ਫਲਸਤੀਨੀਆ ਦੀ ਨਸਲਕੁਸ਼ੀ ਖਿਲਾਫ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਕਨਵੈਨਸ਼ਨ ਤੇ ਮੁਜ਼ਾਹਰਾ
ਅਸ਼ੋਕ ਵਰਮਾ
ਜਲੰਧਰ,6 ਅਕਤੂਬਰ 2025:ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਵੱਲੋਂ ਮਾਝੇ ਤੇ ਦੁਆਬੇ ਦੇ ਜ਼ਿਲਿਆਂ ਦੀ ਕਨਵੈਨਸ਼ਨ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਦੇ ਬਾਬਾ ਜਵਾਲਾ ਸਿੰਘ ਠੱਠੀਆਂ ਹਾਲ ਵਿੱਚ ਰਛਪਾਲ ਕੈਲੇ, ਰਤਨ ਸਿੰਘ ਰੰਧਾਵਾ, ਸ਼ਾਮ ਸਿੰਘ, ਕੁਲਵਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਤੇ ਮੰਗਤ ਰਾਮ ਲੌਂਗੋਵਾਲ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਆਰ ਐਮ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਐਮ ਐਲ (ਲਿਬਰੇਸ਼ਨ) ਦੇ ਗੁਰਮੀਤ ਸਿੰਘ ਬਖਤਪੁਰਾ, ਸੀ ਪੀ ਆਈ ਐਮ ਐਲ (ਨਿਊਡੈਮੋਕਰੰਸੀ) ਦੇ ਅਜਮੇਰ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ ਨੇ ਸੰਬੋਧਨ ਦੌਰਾਨ ਕਿਹਾ ਕਿ ਇਜ਼ਰਾਈਲ ਅਮਰੀਕਾ ਦੀ ਮਦਦ ਨਾਲ ਫ਼ਲਸਤੀਨੀਆਂ ਦਾ ਨਸਲਘਾਤ ਕਰੀ ਜਾ ਰਿਹਾ ਹੈ। ਇਜ਼ਰਾਈਲ ਨੇ ਫ਼ਲਸਤੀਨੀਆਂ ਦੇ ਪ੍ਰਵਾਰਾਂ ਦੇ ਪ੍ਰਵਾਰ ਖ਼ਤਮ ਕਰ ਦਿੱਤੇ ਹਨ। ਮਰਨ ਵਾਲਿਆਂ ਵਿੱਚ ਵਧੇਰੇ ਬੱਚੇ, ਔਰਤਾਂ ਅਤੇ ਬਜ਼ੁਰਗ ਹਨ।
ਉਹਨਾਂ ਕਿਹਾ ਕਿ ਫਲਸਤੀਨ ਦਾ ਗਾਜ਼ਾ ਸ਼ਹਿਰ ਜੋ ਦੁਨੀਆਂ ਦੀ ਸਭ ਤੋਂ ਸੰਘਣੀ ਆਬਾਦੀ ਵਾਲਾ ਗਿਣਿਆ ਜਾਂਦਾ ਹੈ ਉਸ ਦਾ ਵੱਡਾ ਹਿੱਸਾ ਇਜ਼ਰਾਈਲੀ ਫ਼ੌਜਾਂ ਨੇ ਤਬਾਹ ਕਰ ਦਿੱਤਾ ਹੈ। ਇਮਾਰਤਾਂ ਢਹਿ ਢੇਰੀ ਹੋ ਕੇ ਮਲਬੇ ਬਨ ਗਈਆਂ ਹਨ। ਮਲਬਿਆਂ ਦੀ ਸਫ਼ਾਈ ਕਾਰਪੋਰੇਟ ਕੰਪਨੀਆਂ ਵੱਢੇ ਮੁਨਾਫ਼ੇ ਕਮਾ ਰਹੀਆਂ ਹਨ। ਇੰਨਾਂ ਕੰਪਨੀਆਂ ਵਿੱਚ ਵਧੇਰੇ ਅਮਰੀਕਾ ਦੀਆਂ ਹਨ। ਇਜਰਾਈਲੀਆਂ ਨੂੰ ਹਥਿਆਰ ਵੇਚਣ ਵਿੱਚ ਵੀ ਵਧੇਰੇ ਅਮਰੀਕਾ ਦੀਆਂ ਕੰਪਨੀਆਂ ਹਨ।ਜ਼ਖਮੀਆਂ ਦੇ ਇਲਾਜ਼ ਲਈ ਜੋ ਹਸਪਤਾਲ ਸਨ ਉਹ ਵੀ ਇਜ਼ਰਾਈਲ ਨੇ ਮਿੱਟੀ ਨਾਲ ਮਿਲਾ ਦਿੱਤੇ ਹਨ। ਫ਼ਲਸਤੀਨੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਤੜਫ਼ ਤੜਫ਼ ਕੇ ਮਰੇ ਹਨ। ਹਜ਼ਾਰਾਂ ਫਲੀਸਤੀਨੀ ਬੱਚੇ, ਬੁੱਢੇ, ਔਰਤਾਂ ਤੇ ਨੌਜਵਾਨ ਮਰਦ ਗੁਆਂਢੀ ਦੇਸ਼ਾਂ ਵਿੱਚ ਹਿਜ਼ਰਤ ਕਰ ਗਏ ਹਨ। ਬਹੁਤ ਫ਼ਲਸਤੀਨੀ ਉਹ ਹਨ ਜੋ ਪੈਸੇ ਦੀ ਘਾਟ ਕਰਕੇ ਗੁਆਂਢੀ ਦੇਸ਼ਾਂ ਵਿੱਚ ਪਲਾਇਨ ਨਹੀਂ ਕਰ ਸਕਦੇ।
ਉਹਨਾਂ ਕਿਹਾ ਕਿ ਇੱਕ ਸਰਮਾਏਦਾਰੀ ਪ੍ਰਬੰਧ ਅਜਿਹਾ ਹੁੰਦਾ ਹੈ ਜੋ ਸਿਰਫ਼ ਮੁਨਾਫ਼ੇ ਨੂੰ ਸਾਹਮਣੇ ਰੱਖਦਾ ਹੈ। ਮੁਨਾਫ਼ੇ ਨੂੰ ਵਧਾਉਣ ਲਈ ਆਵਾਜਾਈ ਦੇ ਸਾਧਨਾਂ ਦੇ ਮਾਲਕਾਂ ਨੇ ਸਾਧਨ ਬਹੁਤ ਮਹਿੰਗੇ ਕਰ ਦਿੱਤੇ ਹਨ। ਗਾਜ਼ਾ ਦੇ ਇੰਨਾਂ ਹਾਲਾਤਾਂ ਦੇ ਮੱਦੇ ਨਜ਼ਰ ਕਨਵੈਨਸ਼ਨ ਵਿੱਚ ਮਤਾ ਪਾਸ ਕੀਤਾ ਗਿਆ ਗਾਜ਼ਾ ਚੋਂ ਇਜ਼ਰਾਈਲੀ ਫ਼ੌਜਾਂ ਤੁਰੰਤ ਵਾਪਸ ਜਾਣ ਅਤੇ ਫਲਸਤੀਨ ਦੇਸ਼ ਆਜ਼ਾਦ ਕੀਤਾ ਜਾਵੇ। ਇਜ਼ਰਾਈਲ ਵੱਲੋਂ ਫਲਸਤੀਨ ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ। ਫ਼ਲਸਤੀਨੀਆਂ ਨੂੰ ਖਾਧ ਖੁਰਾਕ ਪਹੁੰਚਾਉਣ ਲਈ ਖੁੱਲ ਦਿੱਤੀ ਜਾਵੇ। ਦੂਜੇ ਮਤੇ ਵਿੱਚ ਮੱਧ ਭਾਰਤ ਦੇ ਸੂਬਿਆਂ 'ਚ ਆਦਿਵਾਸੀਆਂ ਅਤੇ ਮਾਉਵਾਦੀਆਂ ਤੇ ਨਕਸਲਾਈਟਾਂ ਦੇ ਝੂਠੇ ਮੁਕਾਬਲੇ ਬੰਦ ਕੀਤੇ ਜਾਣ। ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ ਅਤੇ ਜ਼ਮੀਨ ਲੁੱਟਣ ਦੀ ਖੁੱਲ੍ਹ ਬੰਦ ਹੋਵੇ। ਮਾਉਵਾਦੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇ।
ਇਸ ਮੌਕੇ ਤੀਜੇ ਮਤੇ ਵਿੱਚ ਪੰਜਾਬ ਦੇ ਲੋਕਾਂ ਦਾ ਦਰਿਆਵਾਂ ਦੇ ਹੜਾਂ ਨਾਲ ਹੋਏ ਨੁਕਸਾਨ ਦੀ ਫੌਰੀ ਤੇ ਪੂਰਤੀ ਕੀਤੀ ਜਾਵੇ। ਘੱਟੋ ਘੱਟ 70000/ ਰੁਪਏ ਪਰ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸੇ ਤਰ੍ਹਾਂ ਮਜ਼ਦੂਰਾਂ ਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ।ਅੱਗੇ ਤੋਂ ਦਰਿਆਵਾਂ ਦੇ ਪਾਣੀ ਨੂੰ ਲੋਕਾਂ ਦੇ ਨੁਕਸਾਨ ਤੋਂ ਰੋਕਣ ਲਈ ਦੋਵੇਂ ਪਾਸੇ ਮਜ਼ਬੂਤ ਬੰਨ ਉਸਾਰੇ ਜਾਣ। ਚੌਥੇ ਮਤੇ ਵਿੱਚ ਲੇਹ ਲਦਾਖ਼ ਦੇ ਪੂਰਨ ਰਾਜ ਲਈ ਕਨਵੈਨਸ਼ਨ ਮਤਾ ਪਾਸ ਕਰਦੀ ਹੈ। ਸੋਨਮ ਵਾਂਗਚੁੱਕ ਦੀ ਤੁਰੰਤ ਰਿਹਾਈ ਕੀਤੀ ਜਾਵੇ। ਪੰਜਵਾਂ ਮਤਾ ਪਾਸ ਕੀਤਾ ਗਿਆ ਕਿ ਬਿਹਾਰ ਤੋਂ ਬਾਅਦ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਐਸ ਆਈ ਆਰ (ਸਪੈਸ਼ਲ ਵੋਟ ਸੋਧ) ਦੀ ਮੁਹਿੰਮ ਬੰਦ ਕੀਤੀ ਜਾਵੇ। ਕਨਵੈਨਸ਼ਨ ਦੀ ਸਟੇਜ ਦਾ ਸੰਚਾਲਨ ਪਿਰਥੀਪਾਲ ਸਿੰਘ ਮਾੜੀਮੇਘਾ ਵੱਲੋਂ ਕੀਤਾ ਗਿਆ। ਕਨਵੈਨਸ਼ਨ ਦੀ ਸਮਾਪਤੀ ਉਪਰੰਤ ਫ਼ਲਸਤੀਨੀਆਂ ਨਾਲ ਇੱਕਮੁੱਠਤਾ ਜ਼ਾਹਰ ਕਰਦਿਆਂ ਜੋਸ਼ਭਰਪੂਰ ਮਾਰਚ ਡੀ ਸੀ ਦਫ਼ਤਰ ਤੱਕ ਕੀਤਾ ਗਿਆ।