ਪ੍ਰਾਈਵੇਟ ਹਸਪਤਾਲਾਂ 'ਚ ਲੋਕਾਂ ਦੀ ਲੁੱਟ ਸਬੰਧੀ ਰੈਗੂਲੈਰਟੀ ਅਥਾਰਟੀ ਬਣਾਏ ਜਾਣ ਦੀ ਮੰਗ- MLA ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਸਵਾਲ
ਪ੍ਰਾਈਵੇਟ ਹਸਪਤਾਲਾਂ ਵਿੱਚ ਕਮਜ਼ੋਰ ਵਰਗ ਨਾਲ ਸੰਬੰਧਿਤ ਹੁਣ ਤੱਕ ਕਿੰਨੇ ਮਰੀਜ਼ਾਂ ਦਾ ਇਲਾਜ ਹੋ ਸਕਿਆ?
Babushahi Network
ਮੋਹਾਲੀ 23 ਅਕਤੂਬਰ 2026- ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਪੰਜਾਬ ਦੇ ਸਿਹਤ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਸਵਾਲ ਕੀਤਾ ਕਿ 2000 ਸੰਨ ਤੋਂ ਇਸ ਸ਼ਰਤ ਤੇ ਪ੍ਰਾਈਵੇਟ ਹਸਪਤਾਲ ਬਣਾਉਣ ਦੇ ਲਈ ਰਿਜ਼ਰਵ ਪ੍ਰਾਈਸ ਤੇ ਥਾਂ ਅਲਾਟ ਕੀਤੀ ਗਈ ਸੀ, ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗ ਨਾਲ ਸੰਬੰਧਿਤ ਮਰੀਜ਼ਾਂ ਦੇ ਇਲਾਜ ਵਿੱਚ 10% ਓ.ਪੀ.ਡੀ. ਅਤੇ 5 % ਇੰਡੋਰ ਮੁਫਤ ਅਤੇ ਰਿਆਇਤੀ ਦਰਾਂ ਤੇ ਇਲਾਜ ਕੀਤਾ ਜਾਵੇਗਾ।
ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਮਾਮਲੇ ਵੱਲ ਧਿਆਨ ਹੀ ਨਹੀਂ ਦਿੱਤਾ। ਮੁੱਖ ਮੰਤਰੀ -ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਹੁਣ ਹੋਂਦ ਵਿਚ ਆਈ ਹੈ, ਪ੍ਰੰਤੂ ਕੀ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਇਹਨਾਂ ਪ੍ਰਾਈਵੇਟ ਸੰਸਥਾਵਾਂ ਤੋਂ ਇਹ ਪੁੱਛ ਸਕਦੇ ਹਨ ਕਿ ਹੁਣ ਤੱਕ ਉਹਨਾਂ ਨੇ ਕਿੰਨੇ ਅਜਿਹੇ ਮਰੀਜ਼ਾਂ ਦਾ ਮੁਫਤ ਅਤੇ ਰਿਆਇਤੀ ਦਰਾਂ ਤੇ ਤੇ ਇਲਾਜ ਕੀਤਾ ਹੈ।
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ ਵਿੱਚ ਜਦੋਂ ਕੋਈ ਕੁਤਾਹੀ ਹੁੰਦੀ ਹੈ ਜਾਂ ਕਿਸੇ ਹੋਰ ਤਰ੍ਹਾਂ ਦਾ ਕੋਈ ਝਗੜਾ- ਝਮੇਲਾ ਵੱਧ ਜਾਂਦਾ ਹੈ, ਅਤੇ ਬਹੁਤੀ ਵਾਰ ਵੇਖਣ ਵਿੱਚ ਇਹ ਵੀ ਆਇਆ ਹੈ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਜਦੋਂ ਵੱਡੇ ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਨਾਲ ਸੰਬੰਧਿਤ ਵੱਡੇ ਬਿੱਲ ਬਣਾ ਦਿੱਤੇ ਜਾਂਦੇ ਹਨ, ਤਾਂ ਬਹੁਤੀ ਵਾਰ ਡੈਡ ਬਾਡੀ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਉਦੋਂ ਤੱਕ ਨਹੀਂ ਕੀਤਾ ਜਾਂਦਾ ਜਦੋਂ ਤੱਕ ਉਸ ਵੱਡੇ ਬਿਲ ਦਾ ਭੁਗਤਾਨ ਹਸਪਤਾਲ ਨੂੰ ਨਹੀਂ ਕੀਤਾ ਜਾਂਦਾ, ਪ੍ਰੰਤੂ ਅਜਿਹੇ ਸਭ ਕੁਝ ਤੇ ਧਿਆਨ ਰੱਖਣ ਦੇ ਲਈ ਰੈਗੂਲਰਟੀ ਅਥਾਰਟੀ ਬਣਾਈ ਜਾਣੀ ਚਾਹੀਦੀ ਹੈ।
ਵਿਧਾਇਕ ਕੁਲਵੰਤ ਸਿੰਘ ਹੋਰਾਂ ਡਾਕਟਰ ਬਲਵੀਰ ਸਿੰਘ- ਸਿਹਤ ਮੰਤਰੀ ਤੇ ਪਰਿਵਾਰ ਭਲਾਈ ਵਿਭਾਗ ਨਾਲ ਸੰਬੰਧਿਤ ਮੰਤਰੀ ਨੂੰ ਇਹ ਸਵਾਲ ਕੀਤਾ ਕਿ ਕੀ ਉਹ ਇਹ ਦੱਸਣਗੇ ਕਿ ਰੈਗੂਲਰਟੀ ਅਥਾਰਟੀ ਬਣਾਏ ਜਾਣ ਲਈ ਕੀ ਅਤੇ ਕਦੋਂ ਕਦਮ ਚੁੱਕੇ ਜਾਣਗੇ, ਤਾਂ ਕਿ ਮਰੀਜ਼ਾਂ ਦੇ ਹਸਪਤਾਲ ਦੀ ਮੈਨੇਜਮੈਂਟ ਦੇ ਨਾਲ ਗਿਲੇ -ਸ਼ਿਕਵਿਆਂ ਨੂੰ ਦੂਰ ਕੀਤਾ ਜਾ ਸਕੇ।
ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਡਾਕਟਰ ਬਲਵੀਰ ਸਿੰਘ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੀ ਜਮੀਨ ਸਬੰਧੀ ਰਿਜ਼ਰਵ ਪ੍ਰਾਈਜ ਤੇ ਕੀਤੇ ਗਏ ਅਲੋਟਮੈਂਟ ਪੱਤਰ ਵੀ ਉਹਨਾਂ ਕੋਲ ਮੌਜੂਦ ਹਨ, ਅਤੇ ਕਿਰਪਾ ਕਰਕੇ ਕਮਜ਼ੋਰ ਵਰਗਾਂ ਨਾਲ ਸੰਬੰਧਿਤ ਮਰੀਜ਼ਾਂ ਦੇ ਇਲਾਜ ਸਬੰਧੀ ਕਦਮ ਉਠਾਏ ਜਾਣ ਅਤੇ ਖਾਸ ਕਰਕੇ ਕਮਜ਼ੋਰ ਵਰਗ ਨਾਲ ਸੰਬੰਧਿਤ ਮਰੀਜ਼ਾਂ ਨੂੰ ਰਾਹਤ ਦਿੱਤੀ ਜਾਵੇ , ਇਸ ਤੇ ਡਾਕਟਰ ਬਲਵੀਰ ਸਿੰਘ ਹੋਰਾਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਸਵਾਲ ਦੇ ਜਵਾਬ ਵਿੱਚ ਬੋਲਦੇ ਹੋਏ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਉਹਨਾਂ ਨੂੰ ਜਰੂਰੀ ਅਤੇ ਲੁੜਿੰਦੀ ਜਾਣਕਾਰੀ ਮੁਹਈਆ ਕਰਵਾ ਦੇਣ ਅਤੇ ਹੋਰ ਜਲਦ ਹੀ ਤੁਰੰਤ ਇਸ ਮਾਮਲੇ ਵਿੱਚ ਕਦਮ ਉਠਾਉਣਗੇ।
- Download Babushahi App
-
-