ਡਾਲਰਾਂ ਦੀ ਚਮਕ ਵਿੱਚ ਫ਼ਿੱਕੇ ਪੈ ਗਏ ਰਿਸ਼ਤੇ.....
ਅੱਜ ਦੇ ਦੌਰ ਵਿੱਚ ਵਿਦੇਸ਼ ਜਾਣਾ ਬਹੁਤ ਅੱਜ ਦੀ ਨੌਜਵਾਨ ਪੀੜ੍ਹੀ ਇੱਕ ਦਾ ਸੁਪਨਾ ਅਤੇ ਸ਼ੌਕ ਬਣ ਚੁੱਕਾ ਹੈ। ਅਸੀ ਅਕਸਰ ਹੀ ਸੁਣਦੇ ਆ ਰਹੇ ਹਾਂ ਕੀਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਜਾਣ ਨੂੰ ਤਰੱਕੀ, ਸੁੱਖ-ਸਹੂਲਤਾਂ ਅਤੇ ਚੰਗੇ ਭਵਿੱਖ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਵਿਦੇਸ਼ਾਂ ਦੀ ਚਰਚਾ ਆਮ ਹੈ। ਪਰ ਡਾਲਰਾਂ ਅਤੇ ਪੌਂਡਾਂ ਦੀ ਚਮਕ ਦੇ ਪਿੱਛੇ ਛੁਪੀ ਅਸਲੀਅਤ ਹਰ ਕੋਈ ਨਹੀਂ ਦੇਖਦਾ। ਕਈ ਵੇਖਕੇ ਵੀ ਅਣਦੇਖਾ ਕਰਦੇ ਹਨ।
ਅਸਲ ਵਿੱਚ ਹੁੰਦਾ ਕੀਂ ਹੈ ਵਿਦੇਸ਼ ਪਹੁੰਚਣ ਤੋਂ ਬਾਅਦ ਕਈ ਪਰਦੇਸੀਆਂ ਦੀ ਜ਼ਿੰਦਗੀ ਤਸਵੀਰਾਂ ਅਤੇ ਸੋਸ਼ਲ ਮੀਡੀਆ ’ਤੇ ਦਿਖਾਈ ਦੇਣ ਵਾਲੀ ਜ਼ਿੰਦਗੀ ਤੋਂ ਬਿਲਕੁਲ ਵੱਖਰੀ ਹੁੰਦੀ ਹੈ। ਕਈ ਨੌਜਵਾਨ ਲੰਬੇ ਸਮੇਂ ਤੱਕ ਮਿਹਨਤ-ਮਜ਼ਦੂਰੀ ਕਰਦੇ ਹਨ, ਮਹਿੰਗੇ ਕਿਰਾਏ, ਬਿੱਲਾਂ ਅਤੇ ਕਰਜ਼ਿਆਂ ਦਾ ਬੋਝ ਚੁੱਕਦੇ ਹਨ। ਪਰਿਵਾਰ ਨੂੰ ਇਹ ਦੱਸਣ ਦੀ ਬਜਾਏ ਕਿ ਅਸਲ ਹਾਲਾਤ ਕੀ ਹਨ, ਉਹ ਅਕਸਰ ਆਪਣੇ ਆਪ ਨੂੰ ਖੁਸ਼ ਅਤੇ ਕਾਮਯਾਬ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।
ਇਸ ਦੌੜ ਵਿੱਚ ਸਭ ਤੋਂ ਵੱਡਾ ਨੁਕਸਾਨ ਕਈ ਵਾਰ ਰਿਸ਼ਤਿਆਂ ਦਾ ਹੁੰਦਾ ਹੈ। ਪਹਿਲਾਂ ਜਿੱਥੇ ਪਰਿਵਾਰ ਇਕੱਠੇ ਬੈਠ ਕੇ ਦੁੱਖ-ਸੁੱਖ ਸਾਂਝਾ ਕਰਦੇ ਸਨ, ਉੱਥੇ ਹੁਣ ਮੋਬਾਈਲ ਦੀ ਸਕਰੀਨ ’ਤੇ ਕੁਝ ਮਿੰਟਾਂ ਦੀ ਗੱਲਬਾਤ ਹੀ ਰਿਸ਼ਤਿਆਂ ਦਾ ਸਹਾਰਾ ਬਣ ਗਈ ਹੈ। ਮਾਪੇ ਆਪਣੇ ਬੱਚਿਆਂ ਦੀ ਉਡੀਕ ਕਰਦੇ ਰਹਿੰਦੇ ਹਨ ਅਤੇ ਬੱਚੇ ਕੰਮ ਦੀ ਭੱਜ-ਦੌੜ ਵਿੱਚ ਮਾਪਿਆਂ ਲਈ ਸਮਾਂ ਨਹੀਂ ਕੱਢ ਸਕਦੇ। ਜੋਂ ਕੀਂ ਇਹ ਅੱਜ ਦੀ ਸੱਭ ਤੋਂ ਵੱਡੀ ਸੱਚਾਈ ਹੈ।
ਕਈ ਵਾਰ ਡਾਲਰ ਕਮਾਉਣ ਦੀ ਦੌੜ ਵਿੱਚ ਮਾਂ ਦੀ ਮਮਤਾ, ਪਿਉ ਦੀ ਉਡੀਕ, ਭੈਣ-ਭਰਾ ਦਾ ਪਿਆਰ ਅਤੇ ਰਿਸ਼ਤਿਆ ਤੇ ਦੋਸਤੀਆਂ ਦਾ ਨਿੱਘ ਹੌਲੀ-ਹੌਲੀ ਦੂਰ ਹੋ ਜਾਂਦਾ ਹੈ। ਤਿਉਹਾਰਾਂ ਦੀਆਂ ਖੁਸ਼ੀਆਂ, ਘਰ ਦੇ ਸਮਾਗਮ ਅਤੇ ਪਰਿਵਾਰਕ ਮਿਲਣੀਆਂ ਵੀ ਵੀਡੀਓ ਕਾਲ ਤੱਕ ਸੀਮਤ ਹੋ ਜਾਂਦੀਆਂ ਹਨ। ਮੰਨਦੇ ਹਾਂ ਕਿ ਪੈਸਾ ਹਰੇਕ ਘਰ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ, ਪਰ ਸੱਚੀ ਦੱਸਿਓ ਕੀਂ ਹਰ ਰਿਸ਼ਤੇ ਲਈ ਸਮਾਂ ਅਤੇ ਆਪਣਾਪਣ ਅਸੀਂ ਦੇ ਪਾਵਾਗੇ ਕੀਂ ਨਹੀਂ , ਇਹਨਾਂ ਡਾਲਰਾਂ ਦੀ ਦੌੜ ਵਿੱਚ...?
ਇਸ ਦਾ ਦੂਸਰਾ ਪੱਖ ਇਹ ਵੀ ਹੈ ਕਿ ਵਿਦੇਸ਼ ਜਾਣ ਵਾਲੇ ਹਰ ਵਿਅਕਤੀ ਦੀ ਕਹਾਣੀ ਦੁੱਖ ਭਰੀ ਨਹੀਂ ਹੁੰਦੀ। ਬਹੁਤ ਸਾਰੇ ਪਰਦੇਸੀ ਆਪਣੀ ਮਿਹਨਤ ਨਾਲ ਚੰਗੀ ਜ਼ਿੰਦਗੀ ਬਣਾਉਂਦੇ ਹਨ, ਪਰਿਵਾਰ ਦੀ ਮਦਦ ਕਰਦੇ ਹਨ ਅਤੇ ਆਪਣੇ ਸੁਪਨੇ ਪੂਰੇ ਕਰਦੇ ਹਨ। ਸਮੱਸਿਆ ਵਿਦੇਸ਼ ਜਾਣ ਵਿੱਚ ਨਹੀਂ, ਸਗੋਂ ਇਹ ਮੰਨ ਲੈਣ ਕੀਂ ਪੈਸਾ ਹੀ ਅਸਲ ਜ਼ਿੰਦਗੀ ਦੀ ਹਰੇਕ ਖੁਸ਼ੀ ਦਾ ਰਾਹ ਹੈ।
ਅਸਲ ਤਰੱਕੀ ਉਹ ਨਹੀਂ ਜਿਸ ਵਿੱਚ ਬੈਂਕ ਖਾਤਾ ਤਾਂ ਭਰ ਜਾਵੇ ਪਰ ਘਰ ਦਿਲੋਂ ਖਾਲੀ ਹੋ ਜਾਵੇ। ਅਸਲ ਕਾਮਯਾਬੀ ਉਹ ਹੈ ਜਿੱਥੇ ਇਨਸਾਨ ਆਪਣੀ ਮਿਹਨਤ ਨਾਲ ਕਮਾਈ ਕਰੇ, ਪਰ ਆਪਣੇ ਮਾਪਿਆਂ, ਪਰਿਵਾਰ ਅਤੇ ਰਿਸ਼ਤਿਆਂ ਲਈ ਵੀ ਸਮਾਂ ਕੱਢੇ। ਕਿਉੰਕਿ ਅਸਲ ਕਮਾਈ ਸਾਡੇ ਅਪਣੇ ਹਨ।
ਅੱਜ ਲੋੜ ਹੈ ਕਿ ਅਸੀਂ ਵਿਦੇਸ਼ ਜਾਣ ਦੇ ਸੁਪਨੇ ਨੂੰ ਗਲਤ ਨਾ ਮੰਨੀਏ, ਪਰ ਇਸ ਦੀ ਅਸਲੀ ਕੀਮਤ ਨੂੰ ਵੀ ਸਮਝੀਏ। ਡਾਲਰ ਕਮਾਉਣਾ ਮਾੜਾ ਨਹੀਂ, ਪਰ ਡਾਲਰਾਂ ਦੀ ਚਮਕ ਵਿੱਚ ਆਪਣੇ ਉਹ ਰਿਸ਼ਤੇ ਨਾ ਗੁਆ ਬੈਠੀਏ ਜਿਨ੍ਹਾਂ ਦੀ ਕੀਮਤ ਕਿਸੇ ਵੀ ਮੁਦਰਾ ਵਿੱਚ ਨਹੀਂ ਲੱਗ ਸਕਦੀ।
ਕਿਉਂਕਿ ਪੈਸਾ ਮੁੜ ਕਮਾਇਆ ਜਾ ਸਕਦਾ ਹੈ, ਪਰ ਗੁਆਇਆ ਹੋਇਆ ਸਮਾਂ, ਮਾਪਿਆਂ ਦੀ ਉਡੀਕ ਅਤੇ ਟੁੱਟੇ ਹੋਏ ਰਿਸ਼ਤੇ ਹਮੇਸ਼ਾ ਵਾਪਸ ਨਹੀਂ ਆਉਂਦੇ। ਇਸ ਲਈ ਰਿਸ਼ਤਿਆਂ ਦਾ ਨਿੱਘ ਜਿਊਂਦਾ ਰੱਖਿਓ, ਰਿਸ਼ਤਿਆਂ ਦੀ ਉਮੀਦ ਨਾ ਮਰਨ ਦੇਣਾ, ਪੈਸਾ ਜਿੰਨਾ ਮਰਜ਼ੀ ਕਮਾਉ, ਪਰ ਆਪਣੇ ਰਿਸ਼ਤੇ ਨਾ ਗਵਾਓ।
ਗੁਰਪ੍ਰੀਤ ਸਿੰਘ ਜਖਵਾਲੀ (ਸ਼੍ਰੀ ਫ਼ਤਹਿਗੜ੍ਹ ਸਾਹਿਬ)
ਮੋਬਾਇਲ ਫੋਨ:-9855036444

-
ਗੁਰਪ੍ਰੀਤ ਸਿੰਘ ਜਖਵਾਲੀ,
jakhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.