ਪੰਜਾਬ ਸਟੇਟ ਜੂਨੀਅਰ ਨੈੱਟਬਾਲ ਚੈਂਪੀਅਨਸ਼ਿਪ ਦੌਰਾਨ ਸੈਮੀਫਾਈਨਲ ’ਚ ਪੁੱਜੀਆਂ 4 ਟੀਮਾਂ
ਅਸ਼ੋਕ ਵਰਮਾ
ਮਾਨਸਾ , 13 ਨਵੰਬਰ 2026 : 19ਵੀਆਂ ਪੰਜਾਬ ਸਟੇਟ ਨੈੱਟਬਾਲ ਕੁੜੀਆਂ ਅਤੇ ਪਹਿਲੀ 5 ਜੂਨੀਅਰ ਪੰਜਾਬ ਸਟੇਟ ਨੈੱਟਬਾਲ ਕੁੜੀਆਂ ਚੈਂਪੀਅਨਸ਼ਿਪ ਦਾ ਦੋ ਰੋਜ਼ਾ ਟੂਰਨਾਮੈਂਟ ਬਾਬਾ ਜੋਗੀ ਪੀਰ ਸਕੂਲ ਰੱਲਾ ਵਿਖੇ ਸ਼ਾਨਦਾਰ ਢੰਗ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਕੀਤਾ।
ਇਸ ਮੌਕੇ ਉਨ੍ਹਾਂ ਖਿਡਾਰਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਜਿੱਥੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਆਧਾਰ ਬਣਦੀਆਂ ਹਨ, ਉੱਥੇ ਹੀ ਅਨੁਸ਼ਾਸਨ, ਸਹਿਣਸ਼ੀਲਤਾ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਵਰਗੇ ਗੁਣ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸੂਬਾ ਪੱਧਰੀ ਮੁਕਾਬਲੇ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਉੱਚ ਪੱਧਰ ’ਤੇ ਪਹੁੰਚਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਨੈੱਟਬਾਲ ਐਸੋਸੀਏਸ਼ਨ ਦੀ ਸੂਬਾ ਸਕੱਤਰ ਰਜਿੰਦਰ ਕੌਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਦੀਆਂ ਟੀਮਾਂ ਨੇ ਆਪਣੇ ਵਿਰੋਧੀਆਂ ਨੂੰ ਮਾਤ ਦਿੰਦਿਆਂ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਮੌਕੇ ਹੈਪੀ ਸ਼ਰਮਾ, ਗੁਰਜੰਟ ਸਿੰਘ, ਪਰਮਵੀਰ ਸਿੰਘ, ਹਰਮੀਤ ਮਲੇਰਕੋਟਲਾ, ਸਾਬਰ ਅਲੀ, ਰਾਜਨਦੀਪ ਸਿੰਘ ਅਤੇ ਵਿਨੋਦ ਕੁਮਾਰ ਹਾਜ਼ਰ ਸਨ।