ਅਕਾਲੀ ਦਲ ਨੇ ਅਣਪਛਾਤੇ ਪੁਲਿਸ ਮੁਲਾਜ਼ਮਾਂ ਵੱਲੋਂ ਕੰਚਨਪ੍ਰੀਤ ਕੌਰ ਦਾ ਪਿੱਛਾ ਕਰਨ ਦੀ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ, ਮੰਗੀ ਕਾਰਵਾਈ
ਚੰਡੀਗੜ੍ਹ/6 ਨਵੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਪੁੱਤਰੀ ਕੰਚਨਪ੍ਰੀਤ ਕੌਰ ਦਾ ਅਣਪਛਾਤੇ ਪੁਲਿਸ ਮੁਲਾਜ਼ਮਾਂ ਨੇ ਪਿੱਛਾ ਕੀਤਾ ਅਤੇ ਇਸ ਮਾਮਲੇ ਵਿਚ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਆਪਣੀ ਲਿਖਤੀ ਸ਼ਿਕਾਇਤ ਵਿਚ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਬੀਤੇ ਦਿਨ ਤਰਨ ਤਾਰਨ ਵਿਚ ਇਕ ਗੰਭੀਰ ਤੇ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਿਸ ਵਿਚ ਪੁਲਿਸ ਅਥਾਰਟੀ ਦੀ ਦੁਰਵਰਤੋਂ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਸਪਸ਼ਟ ਨਜ਼ਰ ਆਈ। ਪਾਰਟੀ ਨੇ ਕਿਹਾ ਕਿ ਦੋ ਅਣਪਛਾਤੇ ਲੋਕ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਪੁੱਤਰੀ ਕੰਚਨਪ੍ਰੀਤ ਕੌਰ ਦੀ ਪੁੱਤਰੀ ਦਾ ਪਿੱਛਾ ਕਰਦੇ ਨਜ਼ਰ ਆਏ। ਉਹਨਾਂ ਕਿਹਾ ਕਿ ਜਦੋਂ ਇਹਨਾਂ ਦੋਵਾਂ ਨੂੰ ਆਮ ਲੋਕਾਂ ਨੇ ਰੋਕਿਆ ਤਾਂ ਇਹਨਾਂ ਨੇ ਦਾਅਵਾ ਕੀਤਾ ਕਿ ਉਹ ਪੁਲਿਸ ਅਧਿਕਾਰੀ ਹਨ ਜਿਹਨਾਂ ਦੀ ਡਿਊਟੀ ਰਿਪੁਤਮਨ ਸਿੰਘ ਪੀ ਪੀ ਐਸ ਐਸ ਪੀ ਇਨਵੈਨਸਟੀਗੇਸ਼ਨ ਤਰਨ ਤਾਰਨ ਅਤੇ ਸ੍ਰੀ ਪ੍ਰਭਜੀਤ ਸਿੰਘ 48/ਅੰਮ੍ਰਿਤਸਰ ਇੰਚਾਰਜ ਸੀ ਆਈ ਏ ਤਰਨ ਤਾਰਨ ਨੇ ਲਗਾਈ ਹੈ। ਉਹਨਾਂ ਕਿਹਾ ਕਿ ਇਹ ਲੋਕ ਕੋਈ ਵੀ ਲਿਖਤੀ ਹੁਕਮ ਵਿਖਾਉਣ ਵਿਚ ਨਾਕਾਮ ਰਹੇ । ਉਹਨਾਂ ਕਿਹਾ ਕਿ ਇਹ ਵੀ ਪਾਇਆ ਗਿਆ ਕਿ ਜਿਹੜਾ ਵਾਹਨ ਇਹ ਵਰਤ ਰਹੇ ਸਨ ਉਹ ਇਕ ਪ੍ਰਾਈਵੇਟ ਕਾਰ ਸੀ ਜਿਸਦੀ ਨੰਬਰ ਪਲੇਟ ਵੀ ਜਾਅਲੀ ਸੀ ਜਿਸ ਤੋਂ ਮਾਮਲੇ ਦੇ ਕਾਨੂੰਨੀ ਪਹਿਲੂ ਬਾਰੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਹਨਾਂ ਕਿਹਾ ਕਿ ਦੋਵੇਂ ਮੁਲਾਜ਼ਮ ਵਰਦੀ ਵਿਚ ਨਹੀਂ ਸਨ ਜੋ ਹੋਰ ਵੀ ਸ਼ੰਕੇ ਖੜ੍ਹੇ ਕਰਦੇ ਹਨ। ਉਹਨਾਂ ਕਿਹਾ ਕਿ ਸਾਰੀ ਘਟਨਾ ਦੀ ਮੌਕੇ ’ਤੇ ਮੌਜੂਦ ਲੋਕਾਂ ਨੇ ਵੀਡੀਓ ਬਣਾਈ। ਉਹਨਾਂ ਕਿਹਾ ਕਿ ਸਪਸ਼ਟ ਤੌਰ ’ਤੇ ਇਹ ਮਾਮਲਾ ਅਕਾਲੀ ਦਲ ਦੇ ਉਮੀਦਵਾਰ ਅਤੇ ਉਹਨਾਂ ਦੀ ਪਰਿਵਾਰਕ ਮੈਂਬਰਾਂ ਨੂੰ ਡਰਾਉਣ ਅਤੇ ਧਮਕਾਉਣ ਦਾ ਹੈ ਜੋ ਸਰਕਾਰੀ ਮਸ਼ੀਨਰੀ ਦੇ ਇਸ਼ਾਰੇ ’ਤੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਵਿਚ ਚੋਣ ਪ੍ਰਕਿਰਿਆ ਦੇ ਸਾਫ ਸੁਥਰੀ ਹੋਣ ’ਤੇ ਸਵਾਲ ਖੜ੍ਹੇ ਹੋ ਗਏ ਹਨ। ਉਹਨਾਂ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਸਪਸ਼ਟ ਉਲੰਘਣਾ ਹੈ ਜਿਸ ਵਾਸਤੇ ਪੁਲਿਸ ਤੇ ਪ੍ਰਸ਼ਾਸਨਿਕ ਮਸ਼ੀਨਰੀ ਦਾ ਨਿਰਪੱਖ ਹੋਣਾ ਜ਼ਰੂਰੀ ਹੈ ਤੇ ਇਹ ਕਿਸੇ ਵੀ ਤਰੀਕੇ ਦੇ ਸਿਆਸੀ ਪ੍ਰਭਾਵ ਤੋਂ ਪ੍ਰਭਾਵਤ ਨਹੀਂ ਹੋਣੀ ਚਾਹੀਦੀ। ਐਡਵੋਕੇਟ ਕਲੇਰ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਨੂੰ ਸਾਰੀ ਘਟਨਾ ਦੀ ਜਾਂਚ ਕਰਵਾਉਣ, ਸਬੰਧਤ ਪੁਲਿਸ ਅਫਸਰਾਂ ਦੀ ਭੂਮਿਕਾ ਦੀ ਜਾਂਚ ਕਰਵਾਉਣ, ਜਾਂਚ ਦੇ ਨਤੀਜੇ ਆਉਣ ਤੱਕ ਸਬੰਧਤ ਅਫਸਰਾਂ ਨੂੰ ਮੁਅੱਤਲ ਕਰਨ ਅਤੇ ਅਕਾਲੀ ਦਲ ਦੇ ਉਮੀਦਵਾਰ ਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਸਮੇਤ ਚੁੱਕੇ ਜਾਣ ਵਾਲੇ ਅਹਿਮ ਕਦਮਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ।