ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਬਠਿੰਡਾ ਤੋਂ ਵ੍ਹੀਲਚੇਅਰ ਕ੍ਰਿਕਟ ਦੇ ਨਵੇਂ ਯੁੱਗ ਦੀ ਸ਼ੁਰੂਆਤ
ਦਿਵਿਆਂਗ ਖਿਡਾਰੀਆਂ ਨੂੰ ਦਿੱਤੀਆਂ 20 ਵਿਸ਼ੇਸ਼ ਵ੍ਹੀਲਚੇਅਰਾਂ
ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2026 । ਦਿਵਿਆਂਗ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਬਿਹਤਰ ਮੌਕੇ ਅਤੇ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਇੱਕ ਇਤਿਹਾਸਕ ਪਹਿਲਕਦਮੀ ਕੀਤੀ ਗਈ ਹੈ। ਬਠਿੰਡਾ ਵਿਖੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਟੀਮਾਂ ਵਿਚਕਾਰ ਵ੍ਹੀਲਚੇਅਰ ਕ੍ਰਿਕਟ ਦਾ ਦੋਸਤਾਨਾ ਮੈਚ ਕਰਵਾਇਆ ਗਿਆ। ਇਸ ਮੌਕੇ ਪੀਸੀਏ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਦੋਵਾਂ ਟੀਮਾਂ ਨੂੰ 10-10, ਯਾਨੀ ਕੁੱਲ 20 ਵਿਸ਼ੇਸ਼ ਵ੍ਹੀਲਚੇਅਰਾਂ ਦੇਣ ਦਾ ਐਲਾਨ ਕੀਤਾ।
ਸ੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਖੇਡ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਆਤਮ-ਵਿਸ਼ਵਾਸ, ਆਤਮ-ਨਿਰਭਰਤਾ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੰਦੀ ਹੈ। ਦਿਵਿਆਂਗ ਖਿਡਾਰੀਆਂ ਵਿੱਚ ਪ੍ਰਤਿਭਾ ਅਤੇ ਖੇਡਾਂ ਪ੍ਰਤੀ ਜਜ਼ਬਾ ਕਿਸੇ ਤੋਂ ਘੱਟ ਨਹੀਂ ਹੈ। ਲੋੜ ਸਿਰਫ਼ ਉਨ੍ਹਾਂ ਨੂੰ ਸਹੀ ਮੰਚ, ਆਧੁਨਿਕ ਸਹੂਲਤਾਂ ਅਤੇ ਉਤਸ਼ਾਹ ਦੇਣ ਦੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਯਤਨ ਰਹੇਗਾ ਕਿ ਵ੍ਹੀਲਚੇਅਰ ਕ੍ਰਿਕਟ ਨੂੰ ਵੀ ਆਮ ਕ੍ਰਿਕਟ ਵਾਂਗ ਪਛਾਣ ਅਤੇ ਸਨਮਾਨ ਮਿਲੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵ੍ਹੀਲਚੇਅਰ ਕ੍ਰਿਕਟ ਦੀ ਇੱਕ ਮਜ਼ਬੂਤ ਅਤੇ ਮੁਕਾਬਲੇਬਾਜ਼ ਟੀਮ ਤਿਆਰ ਕੀਤੀ ਜਾਵੇਗੀ। ਇਸ ਲਈ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ, ਤਜਰਬੇਕਾਰ ਕੋਚ, ਆਧੁਨਿਕ ਖੇਡ ਸਾਜ਼ੋ-ਸਾਮਾਨ ਅਤੇ ਕ੍ਰਿਕਟ ਕਿੱਟਾਂ ਮੁਹੱਈਆ ਕਰਵਾਉਣ ਲਈ ਕਦਮ ਚੁੱਕੇ ਜਾਣਗੇ।
ਸ੍ਰੀ ਮਹਿਤਾ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵ੍ਹੀਲਚੇਅਰ ਕ੍ਰਿਕਟ ਦੀ ਵੀ ਆਈਪੀਐੱਲ ਦੀ ਤਰਜ਼ 'ਤੇ ਇੱਕ ਸ਼ਾਨਦਾਰ ਲੀਗ ਕਰਵਾਈ ਜਾਵੇ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਹਿੱਸਾ ਲੈਣ। ਇਸ ਨਾਲ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮਿਲੇਗਾ ਅਤੇ ਸਮਾਜ ਵਿੱਚ ਬਰਾਬਰੀ ਤੇ ਸਕਾਰਾਤਮਕ ਸੋਚ ਦਾ ਸੰਦੇਸ਼ ਵੀ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਦਾ ਸੰਘਰਸ਼, ਸਮਰਪਣ ਅਤੇ ਖੇਡ ਪ੍ਰਤੀ ਜਨੂੰਨ ਸਾਰਿਆਂ ਲਈ ਪ੍ਰੇਰਣਾਦਾਇਕ ਹੈ। 20 ਵਿਸ਼ੇਸ਼ ਵ੍ਹੀਲਚੇਅਰਾਂ ਦੇਣ ਦੀ ਪਹਿਲ ਇਸੇ ਦਿਸ਼ਾ ਵਿੱਚ ਇੱਕ ਸ਼ੁਰੂਆਤ ਹੈ। ਉਨ੍ਹਾਂ ਦਾ ਯਤਨ ਰਹੇਗਾ ਕਿ ਭਵਿੱਖ ਵਿੱਚ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਦੀ ਘਾਟ ਨਾ ਆਵੇ ਅਤੇ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਵ੍ਹੀਲਚੇਅਰ ਕ੍ਰਿਕਟ ਐਸੋਸੀਏਸ਼ਨ ਚੰਡੀਗੜ੍ਹ ਅਤੇ ਪੰਜਾਬ ਦੇ ਪ੍ਰਧਾਨ ਡਾ. ਰੁਪੇਸ਼ ਕੁਮਾਰ ਸਿੰਘ ਨੇ ਸਮੁੱਚੀ ਐਸੋਸੀਏਸ਼ਨ ਅਤੇ ਖਿਡਾਰੀਆਂ ਵੱਲੋਂ ਸ੍ਰੀ ਅਮਰਜੀਤ ਮਹਿਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖਿਡਾਰੀ ਪਿਛਲੇ ਕਰੀਬ 10 ਸਾਲਾਂ ਤੋਂ ਵ੍ਹੀਲਚੇਅਰ ਕ੍ਰਿਕਟ ਖੇਡ ਰਹੇ ਹਨ, ਪਰ ਲੋੜੀਂਦੀਆਂ ਸਹੂਲਤਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਾਰ ਸਿਰਫ਼ ਚਾਰ-ਪੰਜ ਵ੍ਹੀਲਚੇਅਰਾਂ ਦੇ ਸਹਾਰੇ ਹੀ ਮੈਚ ਖੇਡਣੇ ਪੈਂਦੇ ਸਨ।
ਉਨ੍ਹਾਂ ਕਿਹਾ ਕਿ ਸ੍ਰੀ ਅਮਰਜੀਤ ਮਹਿਤਾ ਨੇ ਖਿਡਾਰੀਆਂ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ 20 ਵਿਸ਼ੇਸ਼ ਵ੍ਹੀਲਚੇਅਰਾਂ ਦੇਣ ਦਾ ਜੋ ਫ਼ੈਸਲਾ ਕੀਤਾ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਸਿਰਫ਼ ਵ੍ਹੀਲਚੇਅਰਾਂ ਹੀ ਨਹੀਂ ਦਿੱਤੀਆਂ, ਸਗੋਂ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਦਾ ਕੰਮ ਕੀਤਾ ਹੈ।
ਡਾ. ਸਿੰਘ ਨੇ ਦੱਸਿਆ ਕਿ ਐਬਿਲਿਟੀ ਸਪੋਰਟਸ ਲੀਗ ਵਿੱਚ ਪੰਜਾਬ ਦੇ ਚਾਰ ਅਤੇ ਚੰਡੀਗੜ੍ਹ ਦੇ ਇੱਕ ਸਮੇਤ ਕੁੱਲ ਪੰਜ ਖਿਡਾਰੀਆਂ ਦੀ ਚੋਣ ਹੋਈ ਹੈ। ਉਨ੍ਹਾਂ ਪੀਸੀਏ ਪ੍ਰਧਾਨ ਨੂੰ ਅਪੀਲ ਕੀਤੀ ਕਿ ਵ੍ਹੀਲਚੇਅਰ ਕ੍ਰਿਕਟ ਲਈ ਵੀ ਆਈਪੀਐੱਲ ਦੀ ਤਰਜ਼ 'ਤੇ ਵਿਸ਼ੇਸ਼ ਲੀਗ ਸ਼ੁਰੂ ਕੀਤੀ ਜਾਵੇ, ਤਾਂ ਜੋ ਖਿਡਾਰੀਆਂ ਨੂੰ ਵੱਡੇ ਮੰਚ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ।
ਇਸ ਦੌਰਾਨ ਵ੍ਹੀਲਚੇਅਰ ਕ੍ਰਿਕਟ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਡਾ. ਰੁਪੇਸ਼ ਕੁਮਾਰ ਸਿੰਘ, ਉਪ ਪ੍ਰਧਾਨ ਦੀਪਕ ਸ਼ਰਮਾ, ਜਨਰਲ ਸਕੱਤਰ ਕਮਲਜੀਤ ਸਿੰਘ, ਖੇਡ ਸਕੱਤਰ ਗੌਤਮ ਸ਼ਰਮਾ, ਕਾਰਜਕਾਰੀ ਮੈਂਬਰ ਐਡਵੋਕੇਟ ਸੰਜੀਵ ਸ਼ਰਮਾ ਅਤੇ ਪ੍ਰੈੱਸ ਸਕੱਤਰ ਸੁਰਿੰਦਰ ਗੋਇਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਅਹੁਦੇਦਾਰਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਦੇਸ਼ ਦੀਆਂ ਹੋਰ ਕ੍ਰਿਕਟ ਐਸੋਸੀਏਸ਼ਨਾਂ ਨੂੰ ਵੀ ਦਿਵਿਆਂਗ ਖਿਡਾਰੀਆਂ ਦੀ ਮਦਦ ਲਈ ਅੱਗੇ ਆਉਣ ਵਾਸਤੇ ਪ੍ਰੇਰਿਤ ਕਰੇਗਾ।ਬਠਿੰਡਾ ਤੋਂ ਸ਼ੁਰੂ ਹੋਈ ਇਹ ਪਹਿਲ ਸਿਰਫ਼ ਇੱਕ ਦੋਸਤਾਨਾ ਮੈਚ ਨਹੀਂ, ਸਗੋਂ ਦਿਵਿਆਂਗ ਖਿਡਾਰੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਵ੍ਹੀਲਚੇਅਰ ਕ੍ਰਿਕਟ ਨੂੰ ਨਵੀਂ ਪਛਾਣ ਦਿਵਾਉਣ ਵੱਲ ਇੱਕ ਇਤਿਹਾਸਕ ਕਦਮ ਹੈ।