ਪੰਜਾਬ ਸੰਕਟਾਂ ਨਾਲ ਜੂਝ ਰਿਹਾ, ਮੁੱਖ ਮੰਤਰੀ ਬੰਗਲੌਰ 'ਚ ਵਿਪਸਨਾ 'ਤੇ; ਲੋਕਾਂ ਨੂੰ ਜਵਾਬ ਦੇਣ ਦੀ ਬਜਾਏ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਰਹੀ ਸਰਕਾਰ: ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ 2 ਜੁਲਾਈ
ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੰਗਲੌਰ ਦੌਰੇ ਨੂੰ ਲੈ ਕੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਹੜ੍ਹਾਂ ਦੇ ਖ਼ਤਰੇ, ਆਰਥਿਕ ਸੰਕਟ, ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਲੋਕਾਂ ਦੇ ਵਧਦੇ ਰੋਸ ਨਾਲ ਜੂਝ ਰਿਹਾ ਹੈ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਸੂਬੇ ਦੀ ਕਮਾਨ ਛੱਡ ਕੇ ਵਿਪਸਨਾ ਲਈ ਬੰਗਲੌਰ ਚਲੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਨੂੰ ਉਸਦੇ ਹਾਲ 'ਤੇ ਛੱਡਣਾ ਸਰਕਾਰ ਦੀਆਂ ਤਰਜੀਹਾਂ ਨੂੰ ਬੇਨਕਾਬ ਕਰਦਾ ਹੈ।
ਢਿੱਲੋਂ ਨੇ ਕਿਹਾ ਕਿ ਸੂਬੇ ਵਿੱਚ ਕਈ ਥਾਵਾਂ 'ਤੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ, ਨਹਿਰਾਂ ਅਤੇ ਸੂਏ ਟੁੱਟ ਰਹੇ ਹਨ। ਕਿਸਾਨਾਂ ਨੂੰ ਝੋਨੇ ਲਈ ਬਿਜਲੀ ਨਹੀਂ ਮਿਲ ਰਹੀ, ਸੂਬੇ ਨੂੰ ਕਰਜ਼ਈ ਕੀਤਾ ਜਿਸ ਰਿਹਾ ਹੈ, ਮੁਲਾਜ਼ਮ ਧਰਨਿਆਂ 'ਤੇ ਹਨ ਅਤੇ ਔਰਤਾਂ ਨਾਲ ਮਹਾ ਧੋਖਾ ਕੀਤਾ ਗਿਆ ਹੈ, ਇਹਨਾਂ ਸਾਰੇ ਮੁੱਦਿਆਂ ਦਾ ਜਵਾਬ ਦੇਣ ਤੋਂ ਮੁੱਖ ਮੰਤਰੀ ਭੱਜ ਰਹੇ ਹਨ।
ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਸੁਤੰਤਰ ਤੌਰ 'ਤੇ ਫ਼ੈਸਲੇ ਲੈਣ ਦੀ ਬਜਾਏ ਦਿੱਲੀ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਹਿੱਤਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਕੇਜਰੀਵਾਲ ਦੇ ਵਾਅਦਿਆਂ ਅਤੇ ਸਿਆਸੀ ਨਾਟਕਾਂ ਤੋਂ ਪ੍ਰਭਾਵਿਤ ਨਹੀਂ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਲੋਕ ਇਸ ਸਰਕਾਰ ਤੋਂ ਪੂਰਾ ਹਿਸਾਬ ਮੰਗਣਗੇ ਅਤੇ ਚੋਣਾਂ ਵਿੱਚ ਇਸਦਾ ਜਵਾਬ ਵੀ ਦੇਣਗੇ।
ਉਨ੍ਹਾਂ ਮੁੱਖ ਮੰਤਰੀ ਦੇ ਬੰਗਲੌਰ ਦੌਰੇ 'ਤੇ ਤੰਜ਼ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦਾ ਸਮਾਂ ਹੁਣ ਬਹੁਤ ਘੱਟ ਬਚਿਆ ਹੈ ਅਤੇ ਜਨਤਾ ਜਲਦ ਹੀ ਇਸ ਨੂੰ "ਪੱਕੀ ਛੁੱਟੀ" ਦੇਣ ਦਾ ਫ਼ੈਸਲਾ ਕਰੇਗੀ, ਜਿਸਤੋਂ ਬਾਅਦ ਭਗਵੰਤ ਮਾਨ ਕੋਲ ਛੁੱਟੀਆਂ ਮਨਾਉਣ ਵਾਧੂ ਸਮਾਂ ਹੋਵੇਗਾ।