ਸਦਨ ਸਬੰਧੀ ਮੁੱਦੇ ਸ਼ਾਮਲ ਹਨ। ਡਾਇਰੈਕਟਰ ਭਾਸ਼ਾਵਾਂ ਵੱਲੋਂ ਧਿਆਨ ’ਚ ਲਿਆਂਦੇ ਗਏ ਸਾਰੇ ਮੁੱਦਿਆਂ ਸਬੰਧੀ ਸ. ਬੈਂਸ ਨੇ ਸਬੰਧਤ ਵਿਭਾਗਾਂ ਤੋਂ ਜਲਦੀ ਰਿਪੋਰਟ ਲੈ ਕੇ ਲੋੜੀਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਪੁਸਤਕਾਂ ਦੀ ਛਪਾਈ ਸਬੰਧੀ ਜਲਦੀ ਹੀ ਸਬੰਧਤ ਵਿਭਾਗ ਨਾਲ ਜਲਦੀ ਮੀਟਿੰਗ ਕਰਨ ਦੇ ਆਦੇਸ਼ ਵੀ ਜਾਰੀ ਕੀਤੇ।