ਸਿਹਤਮੰਦ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ: ਪ੍ਰੇਮ ਸਿੰਘ ਭੰਗੂ
ਸਾਬਕਾ ਪੁਲਿਸ ਅਧਿਕਾਰੀ ਭੰਗੂ ਨੇ ਗਾਲਿਬ ਕਲਾਂ ਸਪੋਰਟਸ ਕਲੱਬ ਨੂੰ ਦਿੱਤੀ 21 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ
ਜਗਰਾਉਂ (ਦੀਪਕ ਜੈਨ)
ਵਿਧਾਨ ਸਭਾ ਹਲਕਾ ਜਗਰਾਉਂ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਅਤੇ ਸਾਬਕਾ ਪੁਲਿਸ ਅਧਿਕਾਰੀ ਪ੍ਰੇਮ ਸਿੰਘ ਭੰਗੂ ਨੇ ਅੱਜ ਪਿੰਡ ਗਾਲਿਬ ਕਲਾਂ ਦੇ ਖੇਡ ਮੈਦਾਨ ਵਿੱਚ ਨੌਜਵਾਨਾਂ ਅਤੇ ਬੱਚਿਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਫਲ ਵੰਡੇ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।
ਖਿਡਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਭੰਗੂ ਨੇ ਚਿੰਤਾ ਪ੍ਰਗਟਾਈ ਕਿ ਅਜੋਕੇ ਦੌਰ ਵਿੱਚ ਨੌਜਵਾਨ ਪੀੜ੍ਹੀ ਮੋਬਾਈਲ ਫ਼ੋਨ, ਸੋਸ਼ਲ ਮੀਡੀਆ ਦੇ ਬੇਲੋੜੇ ਰੁਝਾਨ ਅਤੇ ਨਸ਼ਿਆਂ ਵਰਗੀਆਂ ਗੰਭੀਰ ਅਲਾਮਤਾਂ ਵੱਲ ਤੇਜ਼ੀ ਨਾਲ ਖਿੱਚੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਹੀ ਸੇਧ ਦੇਣ ਲਈ ਉਨ੍ਹਾਂ ਨੂੰ ਖੇਡ ਮੈਦਾਨਾਂ ਵੱਲ ਮੋੜਨਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜਦੋਂ ਨੌਜਵਾਨ ਖੇਡ ਮੈਦਾਨਾਂ ਵਿੱਚ ਪਸੀਨਾ ਵਹਾਉਣਗੇ, ਤਾਂ ਜਿੱਥੇ ਉਨ੍ਹਾਂ ਦਾ ਸਰੀਰ ਤੰਦਰੁਸਤ ਰਹੇਗਾ, ਉੱਥੇ ਹੀ ਉਹ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰਹਿਣਗੇ।
ਇਸ ਮੌਕੇ ਫੁੱਟਬਾਲ ਖਿਡਾਰੀ ਸੰਦੀਪ ਸਿੰਘ, ਜਿੰਮ ਟ੍ਰੇਨਰ ਖੁਸ਼ ਗਾਲਿਬ, ਕਬੱਡੀ ਖਿਡਾਰੀ ਪ੍ਰਵੀਨ ਗਾਲਿਬ, ਵਾਲੀਬਾਲ ਖਿਡਾਰੀ ਮੋਹਲਾ ਗਾਲਿਬ ਅਤੇ ਪਾਰੀ ਗਾਲਿਬ ਨੇ ਮੈਦਾਨ ਦੇ ਰੱਖ-ਰਖਾਅ ਲਈ ਘਾਹ ਕੱਟਣ ਵਾਲੀ ਮਸ਼ੀਨ, ਵਾਲੀਬਾਲ ਗਰਾਊਂਡ ਵਿੱਚ ਫਲੱਡ ਲਾਈਟਾਂ ਅਤੇ ਖਿਡਾਰੀਆਂ ਲਈ ਖੇਡ ਕਿੱਟਾਂ ਦੀ ਲੋੜ ਬਾਰੇ ਜਾਣੂ ਕਰਵਾਇਆ। ਖਿਡਾਰੀਆਂ ਦੀ ਮੰਗ ਨੂੰ ਸੁਣਦਿਆਂ ਸਰਦਾਰ ਭੰਗੂ ਨੇ ਤੁਰੰਤ ਸਪੋਰਟਸ ਕਲੱਬ ਗਾਲਿਬ ਕਲਾਂ ਨੂੰ 21,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ, ਜਿਸ ਲਈ ਸਮੂਹ ਖਿਡਾਰੀਆਂ ਤੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰਜੀਤ ਸਿੰਘ ਚਾਹਲ, ਸਰਪੰਚ ਗੁਰਚਰਨ ਸਿੰਘ ਗਿਆਨੀ, ਸਾਬਕਾ ਸਰਪੰਚ ਜਗਦੀਸ਼ ਸ਼ਰਮਾ, ਜਗਦੀਪ ਸਿੰਘ ਮੱਲ੍ਹੀ, ਸਰਬਜੀਤ ਸਿੰਘ ਗਿੱਲ, ਅਮਰੀਕ ਸਿੰਘ (ਨਰੇਗਾ ਇੰਚਾਰਜ), ਭੋਲਾ ਸਿੰਘ, ਹਰਪ੍ਰੀਤ ਡੋਗਰਾ, ਗੁਰਦਾਸ ਸਿੰਘ, ਹਰਮਨ ਗਾਲਿਬ, ਗੋਨੀ ਗਾਲਿਬ, ਗੁਰਮੁਖ ਸਿੰਘ ਗਾਲਿਬ ਮੈਂਬਰ, ਆਸ਼ੂ ਗਾਲਿਬ, ਸੰਦੀਪ ਸਿੰਘ, ਸੋਨੂੰ ਗਾਲਿਬ ਸਮੇਤ ਸਪੋਰਟਸ ਕਲੱਬ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।
- Download Babushahi App
-
-