ਸਰਕਾਰ ਬਣਨ 'ਤੇ ਟਰੁੱਥ ਕਮਿਸ਼ਨ ਬਣਾ ਕੇ ਸੁਖੀ ਰੰਧਾਵੇ ਤੇ ਬਾਪ ਸੰਤੋਖ ਰੰਧਾਵੇ ਵਲੋਂ ਸਿੱਖੀ ਅਤੇ ਪੰਜਾਬ ਖਿਲਾਫ ਕੀਤੇ ਜੁਰਮ ਨੂੰ ਜੱਗ ਜਾਹਰ ਕੀਤਾ ਜਾਵੇਗਾ - ਸੋਸਣ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 1 ਮਈ 2026
ਕਾਂਗਰਸੀ ਆਗੂ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲੈਂਦੇ ਹੋਏ 'ਪੰਥਕ ਏਕਤਾ ਕਮੇਟੀ' ਮੈਂਬਰ ਤੇ ਮੋਗੇ ਤੋਂ ਅਕਾਲੀ ਦਲ- ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਨੇ ਅੱਜ ਇੱਥੇ ਖੁਲਾਸਾ ਕੀਤਾ ਕਿ ਰੰਧਾਵਾ ਦੇ ਬਾਪ ਸੰਤੋਖ ਸਿੰਘ ਰੰਧਾਵਾ ਦੀ 1984 ਤੋਂ ਬਾਅਦ ਬਹੁਤ ਹੀ ਬਦਕਾਰ ਭੂਮਿਕਾ ਰਹੀ ਹੈ। ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਦੇ ਨਕਸ਼ੇ ਕਦਮਾਂ 'ਤੇ ਚਲਦਿਆਂ ਉਸ ਸਮੇਂ ਕਾਂਗਰਸ ਪ੍ਰਧਾਨ ਵਜੋਂ ਸੈਂਕੜੇ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਝੂਠੇ ਮੁਕਾਬਲੇ ਬਣਾਉਣ ਅਤੇ ਬੀਬੀਆਂ ਬੱਚਿਆਂ ਦੇ ਬਜ਼ੁਰਗਾਂ ਖਿਲਾਫ ਕਈ ਤਰ੍ਹਾਂ ਦੇ ਜੁਰਮ ਕੀਤੇ ਸਨ । ਉਹਨਾਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਦੋਂ ਸਰਕਾਰ ਬਣਾ ਲੈਣਗੇ ਤਾਂ ਪਹਿਲ ਦੇ ਆਧਾਰ ਤੇ ਟਰੁੱਥ ਕਮਿਸ਼ਨ ਦਾ ਗਠਨ ਕਰਕੇ ਇਹਨਾਂ ਕਾਂਗਰਸੀਆਂ ਦੇ ਗੁਨਾਹਾਂ ਨੂੰ ਜੱਗ ਜਾਹਰ ਕੀਤਾ ਜਾਵੇਗਾ। ਸ. ਸੋਸਣ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਕਾਲ ਵਿੱਚ ਜਿਵੇਂ ਸੁਖਜਿੰਦਰ ਰੰਧਾਵਾ ਨੇ ਬੇਅਦਬੀ ਦੇ ਕੇਸਾਂ ਵਿੱਚ ਨਿਆ ਦਵਾਉਣ ਦਾ ਝੂਠਾ ਲਾਰਾ ਲਾ ਕੇ ਸਿੱਖਾਂ ਨਾਲ ਵਿਸ਼ਵਾਸ ਘਾਤ ਕੀਤਾ ਉਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਉਹਨਾਂ ਕਿਹਾ ਕਿ ਸੁੱਖੀ ਰੰਧਾਵਾ ਖੁਦ ਵੀ ਪੰਜਾਬ ਵਿੱਚ ਗੈੰਗਸਟਰਵਾਦ ਪੈਦਾ ਕਰਨ ਦਾ ਦੋਸ਼ੀ ਹੈ।
ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਬੁਖਲਾਹਟ ਸਮਝ ਆ ਰਹੀ ਹੈ ਕਿਉਂਕਿ ਉਹ ਮੁਕਾਬਲੇ ਚੋਂ ਪੂਰੀ ਤਰ੍ਹਾਂ ਬਾਹਰ ਹੋ ਚੁੱਕੇ ਹਨ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਭਾਜਪਾ ਤੇ ਆਮ ਆਦਮੀ ਪਾਰਟੀ ਨਾਲ ਰਲ ਕੇ ਸਾਜਿਸ਼ਾਂ ਕਰ ਰਹੇ ਹਨ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੰਮਾ ਸਮਾਂ ਅੰਦਰ ਰੱਖਿਆ ਜਾ ਸਕੇ।
ਸੋਸਣ ਨੇ ਕਿਹਾ ਕਿ ਇਹ ਸਾਰੀਆਂ ਰਵਾਇਤੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਉਭਾਰ ਤੋਂ ਭੈਭੀਤ ਹਨ ਅਤੇ ਉਹਨਾਂ ਦੇ ਖਿਲਾਫ ਏਕਾ ਕਰਕੇ ਪੰਜਾਬ ਵਿੱਚ ਹਿੰਸਾ ਤੇ ਬਦਅਮਨੀ ਦਾ ਮਾਹੌਲ ਪੈਦਾ ਕਰ ਸਕਦੀਆਂ ਹਨ । ਪਿਛਲੀਆਂ ਚੋਣਾਂ ਸਮੇਂ ਮੌੜ ਬੰਬ ਧਮਾਕਾ ਇਸ ਦੀ ਵੱਡੀ ਮਿਸਾਲ ਹੈ ਕਿ ਲੋਕਾਂ ਵਿੱਚ ਡਰ ਤੇ ਖੌਫ ਪੈਦਾ ਕਰਨ ਦੇ ਲਈ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਅਜਿਹੇ ਗੁਨਾਹ ਕਰਦੀਆਂ ਰਹੀਆਂ ਹਨ।
ਉਹਨਾਂ ਕਿਹਾ ਕਿ ਕਾਂਗਰਸ ਦੇ ਮੱਥੇ ਤੋਂ ਅਕਾਲ ਤਖਤ ਸਾਹਿਬ ਅਤੇ ਅਨੇਕਾਂ ਹੋਰ ਗੁਰਦੁਆਰਿਆਂ ਉੱਤੇ ਕੀਤੇ ਹਮਲੇ ਸਿੱਖ ਕੌਮ ਦੀ ਨਸਲ ਕੁਸ਼ੀ ਦਾ ਦਾਗ ਕਦੇ ਨਹੀਂ ਮਿਟ ਸਕਦਾ। ਸੋਸਣ ਨੇ ਸੁਖਜਿੰਦਰ ਸਿੰਘ ਰੰਧਾਵੇ ਤੇ ਤੰਜ ਕਸਦਿਆਂ ਕਿਹਾ ਕਿ ਉਹ ਭਾਈ ਸਾਹਿਬ ਦੇ ਖਿਲਾਫ ਖੁੱਲ ਕੇ ਨਫਰਤ ਗਲੱਛਣ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਬੀ ਨਾਸ ਹੋ ਸਕੇ।
Click to Follow Babushahi Facebook page →