ਵੋਟ ਚੋਰੀ ਨਹੀਂ, ਚੋਰਾਂ ਨੂੰ ਵੋਟ ਮਿਲਣੀ ਬੰਦ ਹੋ ਗਈ! SIR ਵੋਟਰ ਸੂਚੀਆਂ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ: ਅਨੁਰਾਗ ਠਾਕੁਰ
13.39 ਕਰੋੜ ਨਾਵਾਂ ਦੀ ਸ਼੍ਰੇਣੀਬੱਧਤਾ ਵੋਟ ਚੋਰੀ ਨਹੀਂ, ਸਗੋਂ ਵੋਟਰ ਸੂਚੀ ਨੂੰ ਪਾਰਦਰਸ਼ੀ ਅਤੇ ਗ਼ਲਤੀ ਰਹਿਤ ਬਣਾਉਣ ਦੀ ਕੋਸ਼ਿਸ਼; ਰਾਹੁਲ ਗਾਂਧੀ 'ਤੇ ਤਨਜ਼ ਕੱਸਦਿਆਂ ਕਿਹਾ—ਜਿੱਥੇ-ਜਿੱਥੇ ਉਨ੍ਹਾਂ ਦੇ ਕਦਮ ਪੈਂਦੇ ਹਨ, ਉੱਥੇ-ਉੱਥੇ ਕਾਂਗਰਸ ਦਾ ਸਫ਼ਾਇਆ ਹੋ ਜਾਂਦਾ ਹੈ।
Ravi Jakhu
ਚੰਡੀਗੜ੍ਹ, 3 ਨਵੰਬਰ 2026- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਚੰਡੀਗੜ੍ਹ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਆਈ.ਆਰ. (Special Intensive Revision) ਅਰਥਾਤ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੋਧ ਨੂੰ ਲੈ ਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਤੱਥਾਂ, ਅੰਕੜਿਆਂ ਅਤੇ ਤਿੱਖੇ ਸਿਆਸੀ ਤਰਕਾਂ ਨਾਲ ਜਵਾਬ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਚੰਡੀਗੜ੍ਹ ਪ੍ਰਦੇਸ਼ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਪ੍ਰਦੇਸ਼ ਮਹਾਮੰਤਰੀ ਰਾਮਵੀਰ ਭੱਟੀ, ਪ੍ਰਦੇਸ਼ ਮੀਡੀਆ ਪ੍ਰਭਾਰੀ ਕੈਲਾਸ਼ ਚੰਦ ਜੈਨ ਅਤੇ ਮੀਡੀਆ ਵਿਭਾਗ ਦੇ ਕਨਵੀਨਰ ਰਵੀ ਰਾਵਤ ਅਤੇ ਮੁੱਖ ਬੁਲਾਰੇ ਡਾ. ਧੀਰੇਂਦਰ ਤਾਇਲ ਹਾਜ਼ਰ ਸਨ। ਅਨੁਰਾਗ ਠਾਕੁਰ ਨੇ ਕਿਹਾ ਕਿ ਐੱਸ.ਆਈ.ਆਰ. ਦਾ ਉਦੇਸ਼ ਕਿਸੇ ਵੀ ਯੋਗ ਨਾਗਰਿਕ ਦਾ ਵੋਟ ਦਾ ਅਧਿਕਾਰ ਖੋਹਣਾ ਨਹੀਂ, ਸਗੋਂ ਦੇਸ਼ ਦੀਆਂ ਵੋਟਰ ਸੂਚੀਆਂ ਨੂੰ ਸ਼ੁੱਧ, ਪਾਰਦਰਸ਼ੀ ਅਤੇ ਗ਼ਲਤੀ ਰਹਿਤ ਬਣਾਉਣਾ ਹੈ। ਵਿਰੋਧੀ ਧਿਰ ਵੱਲੋਂ ਇਸ ਨੂੰ ਵੋਟ ਚੋਰੀ ਦੱਸਣਾ ਪੂਰੀ ਤਰ੍ਹਾਂ ਤੱਥਾਂ ਤੋਂ ਪਰੇ ਹੈ। ਉਨ੍ਹਾਂ ਨੇ ਤਿੱਖੇ ਅੰਦਾਜ਼ ਵਿੱਚ ਕਿਹਾ ਕਿ "ਇਹ ਵੋਟ ਚੋਰੀ ਨਹੀਂ, ਸਗੋਂ ਚੋਰਾਂ ਨੂੰ ਵੋਟ ਮਿਲਣੀ ਬੰਦ ਹੋ ਗਈ ਹੈ।"
13.39 ਕਰੋੜ ਦਾ ਅੰਕੜਾ ਕੀ ਦੱਸਦਾ ਹੈ?
ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਲਗਭਗ 13 ਕਰੋੜ ਵੋਟਰਾਂ ਦੇ ਨਾਂ ਹਟਾਏ ਜਾਣ ਦਾ ਦੋਸ਼ ਲਗਾ ਕੇ ਦੇਸ਼ ਵਿੱਚ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦਕਿ ਅਸਲੀਅਤ ਇਹ ਹੈ ਕਿ ਵੋਟਰ ਸੂਚੀ ਵਿੱਚ ਮ੍ਰਿਤਕ ਵਿਅਕਤੀਆਂ, ਪੱਕੇ ਤੌਰ 'ਤੇ ਆਪਣਾ ਨਿਵਾਸ ਬਦਲ ਚੁੱਕੇ ਲੋਕਾਂ, ਗੈਰ-ਹਾਜ਼ਰ ਵੋਟਰਾਂ ਅਤੇ ਇੱਕ ਤੋਂ ਵੱਧ ਥਾਵਾਂ 'ਤੇ ਦਰਜ ਨਾਵਾਂ ਦੀ ਜਾਂਚ ਕਰਨਾ ਚੋਣ ਪ੍ਰਕਿਰਿਆ ਦਾ ਜ਼ਰੂਰੀ ਹਿੱਸਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਐੱਸ.ਆਈ.ਆਰ. ਦੇ ਤਿੰਨ ਪੜਾਵਾਂ ਵਿੱਚ ਲਗਭਗ 95.40 ਕਰੋੜ ਵੋਟਰਾਂ ਦੇ ਰਿਕਾਰਡ ਦੀ ਸਮੀਖਿਆ ਕੀਤੀ ਗਈ। ਇਸ ਵਿੱਚ ਕੁੱਲ 13.39 ਕਰੋੜ ਵੋਟਰਾਂ ਨੂੰ ASDD (Absent, Shifted, Dead and Duplicate) ਅਤੇ ਹੋਰ ਸ਼੍ਰੇਣੀਆਂ ਵਿੱਚ ਦਰਜ ਕੀਤਾ ਗਿਆ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਅੰਕੜੇ ਮੁੱਢਲੀ ਜਾਂਚ ਦੌਰਾਨ ਨਿਸ਼ਾਨਬੱਧ ਕੀਤੀਆਂ ਗਈਆਂ ਐਂਟਰੀਆਂ ਦੀ ਸ਼੍ਰੇਣੀਬੱਧਤਾ ਹਨ, ਨਾ ਕਿ ਅੰਤਿਮ ਵੋਟਰ ਸੂਚੀ ਵਿੱਚੋਂ ਹਟਾਏ ਗਏ ਨਾਵਾਂ ਦੀ ਗਿਣਤੀ। ਦਾਅਵੇ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਦੌਰਾਨ ਯੋਗ ਵੋਟਰਾਂ ਨੂੰ ਆਪਣਾ ਨਾਂ ਸ਼ਾਮਲ ਕਰਵਾਉਣ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਕੋਈ ਵਿਅਕਤੀ ਪੱਕੇ ਤੌਰ 'ਤੇ ਆਪਣਾ ਨਿਵਾਸ ਬਦਲ ਚੁੱਕਾ ਹੈ ਜਾਂ ਇੱਕ ਹੀ ਵਿਅਕਤੀ ਦਾ ਨਾਂ ਕਈ ਥਾਵਾਂ 'ਤੇ ਦਰਜ ਹੈ, ਤਾਂ ਅਜਿਹੀਆਂ ਐਂਟਰੀਆਂ ਨੂੰ ਵੋਟਰ ਸੂਚੀ ਵਿੱਚ ਬਣਾਈ ਰੱਖਣ ਦਾ ਕੀ ਜਾਇਜ਼ ਹੈ?
ਸਾਰੀਆਂ ਪਾਰਟੀਆਂ ਨੇ ਬੀ.ਐੱਲ.ਏ.-2 ਨਿਯੁਕਤ ਕੀਤੇ ਸਨ, ਫਿਰ ਸ਼ਿਕਾਇਤਾਂ ਕਿਉਂ ਨਹੀਂ ਆਈਆਂ?
ਐੱਸ.ਆਈ.ਆਰ. ਨੂੰ ਲੈ ਕੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਚੁਣੌਤੀ ਦਿੰਦਿਆਂ ਠਾਕੁਰ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ-ਆਪਣੇ ਬੀ.ਐੱਲ.ਏ.-2 (Booth Level Agent-2) ਨਿਯੁਕਤ ਕੀਤੇ ਹੋਏ ਸਨ। ਜੇਕਰ ਵੋਟਰ ਸੂਚੀਆਂ ਵਿੱਚ ਇੰਨੀਆਂ ਵੱਡੀਆਂ ਗੜਬੜੀਆਂ ਸਨ ਤਾਂ ਇਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਮੇਂ ਸਿਰ ਸ਼ਿਕਾਇਤਾਂ ਕਿਉਂ ਨਹੀਂ ਕੀਤੀਆਂ? ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਾਰੀਆਂ ਪਾਰਟੀਆਂ ਦੇ ਬੀ.ਐੱਲ.ਏ.-2 ਬੂਥ ਪੱਧਰ 'ਤੇ ਮੌਜੂਦ ਸਨ ਤਾਂ ਉਹ ਕੀ ਕਰ ਰਹੇ ਸਨ? ਹੁਣ ਜਦੋਂ ਚੋਣ ਕਮਿਸ਼ਨ ਵੋਟਰ ਸੂਚੀਆਂ ਨੂੰ ਸ਼ੁੱਧ ਕਰ ਰਿਹਾ ਹੈ ਤਾਂ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਵੋਟ ਚੋਰੀ ਦੇ ਦੋਸ਼ ਲਗਾ ਕੇ ਸਿਆਸੀ ਭਰਮ ਫੈਲਾਉਣ ਵਿੱਚ ਲੱਗੀਆਂ ਹੋਈਆਂ ਹਨ।
ਐੱਸ.ਆਈ.ਆਰ. ਨਾਲ ਨਵੇਂ ਵੋਟਰਾਂ ਨੂੰ ਵੀ ਮਿਲ ਰਿਹਾ ਹੈ ਮੌਕਾ
ਅਨੁਰਾਗ ਠਾਕੁਰ ਨੇ ਕਿਹਾ ਕਿ ਵੋਟਰ ਸੂਚੀ ਦੀ ਸੋਧ ਸਿਰਫ਼ ਪੁਰਾਣੀਆਂ ਐਂਟਰੀਆਂ ਦੀ ਜਾਂਚ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਨਵੇਂ ਯੋਗ ਵੋਟਰਾਂ ਨੂੰ ਵੀ ਸੂਚੀ ਵਿੱਚ ਸ਼ਾਮਲ ਕਰਨਾ ਹੈ। 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਰੇਕ ਯੋਗ ਨਾਗਰਿਕ ਨੂੰ ਆਪਣਾ ਨਾਂ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰੇਕ ਯੋਗ ਨਾਗਰਿਕ ਦੀ ਵੋਟ ਮਹੱਤਵਪੂਰਨ ਹੈ। ਜੇਕਰ ਕਿਸੇ ਯੋਗ ਵਿਅਕਤੀ ਦਾ ਨਾਂ ਗ਼ਲਤੀ ਨਾਲ ਸੂਚੀ ਵਿੱਚ ਸ਼ਾਮਲ ਹੋਣ ਤੋਂ ਰਹਿ ਜਾਂਦਾ ਹੈ ਤਾਂ ਉਸ ਨੂੰ ਨਿਰਧਾਰਤ ਪ੍ਰਕਿਰਿਆ ਅਨੁਸਾਰ ਆਪਣਾ ਨਾਂ ਸ਼ਾਮਲ ਕਰਵਾਉਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।
ਪੰਜਾਬ ਵਿੱਚ ਐੱਸ.ਆਈ.ਆਰ. ਦੇ ਅੰਕੜੇ ਵੀ ਮਹੱਤਵਪੂਰਨ
ਪੰਜਾਬ ਵਿੱਚ ਐੱਸ.ਆਈ.ਆਰ. ਦੌਰਾਨ ਵੋਟਰ ਸੂਚੀ ਵਿੱਚ ਹੋਏ ਬਦਲਾਅ ਦਾ ਵੇਰਵਾ ਦਿੰਦਿਆਂ ਦੱਸਿਆ ਗਿਆ ਕਿ ਚੋਣ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਐੱਸ.ਆਈ.ਆਰ. ਤੋਂ ਪਹਿਲਾਂ ਪੰਜਾਬ ਵਿੱਚ ਕੁੱਲ ਵੋਟਰਾਂ ਦੀ ਗਿਣਤੀ ਲਗਭਗ 2.15 ਕਰੋੜ ਸੀ। 13 ਅਗਸਤ 2026 ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਵਿੱਚ ਇਹ ਗਿਣਤੀ ਘਟ ਕੇ 1,93,94,435 ਰਹਿ ਗਈ। 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਅੰਤਿਮ ਵੋਟਰ ਸੂਚੀ ਵਿੱਚ ਇਹ ਗਿਣਤੀ ਵਧ ਕੇ 2,01,00,727 ਹੋ ਗਈ। ਖਰੜਾ ਸੂਚੀ ਦੇ ਮੁਕਾਬਲੇ ਅੰਤਿਮ ਸੂਚੀ ਵਿੱਚ ਲਗਭਗ 7.06 ਲੱਖ ਵੋਟਰਾਂ ਦਾ ਸ਼ੁੱਧ ਵਾਧਾ ਹੋਇਆ। ਅੰਤਿਮ ਸੂਚੀ ਵਿੱਚ 1,03,76,026 ਪੁਰਸ਼, 97,24,195 ਮਹਿਲਾ ਅਤੇ 506 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਰਾਹੀਂ ਵੋਟਰ ਸੂਚੀ ਵਿੱਚ ਸੋਧ ਕੀਤੀ ਗਈ ਅਤੇ ਯੋਗ ਵੋਟਰਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ।
ਇਸ ਮੌਕੇ ਭਾਜਪਾ ਚੰਡੀਗੜ੍ਹ ਪ੍ਰਦੇਸ਼ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਚੰਡੀਗੜ੍ਹ ਵਿੱਚ ਐੱਸ.ਆਈ.ਆਰ. ਦੀ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੋਧ ਦੌਰਾਨ ਚੰਡੀਗੜ੍ਹ ਦੇ ਹਰੇਕ ਯੋਗ ਨਾਗਰਿਕ ਨੂੰ ਆਪਣਾ ਨਾਂ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਵਾਰ-ਵਾਰ ਮੌਕੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਦਾ ਉਦੇਸ਼ ਕਿਸੇ ਵੀ ਯੋਗ ਨਾਗਰਿਕ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨਾ ਨਹੀਂ, ਸਗੋਂ ਵੋਟਰ ਸੂਚੀ ਵਿੱਚ ਮੌਜੂਦ ਗ਼ਲਤੀਆਂ, ਦੁਹਰਾਈਆਂ ਗਈਆਂ ਐਂਟਰੀਆਂ ਅਤੇ ਅਯੋਗ ਨਾਵਾਂ ਨੂੰ ਨਿਯਮਾਂ ਅਨੁਸਾਰ ਠੀਕ ਕਰਨਾ ਹੈ।
ਜਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਸੂਚੀ ਵਿੱਚੋਂ ਰਹਿ ਗਏ ਯੋਗ ਵੋਟਰਾਂ ਦੇ ਨਾਂ ਸ਼ਾਮਲ ਕਰਵਾਉਣ ਅਤੇ ਵੋਟਰ ਸੂਚੀ ਵਿੱਚ ਕਿਸੇ ਵੀ ਤਰ੍ਹਾਂ ਦੀ ਗ਼ਲਤੀ ਨੂੰ ਦੂਰ ਕਰਨ ਲਈ ਨਿਰਧਾਰਤ ਪ੍ਰਕਿਰਿਆ ਤਹਿਤ ਵਾਰ-ਵਾਰ ਮੌਕੇ ਉਪਲਬਧ ਕਰਵਾਏ ਗਏ। ਇਸ ਦੇ ਬਾਵਜੂਦ ਜੇਕਰ ਕੋਈ ਯੋਗ ਨਾਗਰਿਕ ਆਪਣਾ ਨਾਂ ਦਰਜ ਕਰਵਾਉਣ ਤੋਂ ਰਹਿ ਗਿਆ ਹੈ ਤਾਂ ਉਹ ਚੋਣ ਕਮਿਸ਼ਨ ਦੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੀ ਸ਼ੁੱਧਤਾ ਅਤੇ ਹਰੇਕ ਯੋਗ ਨਾਗਰਿਕ ਦੀ ਭਾਗੀਦਾਰੀ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਸੰਵਿਧਾਨਕ ਪ੍ਰਕਿਰਿਆ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
ਇੰਦਰਾ ਗਾਂਧੀ ਦੀ ਚੋਣ ਦੀ ਉਦਾਹਰਨ ਦੇ ਕੇ ਕਾਂਗਰਸ 'ਤੇ ਹਮਲਾ
ਕਾਂਗਰਸ ਵੱਲੋਂ ਵੋਟ ਚੋਰੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਵੋਟ ਚੋਰੀ ਦੀ ਸਭ ਤੋਂ ਵੱਡੀ ਉਦਾਹਰਨ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਦੇਖਣ ਨੂੰ ਮਿਲੀ ਸੀ, ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਚੋਣ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਪ੍ਰਕਿਰਿਆ ਅਤੇ ਲੋਕਤੰਤਰੀ ਸੰਸਥਾਵਾਂ 'ਤੇ ਸਭ ਤੋਂ ਵੱਧ ਸਵਾਲ ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ ਦੇ ਸ਼ਾਸਨਕਾਲ ਦੌਰਾਨ ਉੱਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਵਿੱਚ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨਰਾਂ ਦੀ ਆਜ਼ਾਦੀ 'ਤੇ ਸਵਾਲ ਉੱਠਦੇ ਸਨ ਅਤੇ ਉਨ੍ਹਾਂ 'ਤੇ ਸਿਆਸੀ ਦਬਾਅ ਅਤੇ ਪ੍ਰਭਾਵ ਦੇ ਦੋਸ਼ ਲੱਗਦੇ ਸਨ। ਅੱਜ ਚੋਣ ਕਮਿਸ਼ਨ ਇੱਕ ਆਜ਼ਾਦ ਸੰਵਿਧਾਨਕ ਸੰਸਥਾ ਵਜੋਂ ਕੰਮ ਕਰ ਰਿਹਾ ਹੈ, ਪਰ ਕਾਂਗਰਸ ਆਪਣੀ ਸਿਆਸੀ ਨਿਰਾਸ਼ਾ ਕਾਰਨ ਸੰਵਿਧਾਨਕ ਸੰਸਥਾਵਾਂ 'ਤੇ ਸਵਾਲ ਖੜ੍ਹੇ ਕਰ ਰਹੀ ਹੈ।
ਰਾਹੁਲ ਗਾਂਧੀ ਨੂੰ ਦੱਸਿਆ 'ਕਨਫਿਊਜ਼ ਅਸ'
ਰਾਹੁਲ ਗਾਂਧੀ 'ਤੇ ਤਨਜ਼ ਕੱਸਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਚੀਨ ਵਿੱਚ ਕਨਫਿਊਸ਼ੀਅਸ ਨਾਂ ਦੇ ਇੱਕ ਵਿਦਵਾਨ ਹੋਏ ਸਨ। ਉਨ੍ਹਾਂ ਵਿਅੰਗਮਈ ਅੰਦਾਜ਼ ਵਿੱਚ ਕਿਹਾ ਕਿ ਇੱਕ ਪਾਸੇ ਕਨਫਿਊਸ਼ੀਅਸ ਮਹਾਨ ਵਿਦਵਾਨ ਸਨ, ਜਦਕਿ ਦੂਜੇ ਪਾਸੇ ਰਾਹੁਲ ਗਾਂਧੀ ਨੂੰ ਕਾਂਗਰਸ ਦੇ ਲੋਕ ਹੀ 'ਕਨਫਿਊਜ਼ ਅਸ' ਕਹਿਣ ਲੱਗ ਪਏ ਹਨ। ਉਨ੍ਹਾਂ ਰਾਹੁਲ ਗਾਂਧੀ ਦੀਆਂ ਰੈਲੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀਆਂ ਰੈਲੀਆਂ ਵਿੱਚ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਅਸਲੀਅਤ ਵਿੱਚ ਓਨੀ ਗਿਣਤੀ ਵਿੱਚ ਲੋਕ ਨਹੀਂ ਪਹੁੰਚਦੇ। ਦਸ ਲੱਖ ਦੀ ਭੀੜ ਇਕੱਠੀ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਜਦਕਿ 50 ਹਜ਼ਾਰ ਦੀ ਗਿਣਤੀ ਵੀ ਪੂਰੀ ਨਹੀਂ ਹੋ ਪਾਉਂਦੀ।
ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਦੀ ਸਿਆਸਤ 'ਤੇ ਤਨਜ਼ ਕੱਸਦਿਆਂ ਕਿਹਾ ਕਿ ਵਿਦੇਸ਼ੀ ਪੈਸੇ, ਵਿਦੇਸ਼ੀ ਦੋਸਤਾਂ ਅਤੇ ਵਿਦੇਸ਼ੀ ਤਾਕਤਾਂ ਦੇ ਸਹਾਰੇ ਦੇਸ਼ ਦੀ ਸਿਆਸਤ ਵਿੱਚ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਤਿੱਖਾ ਸਿਆਸੀ ਤਨਜ਼ ਕੱਸਦਿਆਂ ਕਿਹਾ ਕਿ "ਜਿੱਥੇ-ਜਿੱਥੇ ਰਾਹੁਲ ਗਾਂਧੀ ਦੇ ਕਦਮ ਪੈਂਦੇ ਹਨ, ਉੱਥੇ-ਉੱਥੇ ਕਾਂਗਰਸ ਦਾ ਸਫ਼ਾਇਆ ਹੋ ਜਾਂਦਾ ਹੈ।" ਪੰਜਾਬ ਸਰਕਾਰ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਅਨੁਰਾਗ ਠਾਕੁਰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੀਤੇ ਜਾ ਰਹੇ ਵਤੀਰੇ ਨੂੰ ਲੈ ਕੇ ਸੂਬਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।
ਅਨੁਰਾਗ ਠਾਕੁਰ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਆਜ਼ਾਦ ਸੰਵਿਧਾਨਕ ਸੰਸਥਾ ਹੈ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਵੋਟਰ ਸੂਚੀਆਂ ਨੂੰ ਅਪਡੇਟ ਅਤੇ ਗ਼ਲਤੀ ਰਹਿਤ ਰੱਖਣਾ ਉਸ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਤੱਥਾਂ ਅਤੇ ਸੰਵਿਧਾਨਕ ਪ੍ਰਕਿਰਿਆਵਾਂ ਦੇ ਆਧਾਰ 'ਤੇ ਆਪਣੀਆਂ ਇਤਰਾਜ਼ਾਂ ਪੇਸ਼ ਕਰੇ, ਨਾ ਕਿ ਬੇਬੁਨਿਆਦ ਦੋਸ਼ਾਂ ਰਾਹੀਂ ਲੋਕਾਂ ਵਿੱਚ ਭਰਮ ਪੈਦਾ ਕਰੇ। ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰ ਸੂਚੀ ਦੀ ਸ਼ੁੱਧਤਾ ਅਤੇ ਚੋਣ ਕਮਿਸ਼ਨ ਦੀ ਨਿਰਪੱਖਤਾ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਸ਼ਵਾਸ ਅਤੇ ਸਹਿਯੋਗ ਜ਼ਰੂਰੀ ਹੈ।
- Download Babushahi App
-
-