← ਪਿਛੇ ਪਰਤੋ
Big News ਬਾਂਦਰ ਟਪੂਸੀਆਂ ਮਾਰਨ ’ਚ ਮਾਹਿਰ ਨਿਕਲਿਆ ਬਠਿੰਡਾ ਜੇਲ੍ਹ ਚੋਂ ਭੱਜਿਆ ਹਵਾਲਾਤੀ ਤਿਲਕ ਰਾਜ ਅਸ਼ੋਕ ਵਰਮਾ ਬਠਿੰਡਾ,5 ਅਕਤੂਬਰ 2025 :ਪੰਜਾਬ ਸਰਕਾਰ ਨੇ ਕੁੱਝ ਦਿਨ ਪਹਿਲਾਂ ਕੇਂਦਰੀ ਜੇਲ੍ਹ ਬਠਿੰਡਾ ਚੋਂ ਹਵਾਲਾਤੀ ਤਿਲਕ ਰਾਜ ਦੇ ਫਰਾਰ ਹੋਣ ਦੇ ਮਾਮਲੇ ’ਚ ਐਸਆਈਟੀ ( ਵਿਸ਼ੇਸ਼ ਜਾਂਚ ਟੀਮ) ਬਣਾਈ ਹੈ ਜੋ ਇਸ ਫਰਾਰੀ ਨਾਲ ਜੁੜੀਆਂ ਘੁੰਡੀਆਂ ਖੋਹਲੇਗੀ। ਪੁਲਿਸ ਦੀ ਮੁਢਲੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਹਵਾਲਾਤੀ ਤਿਲਕ ਰਾਜ ਬਠਿੰਡਾ ਜੇਲ੍ਹ ਦੀ ਕੰਧ ਟੱਪਕੇ ਫਰਾਰ ਹੋਇਆ ਹੈ। ਸੂਤਰ ਦੱਸਦੇ ਹਨ ਕਿ ਇਸ ਪਿੱਛਗਿਛ ਦੌਰਾਨ ਤਿਲਕ ਰਾਜ ਨੇ ਆਪਣੇ ਫਰਾਰ ਹੋਣ ਦੇ ਮਾਮਲੇ ਵਿੱਚ ਸਹਾਇਤਾ ਕਰਨ ਵਾਲੇ ਕੁੱਝ ਕਰਮਚਾਰੀਆਂ ਦੇ ਨਾਂ ਵੀ ਦੱਸੇ ਹਨ। ਇਹੋ ਕਾਰਨ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਜੇਲ੍ਹ ਦੇ ਇੰਨ੍ਹਾਂ ਮੁਲਾਜਮਾਂ ਤੇ ਗਾਜ ਡਿੱਗਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਘੱਟੋ ਘੱਟ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਵਾਉਣ ਲਈ ਵਿਸ਼ੇਸ਼ ਜਾਂਚ ਟੀਮ ਬਨਾਉਣੀ ਵੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ। ਸ਼ੁਰੂਆਤੀ ਦੌਰ ’ਚ ਇਹ ਭੰਬਲਭੂਸਾ ਬਣਿਆ ਹੋਇਆ ਸੀ ਕਿ ਆਖਿਰ ਐਨੀ ਸਖਤ ਤੇ ਤਿੰਨ ਪੜਾਵੀ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਦੇ ਅੰਦਰੋਂ ਇੱਕ ਸਧਾਰਨ ਜਿਹਾ ਹਵਾਲਾਤੀ ਕਿਸ ਤਰਾਂ ਫਰਾਰ ਹੋਣ ’ਚ ਸਫਲ ਹੋ ਗਿਆ। ਇਸ ਮੌਕੇ ਇਹ ਵੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਤਿਲਕ ਰਾਜ ਜੇਲ੍ਹ ਵਿੱਚ ਸਮਾਨ ਲਿਆਉਣ ਵਾਲੀ ਕਿਸੇ ਗੱਡੀ ’ਚ ਫਰਾਰ ਹੋਇਆ ਹੋਵੇਗਾ ਜਦੋਂਕਿ ਹੁਣ ਉਸ ਨੇ ਪੁਲਿਸ ਕੋਲ ਕਬੂਲ ਲਿਆ ਹੈ ਕਿ ਉਹ ਜੇਲ੍ਹ ਦੀ ਕੰਧ ਟੱਪਕੇ ਭੱਜਿਆ ਸੀ। ਤਿਲਕ ਰਾਜ ਦੇ ਇਸ ਕਬੂਲਨਾਮੇ ਨੂੰ ਲੈ ਕੇ ਪੁਲਿਸ ਅਧਿਕਾਰੀ ਅਤੇ ਜੇਲ੍ਹ ਪ੍ਰਸ਼ਾਸ਼ਨ ਹੱਕਾ ਬੱਕਾ ਰਹਿ ਗਿਆ ਹੈ। ਫਰਾਰ ਹਵਾਲਾਤੀ ਦੀ ਗ੍ਰਿਫਤਾਰੀ ਤੋਂ ਬਾਅਦ ਕੇਂਦਰੀ ਜੇਲ੍ਹ ਬਠਿੰਡਾ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ ਜਿਸ ਨੂੰ ਬਠਿੰਡਾ ਪੁਲਿਸ ਨੇ ਰਾਜਸਥਾਨ ’ਚ ਸਥਿਤ ਤਿਲਕ ਰਾਜ ਦੇ ਜੱਦੀ ਪਿੰਡ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਤਿਲਕ ਰਾਜ ਦਾ ਇੱਕ ਦਿਨ ਲਈ ਰਿਮਾਂਡ ਹਾਸਲ ਕੀਤਾ ਸੀ ਜਿਸ ਦੀ ਸਮਾਪਤੀ ਤੋਂ ਬਾਅਦ ਉਸ ਨੂੰ ਜਿਲ੍ਹਾ ਅਦਾਲਤ ਨੇ ਫਿਰ ਤੋਂ ਅਦਾਲਤੀ ਹਿਰਾਸਤ ਤਹਿਤ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜੇਲ੍ਹ ਵਿਭਾਗ ਪੰਜਾਬ ਨੇ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੂੰ ਪਹਿਲਾਂ ਹੀ ਬਠਿੰਡਾ ਤੋਂ ਬਰਨਾਲਾ ਭੇਜਿਆ ਜਾ ਚੁੱਕਿਆ ਹੈ। ਸੂਤਰ ਆਖਦੇ ਹਨ ਕਿ ਆਉਣ ਵਾਲੇ ਕੁੱਝ ਸਮੇਂ ਤੋਂ ਬਾਅਦ ਜਦੋਂ ਵਿਸੇਸ਼ ਜਾਂਚ ਟੀਮ ਦੀ ਰਿਪੋਰਟ ਆ ਗਈ ਤਾਂ ਪੰਜਾਬ ਦੇ ਜੇਲ੍ਹ ਵਿਭਾਗ ਵੱਲੋਂ ਕੁੱਝ ਹੋਰ ਮੁਲਾਜਮਾਂ ਖਿਲਾਫ ਸਖਤ ਕਾਰਵਾਈ ਹੋਣੀ ਲੱਗਭਗ ਤੈਅ ਹੈ। ਮਾਮਲੇ ਦੀ ਗੰਭੀਰਤਾਪੂਰਵਕ ਤਫਤੀਸ਼ ਲਈ ਜੇਲ੍ਹ ਵਿਭਾਗ ਦੇ ਏਡੀਜੀਪੀ ਅਰੁਣਪਾਲ ਸਿੰਘ ਨੇ ਮਹਿਕਮੇ ਦੇ ਆਈਜੀ ਰੂਪ ਕੁਮਾਰ ਅਰੋੜਾ ਦੀ ਅਗਵਾਈ ਹੇਠ ਡੀਆਈਜੀ ਮਨਮੋਹਣ ਸ਼ਰਮਾ, ਡੀਆਈਜੀ ਸਤਵੀਰ ਅਟਵਾਲ ਅਤੇ ਐਸਪੀ ਕੰਵਰ ਵੀਰਪ੍ਰਤਾਪ ਸਿੰਘ ਸਮੇਤ ਚਾਰ ਮੈਂਬਰੀ ਐਸਆਈਟੀ ਬਣਾਈ ਹੈ। ਫਰਾਰ ਹੋਣ ਦਾ ਮਾਮਲਾ ਬੇਹੱਦ ਗੰਭੀਰ ਐਸਆਈਟੀ ਬਨਾਉਣ ਦੀ ਪ੍ਰਕਿਰਿਆ ਤੋਂ ਸਪਸ਼ਟ ਹੁੰਦਾ ਹੈ ਕਿ ਜੇਲ੍ਹ ਵਿਭਾਗ ਇਸ ਤਰਾਂ ਕਿਸੇ ਹਵਾਲਾਤੀ ਵੱਲੋਂ ਫਰਾਰ ਹੋ ਜਾਣ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਿਹਾ ਹੈ। ਇਸ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਅੰਤਿਮ ਰਿਪੋਰਟ ਜੇਲ੍ਹ ਵਿਭਾਗ ਨੂੰ ਸੌਂਪੀ ਜਾਏਗੀ। ਜੇਲ੍ਹ ਵਿਭਾਗ ਦੇ ਅਧਿਕਾਰੀ ਆਖਦੇ ਹਨ ਕਿ ਪੰਜਾਬ ਦੀ ਸਭ ਤੋਂ ਜਿਆਦਾ ਸੁਰੱਖਿਆ ਵਾਲੀ ਜੇਲ੍ਹ ਬਠਿੰਡਾ ਚੋਂ ਹਵਾਲਾਤੀ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਕੀਤੀ ਲਾਪਰਵਾਹੀ ਜਾਂ ਅਣਗਹਿਲੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕੰਧ ਟੱਪਣ ’ਚ ਮਾਹਿਰ ਮੁਲਜਮ ਡੀਐਸਪੀ ਸਿਟੀ –2 ਸਰਬਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਤਿਲਕ ਰਾਜ ਕੰਧ ਟੱਪਣ ਵਿੱਚ ਮਾਹਿਰ ਹੈ । ਉਨ੍ਹਾਂ ਦੱਸਿਆ ਕਿ ਅਕਸਰ ਚੋਰੀਆਂ ਕਰਨ ਮੌਕੇ ਮੁਲਜਮ ਉੱਚੀਆਂ ਉੱਚੀਆਂ ਕੰਧਾਂ ਟੱਪ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਤਿਲਕ ਰਾਜ ਜੇਲ੍ਹ ਦੀ ਕੰਧ ਟੱਪਕੇ ਹੀ ਅੰਦਰੋਂ ਫਰਾਰ ਹੋਇਆ ਸੀ ਜਿਸ ਨੂੰ ਰਾਜਸਥਾਨ ਚੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਤੋਂ ਮੁਲਜਮ ਦਾ ਇੱਕ ਦਿਨ ਲਈ ਰਿਮਾਂਡ ਲਿਆ ਸੀ ਜਿਸ ਦੇ ਖਤਮ ਹੋਣ ਮਗਰੋਂ ਉਸ ਨੂੰ ਵਾਪਿਸ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਨੇ ਪੁੱਛਗਿਛ ਦੌਰਾਨ ਕੁੱਝ ਕਰਮਚਾਰੀਆਂ ਦੇ ਨਾਮ ਦੱਸੇ ਹਨ ਜਿੰਨ੍ਹਾਂ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਲ੍ਹ ’ਚ ਖਤਰਨਾਕ ਗੈਂਗਸਟਰ ਬੰਦ ਬਠਿੰਡਾ ਦੀ ਹਾਈ ਸਕਿਉਰਟੀ ਜੇਲ੍ਹ ਵਿੱਚ ਸੁਰੱਖਿਆ ਦੇ ਪੱਖ ਤੋਂ ਹਾਈ ਰਿਸਕ ਪ੍ਰਿਜ਼ਨਰ ਸੈਲ ਬਣਿਆ ਹੋਇਆ ਹੈ ਜਿੱਥੇ ਹਥਿਆਰਾਂ ਦੀ ਤਸਕਰੀ ਤੋਂ ਇਲਾਵਾ ਡਰੱਗ ਦੇ ਧੰਦੇ ਅਤੇ ਫਿਰੌਤੀ ਵਰਗੇ ਸੰਗੀਨ ਜ਼ੁਰਮਾਂ ’ਚ ਸ਼ਾਮਲ ਵੱਡੀ ਗਿਣਤੀ ਖਤਰਨਾਕ ਅਪਰਾਧੀ ਬੰਦ ਹਨ। ਸੂਤਰਾਂ ਮੁਤਾਬਕ ਇੰਨ੍ਹਾਂ ਵਿੱਚੋਂ ਕੁੱਝ ਅਪਰਾਧੀਆਂ ਨੂੰ ਐਨ ਆਈ ਏ ਨੇ ਗ੍ਰਿਫਤਾਰ ਕੀਤਾ ਸੀ ਜੋਕਿ ਕੌਮਾਂਤਰੀ ਡਰੱਗ ਤਸਕਰੀ ਅਤੇ ਅੱਤਵਾਦੀ ਕਾਰਵਾਈਆਂ ’ਚ ਸ਼ਾਮਲ ਹਨ। ਹੁਣ ਤਾਂ ਜੇਲ੍ਹ ਵਿੱਚ ਜੀਦਾ ਧਮਾਕਿਆਂ ਦਾ ਕਰਤਾ ਧਰਤਾ ਗੁਰਪ੍ਰੀਤ ਸਿੰਘ ਵੀ ਪੁੱਜ ਗਿਆ ਹੈ। ਤਾਂਹੀ ਜੇਲ੍ਹ ਪ੍ਰਸ਼ਾਸ਼ਨ ਨੂੰ ਜਿਆਦਾ ਚੌਕਸੀ ਵਰਤਣੀ ਪੈਂਦੀ ਹੈ। ਇੱਥੇ ਸੁਰੱਖਿਆ ਲਈ ਤਾਇਨਾਤ ਕੇਂਦਰੀ ਬਲ ਅਧੁਨਿਕ ਤਕਨੀਕਾਂ ਨਾਲ ਜਾਂਚ ਕਰਦੇ ਹਨ। ਫਿਰ ਵੀ ਸੁਰੱਖਿਆ ਪ੍ਰਬੰਧਾਂ ਨੂੰ ਸੰਨ੍ਹ ਲੱਗਣੀ ਕਿਤੇ ਨਾ ਕਿਤੇ ਸਵਾਲ ਵੀ ਖੜ੍ਹੇ ਕਰਦੀ ਹੈ।
Total Responses : 1223