ਟਰੈਫਿਕ ਨਿਯਮ ਤੋੜਨ ਵਾਲਿਆਂ ਲਈ ਲੁਧਿਆਣਾ ਪੁਲਿਸ ਹੋਈ ਸਖਤ, 600 ਤੋਂ ਵੱਧ ਕੱਟੇ ਚਲਾਨ
ਸੁਖਮਿੰਦਰ ਭੰਗੂ
ਲੁਧਿਆਣਾ 7 ਨਵੰਬਰ 2025
ਲੁਧਿਆਣਾ ਪੁਲਿਸ ਵੱਲੋਂ ਸ਼ਹਿਰ ਵਿੱਚ ਸੜਕ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਅਤੇ ਟ੍ਰੈਫਿਕ ਅਨੁਸ਼ਾਸਨ ਨੂੰ ਕਾਇਮ ਰੱਖਣ ਲਈ ਖ਼ਾਸ ਡਰਾਈਵ ਚਲਾਈ ਗਈ, ਜਿਸ ਵਿੱਚ ਲਾਲ ਬੱਤੀ ਲੰਘਣ, ਸਟਾਪ ਲਾਈਨ ਤੋੜਣ ਅਤੇ ਗਲਤ ਦਿਸ਼ਾ ਵਿੱਚ ਗੱਡੀ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ।
ਇਹ ਮੁਹਿੰਮ ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ ਸਵਪਨ ਸ਼ਰਮਾ, IPS ਅਤੇ ADCP ਟ੍ਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ, PPS ਦੀ ਅਗਵਾਈ ਹੇਠ ਚਲਾਈ ਗਈ। ਇਸ ਡਰਾਈਵ ਦੀ ACP ਟ੍ਰੈਫਿਕ–I ਜਤਿਨ ਬਾਂਸਲ ਅਤੇ ACP ਟ੍ਰੈਫਿਕ–II ਗੁਰਦੇਵ ਸਿੰਘ ਵੱਲੋਂ ਨਿੱਜੀ ਤੌਰ ‘ਤੇ ਨਿਗਰਾਨੀ ਕੀਤੀ ਗਈ।
ਸ਼ਹਿਰ ਦੇ ਵੱਖ-ਵੱਖ ਚੌਕਾਂ ਤੇ ਟ੍ਰੈਫਿਕ ਪੁਲਿਸ ਵੱਲੋਂ ਚੈੱਕਿੰਗ ਪੌਇੰਟ ਲਗਾ ਕੇ ਕਾਰਵਾਈ ਕੀਤੀ ਗਈ। ਡਰਾਈਵ ਦੌਰਾਨ 600 ਤੋਂ ਵੱਧ ਚਲਾਨ ਜਾਰੀ ਕੀਤੇ ਗਏ। ਲਾਲ ਬੱਤੀ ਲੰਘਣ, ਸਟਾਪ ਲਾਈਨ ਤੋੜਣ ਤੇ ਗਲਤ ਦਿਸ਼ਾ ਵਿੱਚ ਗੱਡੀ ਚਲਾਉਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਗਈ। ਪੁਲਿਸ ਨੇ ਸ਼ਹਿਰ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ਸੁਰੱਖਿਆ ਲਈ ਜ਼ਿੰਮੇਵਾਰੀ ਨਾਲ ਡਰਾਈਵ ਕਰਨ।
ਇਸ ਡਰਾਈਵ ਦੇ ਨਾਲ ਹੀ, ਧੁੰਦ ਦੇ ਮੌਸਮ ਨੂੰ ਦੇਖਦਿਆਂ ਲੁਧਿਆਣਾ ਪੁਲਿਸ ਅਤੇ ਪ੍ਰੈੱਸ ਭਾਈਚਾਰੇ ਵੱਲੋਂ ਸਾਂਝੀ ਸੁਰੱਖਿਆ ਮੁਹਿੰਮ ਚਲਾਈ ਗਈ, ਜਿਸ ਦੀ ਅਗਵਾਈ ACP (ਟ੍ਰੈਫਿਕ) ਜਤਿਨ ਬਾਂਸਲ ਵੱਲੋਂ ਕੀਤੀ ਗਈ। ਇਸ ਮੁਹਿੰਮ ਦੌਰਾਨ ਹੈਵੀ ਵਾਹਨਾਂ, ਆਟੋਆਂ ਅਤੇ ਟਰੈਕਟਰਾਂ ‘ਤੇ ਰਿਫਲੈਕਟਰ ਟੇਪ ਲਗਾਈ ਗਈ ਤਾਂ ਜੋ ਧੁੰਦ ਜਾਂ ਘੱਟ ਵਿਖਾਈ ਵਾਲੇ ਸਮੇਂ ਦੌਰਾਨ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ।
ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸਵਪਨ ਸ਼ਰਮਾ, IPS ਨੇ ਕਿਹਾ ਕਿ “ਸੜਕ ਸੁਰੱਖਿਆ ਸਾਡੇ ਸਾਰੇ ਦੀ ਸਾਂਝੀ ਜ਼ਿੰਮੇਵਾਰੀ ਹੈ। ਛੋਟੀਆਂ ਸੁਰੱਖਿਆ ਜ਼ਿੰਮੇਵਾਰੀਆਂ ਜਿਵੇਂ ਕਿ ਰਿਫਲੈਕਟਰ ਲਗਾਉਣਾ ਵੀ ਕਈ ਜ਼ਿੰਦਗੀਆਂ ਬਚਾ ਸਕਦੀਆਂ ਹਨ।”
ਲੁਧਿਆਣਾ ਪੁਲਿਸ ਵੱਲੋਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਸਿਗਨਲਾਂ ਦੀ ਇੱਜ਼ਤ ਕਰਨ ਅਤੇ ਧੁੰਦ ਦੇ ਮੌਸਮ ਦੌਰਾਨ ਸੁਰੱਖਿਆ ਦੇ ਉਪਾਅ ਅਪਣਾਉਣ। ਆਓ ਮਿਲ ਕੇ ਲੁਧਿਆਣਾ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਈਏ।