ਮਨੁੱਖੀ ਜੀਵਨ ਨਸ਼ਿਆਂ ਦੇ ਲੇਖੇ ਨਾ ਲੱਗ ਜਾਵੇ :- ਚਮਨ ਸਿੰਘ
ਪ੍ਰਮੋਦ ਭਾਰਤੀ
ਨਵਾਂਸ਼ਹਿਰ 5 ਨਵੰਬਰ ,2026
ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 05 ਨਵੰਬਰ 2026 ਨੂੰ ,ਡਾ. ਹਰਚਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ), ਪਿੰਡ ਉੜਾਪੜ (ਨਵਾਂਸ਼ਹਿਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀਮਤੀ ਸਾਰਿਕਾ ਸਕਸੈਨਾ (ਅਧਿਆਪਕਾ)ਨੇ ਕੀਤੀ ਅਤੇ ਸ਼੍ਰੀਮਤੀ ਗੁਰਬਖਸ਼ ਕੌਰ ਦੀ ਯੋਗ ਅਗਵਾਈ ਹੇਠ ਕੈਂਪ ਲਗਾਇਆ ਗਿਆ।
ਇਸ ਮੌਕੇ ਤੇ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਰੈੱਡ ਕਰਾਸ ਸੰਸਥਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਿ ਇਹ ਸੰਸਥਾ ਇਨਸਾਨੀਅਤ ਨੂੰ ਬਚਾਉਣ ਦਾ ਯਤਨ ਕਰਦੀ ਹੈ ਅਤੇ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨਾਂ ਨੇ ਵਿਦਿਆਰਥੀਆਂ ਨੂੰ ਸਬ ਤੋਂ ਪਹਿਲਾਂ ਨਸ਼ੇ ਬਾਰੇ ਦੱਸਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਡਾਕਟਰੀ ਸਲਾਹ ਤੋਂ ਬਿਨਾ ਕਿਸੇ ਦਵਾਈ ਜਾਂ ਹੋਰ ਨਸ਼ੀਲੀ ਵਸਤੂ ਦੀ ਵਰਤੋਂ ਕਰਦਾ ਹੈ, ਉਹ ਨਸ਼ਾ ਹੈ। ਉਨਾ ਨੇਂ ਦੱਸਿਆ ਕਿ ਵਿਦਿਆਰਥੀ ਕਿਸੇ ਦੂਸਰੇ ਵਿਅਕਤੀ ਦੇ ਦਿੱਤੇ ਲਾਲਚ ਵਿੱਚ ਆ ਕੇ ਜਾਂ ਅਣਜਾਣਤਾ ਵਿੱਚ ਨਸ਼ੇ ਦੀ ਵਰਤੋਂ ਕਰਨ ਲੱਗ ਜਾਦੇਂ ਹਨ। ਛੋਟੀ ਉਮਰ ਵਿੱਚ ਵਿਦਿਆਰਥੀ ਸਿਗਰਟ, ਬੀੜੀ ਤੋਂ ਸ਼ੁਰੂ ਹੋ ਕੇ ਹੈਰੋਇਨ ਵਰਗੇ ਨਸ਼ਿਆ ਦੀ ਦਲਦਲ ਵਿੱਚ ਫਸ ਜਾਦੇਂ ਹਨ ਜੋ ਕਿ ਭੱਵਿਖ ਵਿੱਚ ਭਿਆਨਕ ਬਿਮਾਰੀਆਂ ਦਾ ਕਾਰਣ ਬਣਦੇ ਹਨ। ਉਨਾਂ ਨੇ ਬੱਚਿਆਂ ਨੂੰ ਜਿੱਥੇ ਨਸ਼ਿਆਂ ਦੇ ਨਾਵਾਂ ਬਾਰੇ ਜਾਣਕਾਰੀ ਦਿੱਤੀ , ਉੱਥੇ ਉਨਾਂ ਨੂੰ ਅਪੀਲ ਕੀਤੀ ਕਿ ਤੁਸੀ ਆਪਣੇ ਪਰਿਵਾਰ ਵਿੱਚ ਨਸ਼ਾ ਕਰਦੇ ਮੈਬਰਾਂ ਨੂੰ ਉਨਾਂ ਦੀ ਸਿਹਤ , ਸਮਾਜ ਅਤੇ ਮਾਨਸਿਕ ਨੁਕਸਾਨ ਦੱਸ ਕੇ ਇਸ ਤੋਂ ਮੁਕਤੀ ਪਾਉਣ ਲਈ ਸਾਥ ਦੇ ਸਕਦੇ ਹੋ। ਨਸ਼ਿਆਂ ਦੀ ਵਰਤੋਂ ਨਾਲ ਕੈਂਸਰ, ਟੀ.ਬੀ., ਐਚ. ਆਈ. ਵੀ, ਕਾਲਾ ਪੀਲੀਆ ਆਦਿ ਬਿਮਾਰੀਆਂ ਲੱਗ ਜਾਦੀਆਂ ਹਨ। ਉਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਤੁਸੀ ਕਿਸੇ ਵੀ ਅਣਜਾਣ ਵਿਅਕਤੀ ਦੇ ਬਹਿਕਾਵੇ ਵਿੱਚ ਆ ਕੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨਹੀਂ ਕਰਨੀ। ਨਸ਼ੇ ਤੋਂ ਬਚਣ ਲਈ ਇਸ ਬਾਰੇ ਜਾਗਰੂਕ ਹੋਣਾ ਬਹੁਤ ਹੀ ਜਰੂਰੀ ਹੈ, ਇਸ ਤਰ੍ਹਾ ਹੀ ਨਸ਼ੇ ਤੋਂ ਦੂਰ ਰਿਹਾ ਜਾ ਸਕਦਾ ਹੈ। ਉਨਾ ਨੇ ਕਿਹਾ ਕਿ ਨਸ਼ੇ ਦੀ ਵਰਤੋਂ ਨਾਲ ਵਿਅਕਤੀ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਵਿਗਾੜ ਆਉਂਦਾ ਹੈ, ਨਸ਼ੇ ਨਾਲ ਸਰੀਰ ਅਤੇ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਉਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਤਾਂ ਕਿ ਤੁਸੀ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰਹਿ ਸਕੋ। ਸੱਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਨੂੰ ਨਸ਼ਾ ਮੁਕਤ ਕਰਨਾ ਪਵੇਗਾ ਤਾਂ ਅਸੀ ਆਪਣੇ ਪਿੰਡ ਨੂੰ ਅਤੇ ਪੰਜਾਬ/ਭਾਰਤ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ। ਸਾਨੂੰ ਆਪਣੇ ਗੁਰੂਆਂ, ਪੀਰਾਂ, ਸ਼ਹੀਦੀ ਯੋਧਿਆ ਦੀਆਂ ਜੀਵਨੀਆਂ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਅਸੀ ਉਨਾਂ ਦੀਆਂ ਦਿੱਤੀਆਂ ਸਿਖਿਆਵਾਂ ਦੀ ਪਾਲਣਾ ਕਰ ਸਕੀਏ ਅਤੇ ਆਪਣੇ ਦੇਸ਼ ਦੀ ਤਰੱਕੀ ਵਿਚ ਬਣਦਾ ਯੋਗਦਾਨ ਪਾ ਸਕੀਏ। ਸਾਨੂੰ ਲਾਇਬਰੇਰੀ ਵਿੱਚੋਂ ਚੰਗੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ। ਇਸ ਮੌਕੇ ਤੇ ਉਨਾਂ ਨੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਤੰਬਾਕੂ ਮੁਕਤ ਯੂਥ ਅਭਿਆਨ 4.0 ਦੇ ਤਹਿਤ ਤੰਬਾਕੂ ਦੀ ਵਰਤੋ ਤੋਂ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰਪੂਰਵਕ ਦੱਸਦਿਆ ਕਿਹਾ ਕਿ ਤੰਬਾਕੂ, ਗੁਟਕਾ ਜਾਂ ਜ਼ਰਦਾ ਖਾਣ ਨਾਲ ਮੂੰਹ, ਜੀਭ ਅਤੇ ਗਲੇ ਦਾ ਕੈਂਸਰ ਹੋਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ। ਸਿਗਰਟ ਜਾਂ ਬੀੜੀ ਪੀਣ ਨਾਲ ਫੇਫੜਿਆਂ ਦਾ ਕੈਂਸਰ ਹੁੰਦਾ ਹੈ।ਤੰਬਾਕੂ ਪੀਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ, ਜਿਸ ਨਾਲ ਤਪਦਿਕ (ਟੀ.ਬੀ.) ਵਰਗੀਆਂ ਬਿਮਾਰੀਆਂ ਲੱਗਣ ਦਾ ਡਰ ਵਧ ਜਾਂਦਾ ਹੈ। ਤੰਬਾਕੂ ਦੇ ਧੂੰਏਂ ਨਾਲ ਦਮਾ ਅਤੇ ਸਾਹ ਦੀ ਨਾਲੀ ਦੀਆਂ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਹਨ। ਇਸ ਮੌਕੇ ਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਾਰੇ ਹੀ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰਣ ਲਿਆ। ਉਨਾਂ ਨੇ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਪਟਾਕਿਆਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਕਿਉਕਿਂ ਪਟਾਕਿਆਂ ਦੇ ਧੂੰਏਂ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ, ਜਿਸ ਨਾਲ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਆਓ ਅਸੀ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਵਾਤਾਵਰਨ ਨੂੰ ਸਹੀ ਰੱਖਣ ਵਿੱਚ ਯੋਗਦਾਨ ਪਾਈਏ।
ਇਸ ਮੌਕੇ ਤੇ ਸ਼੍ਰੀ ਪਰਵੇਸ਼ ਕੁਮਾਰ(ਸਟਾਫ ਮੈਂਬਰ) ਨੇ ਸੈਂਟਰ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਵੀ ਨਸ਼ੇ ਦਾ ਆਦੀ ਵਿਅਕਤੀ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਇੱਕ ਮਹੀਨੇ ਲਈ ਦਾਖਿਲ ਹੋ ਕੇ ਆਪਣਾ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ।
ਇਸ ਮੌਕੇ ਤੇ ਸ਼੍ਰੀਮਤੀ ਗੁਰਬਖਸ਼ ਕੌਰ (ਅਧਿਆਪਕਾ) ਨੇ ਨਸ਼ੇ ਤੋਂ ਦੂਰ ਰਹਿਣ ਲਈ ਵਿਚਾਰ ਪੇਸ਼ ਕੀਤੇ ਅਤੇ ਆਈ ਹੋਈ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਅਸੀ ਨਸ਼ਾ ਮੁਕਤ ਭਾਰਤ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮਾਂ ਵਿੱਚ ਪੂਰਨ ਸਹਿਯੋਗ ਕਰਦੇ ਰਹਾਗੇਂ ਅਤੇ ਵਿਦਿਆਰਥੀਆਂ ਨੂੰ ਚੇਤਨ ਕਰਦੇ ਰਹਾਂਗੇ। ਇਸ ਮੌਕੇ ਤੇ ਮੀਨਾ ਰਾਣੀ, ਸੁਨੀਤਾ ਦੇਵੀ, ਟਵਿੰਕਲ, ਸ਼ਭਲਾ ਰਾਣੀ, ਅਮਨਦੀਪ ਕੌਰ ਭੱਟੀ, ਸੁਖਵੀਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜਿਰ ਸਨ।