DC ਮਾਨਸਾ ਨਵਜੋਤ ਕੌਰ ਵੱਲੋਂ ਜਨਗਣਨਾ ਦੌਰਾਨ ਗਿਣਤੀਕਾਰਾਂ ਨਾਲ ਸਹਿਯੋਗ ਕਰਨ ਦੀ ਅਪੀਲ
ਜਨਗਣਨਾ-2027 ਸਬੰਧੀ ਫੀਲਡ ਟਰੇਨਰਜ਼ ਨੂੰ ਦਿੱਤੀ ਸਿਖਲਾਈ
ਅਸ਼ੋਕ ਵਰਮਾ
ਮਾਨਸਾ, 30 ਅਪ੍ਰੈਲ 2026:ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ ਅਫ਼ਸਰ ਸ੍ਰੀਮਤੀ ਨਵਜੋਤ ਕੌਰ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਥਾਨਕ ਬੱਚਤ ਭਵਨ ਅਤੇ ਜ਼ਿਲ੍ਹੇ ਦੀਆਂ ਹੋਰ ਵੱਖ-ਵੱਖ ਥਾਵਾਂ ਤੇ ਸੈਂਸਜ-2027 ਸਬੰਧੀ ਫੀਲਡ ਟਰੇਨਰਜ ਨੂੰ ਸਿਖਲਾਈ ਦਿੱਤੀ ਗਈ। ਬੱਚਤ ਭਵਨ ਵਿਖੇ ਹੋਈ ਟ੍ਰੇਨਿੰਗ ਵਿੱਚ ਖੋਜ ਅਫ਼ਸਰ ਅੰਕੜਾ ਵਿਭਾਗ ਸ਼੍ਰੀ ਰਣਜੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਜਨਗਣਨਾ ਸਬੰਧੀ ਵਿਸ਼ੇਸ਼ ਨੁਕਤਿਆਂ ਤੋਂ ਫੀਲਡ ਟਰੇਨਰਜ਼ ਨੂੰ ਜਾਣੂ ਕਰਵਾਇਆ।
ਇਸ ਮੌਕੇ ਉਨ੍ਹਾਂ ਫੀਲਡ ਟ੍ਰੇਨਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਨਗਣਨਾ ਦਾ ਦੇਸ਼ ਦੀ ਉਨੱਤੀ ਅਤੇ ਵਿਕਾਸ ਵਿੱਚ ਅਹਿਮ ਰੋਲ ਹੁੰਦਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰਾ ਕਰਕੇ ਸਰਕਾਰ ਨੂੰ ਸਹੀ ਆਂਕੜੇ ਮੁਹੱਈਆ ਕਰਵਾਈਏ।
ਖੋਜ ਅਫ਼ਸਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 30 ਅਪ੍ਰੈਲ ਤੋਂ 14 ਮਈ 2026 ਤੱਕ ਹਰੇਕ ਵਿਅਕਤੀ ਜਨਗਣਨਾ 2027 ਸਬੰਧੀ ਆਪਣੀ ਸਵੈ-ਗਣਨਾ ਕਰ ਸਕਦਾ ਹੈ ਅਤੇ ਘਰ ਬੈਠਿਆਂ ਹੀ ਸਬੰਧਤ ਸਾਇਟ ਤੇ ਡਾਟਾ ਅਪਲੋਡ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 15 ਮਈ ਤੋਂ 13 ਜੂਨ 2026 ਤੱਕ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇਕੱਤਰ ਕਰਨਗੇ, ਜਿਨ੍ਹਾਂ ਦਾ ਸਹਿਯੋਗ ਕੀਤਾ ਜਾਵੇ ਅਤੇ ਉਨ੍ਹਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਜਾਣ, ਤਾਂ ਜੋ ਜਨਗਣਨਾ ਸਬੰਧੀ ਆਂਕੜੇ ਇੱਕਠੇ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।