ਮਾਨਸਾ ਜ਼ਿਲ੍ਹੇ ਵਿੱਚ 7 ਜੂਨ ਨੂੰ ਲੱਗਣਗੇ ਪ੍ਰੀ- ਐਸਆਈਆਰ ਅਧਾਰਿਤ ਵਿਸ਼ੇਸ਼ ਕੈਂਪ : DC
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ
94.26% ਵੋਟਰਾਂ ਦੀ ਮੈਪਿੰਗ ਨਾਲ ਜ਼ਿਲ੍ਹਾ ਮਾਨਸਾ ਪਹਿਲੇ ਸਥਾਨ ਉੱਤੇ ਕਾਇਮ
ਅਸ਼ੋਕ ਵਰਮਾ
ਮਾਨਸਾ, 2 ਜੂਨ 2026 :ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ 7 ਜੂਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜ਼ਿਲ੍ਹਾ ਮਾਨਸਾ ਦੇ ਪੋਲਿੰਗ ਬੂਥਾਂ ਵਿੱਚ ਪ੍ਰੀ- ਐਸਆਈਆਰ 'ਤੇ ਅਧਾਰਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ
ਵੋਟਰ ਸੂਚੀਆਂ ਨੂੰ ਬਿਲਕੁਲ ਸਹੀ ਅਤੇ ਅਪਡੇਟ ਕਰਨ ਲਈ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਤਹਿਤ ਸਾਰੇ ਬੂਥ ਲੈਵਲ ਅਫਸਰ, 7 ਜੂਨ ਦਿਨ ਐਤਵਾਰ ਨੂੰ ਆਪੋ ਆਪਣੇ ਬੂਥਾਂ ਉਤੇ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼, ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਨਾਲ ਸਬੰਧਤ ਕੰਮਾਂ ਨੂੰ ਹੋਰ ਪਾਰਦਰਸ਼ੀ, ਤਰੁੱਟੀ-ਰਹਿਤ ਅਤੇ ਸੁਖਾਲਾ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵੋਟਰਾਂ ਦੀ ਵੋਟ, 2003 ਦੀ ਵੋਟਰ ਸੂਚੀ ਨਾਲ ਹਲੇ ਤੱਕ ਮੈਪ ਨਹੀਂ ਹੋਈ, ਉਹ ਵੋਟਰ ਇਸ ਵਿਸ਼ੇਸ਼ ਕੈਂਪ ਵਿੱਚ ਆਪਣੀ ਵੋਟ ਮੈਪ ਕਰਵਾ ਲੈਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 94.26% ਵੋਟਰਾਂ ਦੀ ਮੈਪਿੰਗ ਨਾਲ, ਜ਼ਿਲ੍ਹਾ ਮਾਨਸਾ ਪੰਜਾਬ ਭਰ ਵਿਚੋਂ ਪਹਿਲੇ ਸਥਾਨ ਉੱਤੇ ਕਾਇਮ ਹੈ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪਹਿਲਾਂ ਜਾਰੀ ਵਿਸ਼ੇਸ਼ ਗਹਿਰੀ ਸੁਧਾਈ ਦੇ ਸ਼ਡਿਊਲ ਵਿੱਚ ਅੰਸ਼ਿਕ ਸੋਧ ਕੀਤੀ ਗਈ ਹੈ ਜਿਸ ਤਹਿਤ ਹੁਣ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 31 ਜੁਲਾਈ ਦੀ ਥਾਂ ਉੱਤੇ 3 ਅਗਸਤ 2026 ਨੂੰ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਇਹਨਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਬਾਕੀ ਸ਼ਡਿਊਲ ਉਸੇ ਤਰ੍ਹਾਂ ਜਾਰੀ ਰਹੇਗਾ ਜਿਸ ਤਹਿਤ 25 ਜੂਨ ਤੋਂ 24 ਜੁਲਾਈ ਤੱਕ ਬੂਥ ਲੈਵਲ ਅਫਸਰ ਘਰ ਘਰ ਜਾ ਕੇ ਵੋਟਰਾਂ ਨੂੰ ਇਨੁਮੀਰੇਸ਼ਨ ਫਾਰਮ ਦੀ ਵੰਡ ਕਰਨਗੇ ਅਤੇ ਸਬੰਧਤ ਵੋਟਰ ਪਾਸੋਂ ਲੋੜੀਂਦੀ ਜਾਣਕਾਰੀ ਭਰਵਾ ਕੇ ਹਸਤਾਖਰਸ਼ੁਦਾ ਫਾਰਮ ਇਕੱਤਰ ਕਰਨਗੇ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸਿਮਰਪ੍ਰੀਤ ਕੌਰ, ਉਪ ਮੰਡਲ ਮੈਜਿਸਟਰੇਟ ਮਾਨਸਾ ਬਲਜੀਤ ਕੌਰ, ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗਗਨਦੀਪ ਸਿੰਘ, ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ ਵੀ ਮੌਜੂਦ ਸਨ।