ਬਲੀ ਦਾ ਬੱਕਰਾ ਇਕੱਲਾ ਕਿਸਾਨ ਹੀ ਕਿਉਂ?
-ਗੁਰਪ੍ਰੀਤ
ਲੰਮੇ ਸਮੇਂ ਤੋਂ ਚੱਲੀ ਆ ਰਹੀ 'ਰੀਤ' ਦੇ ਮੁਤਾਬਿਕ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿੱਚ ਦਸਹਿਰੇ ਦਾ ਤਿਉਹਾਰ ਇਸ ਵਾਰ ਵੀ ਮਨਾਇਆ ਗਿਆ। ਵੱਡੇ ਪੱਧਰ 'ਤੇ ਇਸ ਦੌਰਾਨ ਪਟਾਕੇ ਚੱਲੇ ਅਤੇ ਪ੍ਰਦੂਸ਼ਣ ਵੀ ਵੱਡੇ ਪੱਧਰ 'ਤੇ ਹੀ ਫੈਲਿਆ। ਪਰ ਸਵਾਲ ਇਸ 'ਤੇ ਇਹ ਹੈ ਕਿ ਹਰ ਸਾਲ ਮਨਾਏ ਜਾਣ ਵਾਲੇ ਇਹੋ ਜਿਹੇ ਤਿਉਹਾਰਾਂ 'ਤੇ ਫੈਲਦੇ ਪ੍ਰਦੂਸ਼ਣ 'ਤੇ ਕੋਈ ਕਿਉਂ ਨਹੀਂ ਬੋਲਦਾ? ਕਿਸਾਨਾਂ ਦੁਆਰਾ ਮਜਬੂਰੀ ਵੱਸ ਆ ਕੇ ਸਾੜੀ ਜਾਂਦੀ ਝੋਨੇ ਦੀ ਪਰਾਲੀ ਦਾ ਧੂੰਆਂ, ਭਾਵੇਂ ਹੀ ਸਰਕਾਰੀ ਦਾਅਵਿਆਂ ਮੁਤਾਬਿਕ ਦਿੱਲੀ ਦਰਵਾਜ਼ੇ ਤੱਕ ਪਹੁੰਚ ਜਾਂਦਾ ਹੈ। ਪਰ ਬਾਵਜੂਦ ਇਸਦੇ ਪਰਾਲੀ ਦੇ ਹੱਲ ਲਈ ਕੋਈ ਨਹੀਂ ਬੋਲਦਾ, ਸਗੋਂ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਅਤੇ ਜੁਰਮਾਨੇ ਠੋਕਣ ਦਾ ਤਰੀਕਾ, ਹਰ ਕੋਈ ਮੂਹਰੇ ਹੋ ਕੇ ਦੱਸਦਾ ਹੈ।
ਅਸੀਂ ਸਾਰੇ ਮੰਨਦੇ ਹਾਂ ਕਿ, ਪ੍ਰਦੂਸ਼ਣ ਕਿਸੇ ਵੀ ਤਰ੍ਹਾਂ ਦਾ ਸਿਹਤ ਲਈ ਹਾਨੀਕਾਰਕ ਹੈ, ਪਰ ਸਵਾਲ ਇਹ ਹੈ ਕਿ ਇਕੱਲੀ ਪਰਾਲੀ ਸਾੜਨ ਨਾਲ ਹੀ ਕਿਉਂ ਜ਼ਿਆਦਾ ਹੱਲਾ ਬੁੱਲਾ ਹੋ ਜਾਂਦਾ ਹੈ? ਕੀ ਪਟਾਕਿਆਂ ਦਾ ਪ੍ਰਦੂਸ਼ਣ ਨਹੀਂ ਹੁੰਦਾ? ਕੀ ਪਟਾਕਿਆਂ ਦੇ ਵਿੱਚੋਂ ਫੁੱਲ ਵਰਸਦੇ ਨੇ ਜਾਂ ਫਿਰ ਇਹ ਪਟਾਕੇ ਪ੍ਰਦੂਸ਼ਣ ਕਰਦੇ ਹੀ ਨਹੀਂ? ਖ਼ੈਰ ਸਵਾਲ ਤਾਂ ਬੜੇ ਨੇ, ਪਰ ਸਵਾਲਾਂ ਦੇ ਵਿਚਾਲੇ ਸਵਾਲ ਇਹ ਵੀ ਹੈ ਕਿ ਕੀ ਇਕੱਲਾ ਪ੍ਰਦੂਸ਼ਣ ਫੈਲਾਉਣ ਵਿੱਚ ਕਿਸਾਨ ਹੀ ਜ਼ਿੰਮੇਵਾਰ ਹੈ? ਕਿਸਾਨਾਂ ਦੁਆਰਾ ਜਿੱਥੇ ਫ਼ਸਲਾਂ ਉਗਾ ਕੇ ਮੁਲਕ ਦਾ ਢਿੱਡ ਭਰਿਆ ਜਾਂਦਾ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨ ਇਸ ਵੇਲੇ ਹੜਾਂ ਦੀ ਮਾਰ ਚੱਲ ਰਿਹਾ...! ਇੱਕਾ ਦੁੱਕਾ ਕੇਸ ਪਰਾਲੀ ਸੜਨ ਦੇ ਆ ਰਹੇ ਨੇ, ਇਸਦੇ ਦੂਜੇ ਪਾਸੇ ਪ੍ਰਸ਼ਾਸਨ ਅਤੇ ਸਰਕਾਰ ਕਿਸਾਨਾਂ ਨੂੰ ਜੇਲ੍ਹੀਂ ਤਾੜਨ ਲੱਗੀ ਹੋਈ ਹੈ।
ਅਸੀਂ ਇਹ ਵੀ ਮੰਨਦੇ ਹਾਂ ਕਿ ਪਰਾਲੀ ਦਾ ਪ੍ਰਦੂਸ਼ਣ ਵੀ ਸਿਹਤ ਲਈ ਹਾਨੀਕਾਰਕ ਹੈ, ਪਰ ਸਵਾਲ ਇਹ ਉੱਠਦਾ ਹੈ ਕਿ, ਕੀ ਪਟਾਕਿਆਂ 'ਚੋਂ ਨਿਕਲਣ ਵਾਲਾ ਧੂੰਆਂ ਸਾਫ਼ ਸੁਥਰਾ ਅਤੇ ਸ਼ੁੱਧ ਹੈ, ਜਾਂ ਫਿਰ ਇਹ ਕਹਿ ਲਈਏ ਕਿ ਪਟਾਕਿਆਂ ਚੋਂ ਤਾਂ ਆਕਸੀਜਨ ਅਤੇ ਸ਼ੁੱਧ ਗੈੱਸ ਹੀ ਨਿਕਲਦੀ, ਜਿਸ ਦੇ ਨਾਲ ਸਰੀਰ 'ਤੇ ਭੋਰਾ ਵੀ ਮਾੜਾ ਅਸਰ ਨਹੀਂ ਪੈਂਦਾ। ਪਿਛਲੇ ਕਈ ਦਹਾਕਿਆਂ ਤੋਂ ਝੋਨੇ ਦੀ ਪਰਾਲੀ, ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਜਬੂਰੀ ਵੱਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਨੇ, ਉਨ੍ਹਾਂ ਨੂੰ ਕੋਈ ਸ਼ੌਕ ਨਹੀਂ ਪਿਆ ਕਿ, ਉਹ ਪਰਾਲੀ ਨੂੰ ਅੱਗ ਲਾ ਕੇ ਖ਼ੁਦ ਮੌਤ ਦੇ ਮੂੰਹ ਵਿੱਚ ਜਾਣ। ਸਰਕਾਰਾਂ ਦੀਆਂ ਨਕਾਮੀਆਂ ਦੇ ਕਾਰਨ ਹੀ ਉਨ੍ਹਾਂ (ਕਿਸਾਨਾਂ) ਨੂੰ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ।
ਸਮੇਂ ਸਮੇਂ 'ਤੇ ਆਈਆਂ ਸਰਕਾਰਾਂ ਨੇ, ਜਿੱਥੇ ਕਿਸਾਨਾਂ ਦੇ ਨਾਲ ਲੰਮੇ ਚੌੜੇ ਵਾਅਦੇ ਕੀਤੇ ਨੇ ਕਿ, ਅਸੀਂ ਪਰਾਲੀ ਦਾ ਪੱਕਾ ਪ੍ਰਬੰਧ ਕਰਾਂਗੇ, ਪਰ ਇਸਦਾ ਪੱਕਾ ਪ੍ਰਬੰਧ ਕਰਨ ਦੀ ਬਜਾਏ, ਕਿਸਾਨਾਂ ਦਾ ਪੱਕਾ ਪ੍ਰਬੰਧ ਜੇਲ੍ਹਾਂ ਅੰਦਰ ਕੀਤਾ ਜਾ ਰਿਹਾ। ਕਿਸਾਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਾ ਕਰਕੇ, ਪ੍ਰਸ਼ਾਸਨ ਅਤੇ ਸਰਕਾਰ ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟ ਰਹੀ ਹੈ। ਹੁਣ ਅਜਿਹੇ ਹਾਲਾਤ ਨੇ ਕਿ ਕਿਸਾਨਾਂ ਨੂੰ ਮੋਟੇ ਜੁਰਮਾਨੇ ਵੀ ਕੀਤੇ ਜਾ ਰਹੇ ਨੇ, ਸੁਣਨ ਵਿੱਚ ਆਇਆ ਹੈ ਕਿ, ਸੈਟੇਲਾਈਟ ਜਰੀਏ ਕਿਸਾਨਾਂ ਦੀਆਂ ਜ਼ਮੀਨਾਂ ਫਰੋਲੀਆਂ ਜਾ ਰਹੀਆਂ ਨੇ ਅਤੇ ਇਹ ਵੇਖਿਆ ਜਾ ਰਿਹਾ ਹੈ ਕਿ, ਕਿੱਥੇ ਕਿੱਥੇ ਝੋਨੇ ਦੀ ਪਰਾਲੀ ਨੂੰ ਅੱਗ ਲੱਗੀ ਹੈ?
ਸੈਟੇਲਾਈਟ ਜਰੀਏ ਮਿਲੀਆਂ ਤਸਵੀਰਾਂ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਮਿੰਟਾਂ ਸਕਿੰਟਾਂ ਵਿੱਚ, ਜਿੱਥੇ ਕਿਸਾਨਾਂ ਉੱਪਰ ਪੁਲਿਸ ਕੇਸ ਬਣਾਏ ਜਾ ਰਹੇ ਨੇ, ਉੱਥੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵੀ ਰੈੱਡ ਐਂਟਰੀਆਂ ਕੀਤੀਆਂ ਜਾ ਰਹੀਆਂ ਨੇ, ਮਸਲਨ ਕਿਸਾਨ ਜਿੰਨਾ ਨੇ ਪਰਾਲੀ ਨੂੰ ਅੱਗ ਲਾਈ, ਉਨ੍ਹਾਂ ਨੂੰ ਕਰਜ਼ਾ ਅਤੇ ਹੋਰ ਸਰਕਾਰੀ ਲਾਭ ਅਗਲੇ ਸਮੇਂ ਵਿੱਚ ਨਹੀਂ ਮਿਲਣਗੇ। ਖ਼ੈਰ ਸਰਕਾਰ ਨੇ ਹੁਣ ਤੱਕ ਕਦਮ ਤਾਂ ਬਥੇਰੇ ਚੁੱਕੇ ਨੇ ਪਰਾਲੀ ਨੂੰ ਸਾਂਭਣ ਲਈ, ਪਰ ਉਨ੍ਹਾਂ ਨੂੰ ਗਰਾਊਡ 'ਤੇ ਲਾਗੂ ਨਹੀਂ ਕੀਤਾ ਗਿਆ। ਹਵਾ ਵਿੱਚ ਗੱਲਾਂ ਹਰ ਕੋਈ ਕਰ ਲੈਂਦਾ, ਪਰ ਸਵਾਦ ਉਦੋਂ ਆਉਂਦਾ ਹੈ, ਜਦੋਂ ਝੋਨੇ ਦੀ ਪਰਾਲੀ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੋਵੇ।
ਕੁੱਝ ਸਮਾਂ ਪਹਿਲਾਂ ਸਰਕਾਰਾਂ ਨੇ ਇਹ ਆਖਿਆ ਸੀ ਕਿ ਅਸੀਂ ਝੋਨੇ ਦੀ ਪਰਾਲੀ ਦਾ ਪੱਕਾ ਪ੍ਰਬੰਧ ਇਹੋ ਜਿਹਾ ਕਰਾਂਗੇ ਕਿ, ਕਿਸਾਨਾਂ ਦੀ ਝੋਨੇ ਦੀ ਫ਼ਸਲ ਵੀ ਸਰਕਾਰ ਚੁੱਕੇਗੀ ਅਤੇ ਪਰਾਲੀ ਦਾ ਪ੍ਰਬੰਧ ਵੀ ਸਰਕਾਰ ਹੀ ਕਰੇਗੀ। ਪਰਾਲੀ ਨੂੰ ਇਹੋ ਜਿਹੀ ਜਗ੍ਹਾ 'ਤੇ ਸੇਫ਼ ਰੱਖਾਂਗੇ ਕਿ, ਕਿਸਾਨ ਅਗਲੀ ਫ਼ਸਲ ਵੀ ਵਧੀਆ ਤਰੀਕੇ ਨਾਲ ਬੀਜ ਸਕੇਗਾ। ਪਰ ਸਰਕਾਰਾਂ ਦੁਆਰਾ ਕੀਤੇ ਗਏ ਇਹ ਵਾਅਦੇ, ਸਿਰਫ਼ ਅਖ਼ਬਾਰੀ ਅਤੇ ਟੀਵੀ ਚੈਨਲਾਂ ਦੇ ਹੀ ਰਹਿ ਗਏ। ਹੁਣ ਵੀ ਬਹੁਤ ਸਾਰੇ ਕਿਸਾਨ ਅਜਿਹੇ ਨੇ ਜਿਹੜੇ ਮਜਬੂਰੀ ਵੱਸ ਆ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਨੇ। ਛੋਟੇ ਕਿਸਾਨ ਤਾਂ ਝੋਨੇ ਦੀ ਪਰਾਲੀ ਨੂੰ ਆਪਣੀ ਪੈਲੀ ਵਿੱਚ ਵਾਹ ਰਹੇ ਨੇ, ਪਰ ਇਸ ਦਾ ਖਰਚਾ ਬਥੇਰਾ ਹੋ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ 5-6 ਕਿੱਲਿਆਂ ਵਿੱਚ ਸੈਂਕੜੇ ਲੀਟਰ ਡੀਜ਼ਲ ਫੂਕਿਆ ਜਾਂਦਾ ਹੈ। ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਤੁਹਾਨੂੰ (ਕਿਸਾਨਾਂ) ਮੁਆਵਜ਼ਾ ਦਿਆਂਗੇ, ਪਰ ਦਿੰਦਾ ਕੋਈ ਨਹੀਂ, ਸਿਰਫ਼ ਗੱਲਾਂ ਹੀ ਕਰਦੇ ਨੇ।
ਅਗਲੀ ਗੱਲ ਜੇਕਰ ਪਟਾਕਿਆਂ ਦੇ ਪ੍ਰਦੂਸ਼ਣ ਦੀ ਕਰ ਲਈਏ ਤਾਂ ਇਸ 'ਤੇ ਕੋਈ ਨਹੀਂ ਬੋਲਦਾ। ਸਰਕਾਰ/ ਪ੍ਰਸ਼ਾਸਨ ਨਿਰਧਾਰਿਤ ਸਮਾਂ ਕਰ ਦਿੰਦਾ ਹੈ ਕਿ, ਤੁਸੀਂ ਭਾਈ ਇੰਨੇ ਤੋਂ ਇੰਨੇ ਸਮੇਂ ਤੱਕ ਪਟਾਕੇ ਚਲਾ ਸਕਦੇ ਹੋ। ਮਤਲਬ ਇਹ ਸਾਫ਼ ਹੈ ਕਿ ਜਿਹੜਾ ਸਮਾਂ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਪਟਾਕਿਆਂ ਨੂੰ ਚਲਾਉਣ ਦਾ ਦਿੱਤਾ ਗਿਆ ਹੈ, ਉਸ ਸਮੇਂ ਦੇ ਵਿੱਚ ਕੁਦਰਤ ਛੁੱਟੀ 'ਤੇ ਚਲੀ ਜਾਵੇਗੀ ਜਾਂ ਫਿਰ ਪ੍ਰਦੂਸ਼ਣ ਫੈਲੇਗਾ ਹੀ ਨਹੀਂ। ਪਟਾਕਿਆਂ ਦੇ ਵਿੱਚੋਂ ਆਕਸੀਜਨ ਹੀ ਨਿਕਲੇਗੀ, ਇਸ ਤਰ੍ਹਾਂ ਮੰਨ ਲਿਆ ਜਾਵੇ? ਪਟਾਕੇ ਚਲਾਉਣ ਦੇ ਨਿਰਧਾਰਿਤ ਸਮੇਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਕੀਤੇ ਗਏ ਇਹ ਦਾਅਵੇ ਬਿਲਕੁਲ ਸੱਚੇ ਅਤੇ ਸਹੀ ਨੇ, ਕਿ ਪਟਾਕਿਆਂ ਵਿੱਚੋਂ ਹਰਿਆਲੀ ਦੇ ਫੁਹਾਰੇ ਨਿਕਲਣਗੇ, ਜਾਂ ਫਿਰ ਵੱਡੇ-ਵੱਡੇ ਹਰੇ ਭਰੇ ਜੰਗਲ...!
ਜਦੋਂਕਿ ਹਕੂਮਤੀ ਦਾਅਵੇ ਅਤੇ ਅਸਲ ਸੱਚ ਇਹ ਹੈ ਕਿ ਅਜਿਹਾ ਕੁੱਝ ਨਹੀਂ ਹੋਵੇਗਾ, ਸਗੋਂ ਪਟਾਕਿਆਂ ਵਿਚੋਂ ਨਿਕਲਣ ਵਾਲੀ ਜ਼ਹਿਰੀਲੀ ਗੈੱਸ ਪਰਾਲੀ ਦੇ ਧੂੰਏਂ ਨਾਲੋਂ ਵੀ ਖ਼ਤਰਨਾਕ ਹੈ। ਵੈਸੇ, ਸਰਕਾਰੀ ਦਾਅਵੇ ਤਾਂ ਇਕੱਲੇ ਕਿਸਾਨ ਨੂੰ ਹੀ ਲਤਾੜਨ ਵਾਸਤੇ ਨੇ, ਇਸ ਤੋਂ ਇਲਾਵਾ ਕੁੱਝ ਨਹੀਂ। ਕੋਈ ਵੀ ਬੰਦਾ, ਇਸ ਵੇਲੇ ਪਟਾਕਿਆਂ ਦੇ ਪ੍ਰਦੂਸ਼ਣ 'ਤੇ ਬੋਲਦਾ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਨੂੰ ਸਿਰਫ਼ 'ਤੇ ਸਿਰਫ਼ ਕਿਸਾਨਾਂ ਦੁਆਰਾ ਸਾੜੀ ਜਾਂਦੀ ਪਰਾਲੀ ਹੀ ਵਿਖਾਈ ਦਿੰਦੀ ਹੈ। ਕਿਸਾਨ ਪਰਾਲੀ ਕਿਉਂ ਸਾੜਦੇ ਨੇ, ਇਸ ਦਾ ਜਵਾਬ ਉਹ ਲੋਕ ਕਦੇ ਵੀ ਨਹੀਂ ਦੇ ਪਾਉਂਦੇ, ਜਿਹੜੇ ਨਿੱਤ ਦਿਨੀਂ ਨਵੇਂ ਨਵੇਂ ਹੁਕਮ ਜਾਰੀ ਕਰਦੇ ਨੇ।
ਪਿਛਲੇ ਦਿਨੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ, ਜੋ ਹੁਣ ਵੀ ਜਾਰੀ ਕੀਤਾ ਜਾ ਰਿਹਾ ਹੈ ਅਤੇ ਹਰ ਸਾਲ ਜਾਰੀ ਕੀਤਾ ਜਾਂਦਾ ਹੈ ਕਿ, ਜਿਸ ਦੇ ਵਿੱਚ ਦੱਸਿਆ ਗਿਆ ਕਿ ਪਟਾਕੇ 'ਇੰਨੇ ਸਮੇਂ ਤੋਂ ਇੰਨੇ ਸਮੇਂ ਤੱਕ' ਚਲਾਏ ਜਾ ਸਕਦੇ ਨੇ, ਇਹਨਾਂ ਹੁਕਮਾਂ ਦੇ ਵਿੱਚ ਤਾਂ ਦਸਹਿਰੇ ਦੇ ਪਟਾਕੇ ਚਲਾਉਣ ਤੋਂ ਲੈ ਕੇ ਨਵੇਂ ਸਾਲ ਕ੍ਰਿਸਮਿਸ ਅਤੇ ਗੁਰਪੁਰਬ ਨੂੰ ਮਿਲਾ ਕੇ ਸਾਰਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਬਿਆਨ ਵਿੱਚ ਵੀ ਇਹ ਦੱਸਿਆ ਗਿਆ ਕਿ ਦਸਹਿਰੇ ਵਾਲੇ ਦਿਨ ਸ਼ਾਮ 6 ਵਜੇ ਤੋਂ 7 ਵਜੇ ਤੱਕ ਪਟਾਕੇ ਚਲਾਓ, ਦੀਵਾਲੀ ਦੀ ਰਾਤ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਓ, ਮਤਲਬ ਤਿੰਨ ਘੰਟੇ ਪੂਰਾ ਪ੍ਰਦੂਸ਼ਣ ਫੈਲਾਓ... ਕੋਈ ਤੁਹਾਨੂੰ ਰੋਕਣ ਟੋਕਣ ਵਾਲਾ ਨਹੀਂ।
ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਇੱਕ ਘੰਟਾ, ਖ਼ੂਬ ਪਟਾਕੇ ਚਲਾਓ... ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਓ, ਮਤਲਬ ਇੱਕ ਘੰਟਾ ਗੁਰਪੁਰਬ ਮੌਕੇ... ਇੱਕ ਇੱਕ ਘੰਟਾ ਸਵੇਰੇ, ਇੱਕ ਘੰਟਾ ਰਾਤ ਨੂੰ ਪਟਾਕੇ ਚਲਾਓ। ਸਰਕਾਰ ਨੇ ਜਿਹੜਾ ਆਦੇਸ਼ ਪ੍ਰਸ਼ਾਸਨ ਨੂੰ ਜਾਰੀ ਕੀਤਾ, ਉਸ ਆਦੇਸ਼ ਦੇ ਤਹਿਤ ਘੰਟਾ-ਘੰਟਾ ਪਟਾਕੇ ਚਲਾਏ ਜਾਣਗੇ। ਇਸ ਤੋਂ ਇਲਾਵਾ ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਰਾਤ 11 ਵਜੇ ਤੋਂ ਲੈ ਕੇ 12 ਵਜੇ 30 ਮਿੰਟ ਤੱਕ, ਮਤਲਬ 35 ਮਿੰਟ ਤੱਕ ਪਟਾਕੇ ਖ਼ੂਬ ਚਲਾਏ ਜਾ ਸਕਦੇ ਨੇ। ਪ੍ਰਸ਼ਾਸਨ/ ਸਰਕਾਰ ਦੇ ਵੱਲੋਂ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ, ਪਰ ਸਵਾਲ ਇੱਥੇ ਇਹ ਉੱਠਦਾ ਜੇਕਰ ਪਟਾਕੇ ਚਲਾਉਣ ਦੇ ਨਾਲ ਪ੍ਰਦੂਸ਼ਣ ਨਹੀਂ ਫੈਲਦਾ, ਮਤਲਬ ਘੰਟਾ, ਦੋ ਘੰਟੇ, ਤਿੰਨ ਘੰਟੇ, ਚਾਰ ਘੰਟੇ ਜਾਂ ਫਿਰ ਪੰਜ ਘੰਟੇ ਪਟਾਕੇ ਚਲਾਉਣ ਦੇ ਨਾਲ ਪ੍ਰਦੂਸ਼ਣ ਨਹੀਂ ਫੈਲਦਾ, ਸਮਾਂ ਨਿਰਧਾਰਿਤ ਕਰ ਦਿੱਤਾ ਜਾਵੇ ਕਿ ਫਲਾਣੇ ਟਾਈਮ ਤੋਂ ਫਲਾਣੇ ਟਾਈਮ ਤੱਕ ਪਟਾਕੇ ਚਲਾਓ... ਇਸ ਨਾਲ ਪ੍ਰਦੂਸ਼ਣ ਨਹੀਂ ਫੈਲੇਗਾ। ਕੀ ਪ੍ਰਸ਼ਾਸਨ ਜਾਂ ਫਿਰ ਸਰਕਾਰ ਇਹਨਾਂ ਸਵਾਲਾਂ 'ਤੇ ਜਵਾਬ ਦੇ ਸਕੇਗੀ ਕਿ, ਇਹਨਾਂ ਸਮਿਆਂ ਦੇ ਵਿੱਚ ਪ੍ਰਦੂਸ਼ਣ ਨਹੀਂ ਫੈਲੇਗਾ?
ਕੀ ਕਿਸਾਨ ਦੁਆਰਾ ਲਗਾਈ ਗਈ ਪਰਾਲੀ ਦੇ ਨਾਲ ਹੀ ਇਕੱਲਾ ਪ੍ਰਦੂਸ਼ਣ ਫੈਲਦਾ? ਮੈਂ ਪਰਾਲੀ ਸਾੜਨ ਵਾਲੀ ਗੱਲ ਦੀ ਹਿਮਾਇਤ ਨਹੀਂ ਕਰਦਾ, ਪਰ ਮੇਰਾ ਸਵਾਲ ਇਹ ਹੈ ਕਿ ਜੇਕਰ ਕਿਸਾਨ ਦੁਆਰਾ ਸਾੜੀ ਗਈ ਪਰਾਲੀ ਦਾ ਪ੍ਰਦੂਸ਼ਣ ਹੀ ਲੀਡਰਾਂ ਅਤੇ ਸਰਕਾਰਾਂ ਦੇ ਨਾਸੀਂ ਧੂੰਆਂ ਕਢਾ ਦਿੰਦਾ ਤਾਂ, ਫਿਰ ਪਟਾਕਿਆਂ 'ਤੇ ਪੂਰਨ ਤੌਰ 'ਤੇ ਪਾਬੰਦੀ ਕਿਉਂ ਨਹੀਂ ਲਗਾਈ ਜਾਂਦੀ? ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਕਿਉਂ ਨਿਰਧਾਰਿਤ ਕੀਤਾ ਜਾਂਦਾ? ਕਿਉਂ ਸਰਕਾਰ ਸਿਰਫ਼ ਤੇ ਸਿਰਫ਼ ਇੱਕ ਤਬਕੇ ਨੂੰ ਹੀ ਲਤਾੜਨ 'ਤੇ ਲੱਗੀ ਹੋਈ ਹੈ। ਇੱਕ ਤਬਕੇ ਨੂੰ ਹੀ ਬਲੀ ਦਾ ਬੱਕਰਾ ਕਿਉਂ ਬਣਾਇਆ ਜਾਂਦਾ?
ਸਾਡੇ ਮੁਲਕ ਦੇ ਅੰਦਰ ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਵੀ ਬਥੇਰੇ ਕਾਰਖ਼ਾਨੇ, ਫ਼ੈਕਟਰੀਆਂ ਅਤੇ ਹੋਰ ਬੜਾ ਕੁੱਝ ਹੈ, ਜਿਸ ਦੇ ਬਾਰੇ ਕਦੀ ਵੀ ਸਰਕਾਰਾਂ ਨਹੀਂ ਬੋਲਦੀਆਂ, ਪ੍ਰਦੂਸ਼ਣ ਬੋਰਡ ਵੀ ਸਿਰਫ਼ ਤੇ ਸਿਰਫ਼ ਸਿਆਸੀ ਬਿਆਨਬਾਜ਼ੀ ਦੇ ਵਿੱਚ ਰੁੱਝਿਆ ਹੋਇਆ, ਉਨ੍ਹਾਂ ਨੂੰ ਵੀ ਇਸ ਗੱਲ ਦਾ ਅਤਾ ਪਤਾ ਨਹੀਂ ਚੱਲਦਾ ਕਿ, ਪਟਾਕਿਆਂ ਦੇ ਨਾਲ ਵੀ ਪ੍ਰਦੂਸ਼ਣ ਫੈਲਦਾ! ਜੇਕਰ ਸਰਕਾਰ/ ਪ੍ਰਸ਼ਾਸਨ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕਰ ਸਕਦਾ ਤਾਂ, ਫਿਰ ਪਰਾਲੀ ਸਾੜਨ ਦਾ ਵੀ ਸਮਾਂ ਨਿਰਧਾਰਿਤ ਕਰਦੇ ਹੋ ਜਨਾਬ!
ਜੇ ਪਟਾਕੇ ਚਲਾਉਣ ਦੇ ਨਾਲ ਪ੍ਰਦੂਸ਼ਣ ਨਹੀਂ ਫੈਲਦਾ ਤਾਂ, ਫਿਰ ਮੰਨ ਲਓ ਵੀ ਪਰਾਲੀ ਸਾੜਨ ਦੇ ਨਾਲ ਕਿਹੜਾ ਪ੍ਰਦੂਸ਼ਣ ਫੈਲ ਜਾਏਗਾ? ਕਿਉਂਕਿ ਤੁਸੀਂ ਪਟਾਕੇ ਚਲਾਉਣ 'ਤੇ ਤਾਂ ਦੋ ਤੋਂ ਢਾਈ ਘੰਟੇ ਜਾਂ ਤਿੰਨ ਘੰਟੇ ਜਾਂ ਚਾਰ ਘੰਟੇ ਦੀ ਖੁੱਲ ਦੇ ਦਿੱਤੀ ਤਾਂ, ਕੀ ਪਰਾਲੀ ਸਾੜਨ ਵਾਸਤੇ ਵੀ ਦੋ ਚਾਰ ਘੰਟੇ ਦੀ ਖੁੱਲ ਦੇ ਦਿਓਗੇ? ਹੁਣ ਦੱਸੋ, ਕੀ ਪਰਾਲੀ ਸਾੜਨ ਦੇ ਨਾਲ ਹੀ ਇਕੱਲਾ ਪ੍ਰਦੂਸ਼ਣ ਫੈਲਦਾ, ਪਟਾਕੇ ਚਲਾਉਣ ਦੇ ਨਾਲ, ਸਿਰਫ਼ ਜੰਗਲ ਅਤੇ ਹੋਰ ਹਰਿਆਲੀ ਆਉਂਦੀ ਹੈ? ਖ਼ੈਰ ਮਸਲਾ ਲੰਮਾ ਚੌੜਾ, ਪਰ ਸਵਾਲ ਵੀ ਬੜੇ ਨੇ! ਆਖ਼ਿਰ 'ਤੇ ਤਾਂ ਇੱਕੋ ਗੱਲ ਹੀ ਕਹਿਣੀ ਬਣਦੀ ਹੈ ਕਿ, ਇਹ ਪ੍ਰਦੂਸ਼ਣ ਇਕੱਲਾ ਸਰਕਾਰੀ ਅੰਕੜਿਆਂ ਦੇ ਮੁਤਾਬਿਕ ਕਿਸਾਨ ਹੀ ਫੈਲਾਉਂਦੇ ਨੇ, ਇਸ ਤੋਂ ਇਲਾਵਾ ਹੋਰ ਕੋਈ ਨਹੀਂ। ਚਲੋ ਭਾਈ, ਕਿਸਾਨ ਹੀ ਬਲੀ ਦਾ ਬੱਕਰਾ ਹੈ, ਜਿਹੜਾ ਕਦੇ ਹੜਾਂ ਦੀ ਮਾਰ ਝੱਲਦਾ, ਕਦੇ ਹੋਰ ਕੁਦਰਤੀ ਕਰੋਪੀ ਦਾ ਸ਼ਿਕਾਰ ਹੁੰਦਾ ਅਤੇ ਹੁਣ ਸਰਕਾਰੀ ਤੰਤਰ ਦਾ ਸ਼ਿਕਾਰ ਹੋ ਰਿਹਾ।
ਸਰਕਾਰਾਂ ਨੂੰ ਪਰਾਲੀ ਦਾ ਠੋਸ ਹੱਲ ਲੱਭਣਾ ਚਾਹੀਦਾ, ਨਾ ਕਿ ਉਨ੍ਹਾਂ 'ਤੇ ਮੁਕੱਦਮੇ ਠੋਕ ਕੇ ਜੁਰਮਾਨੇ ਲਗਾ ਕੇ ਜੇਲ੍ਹਾਂ ਦੇ ਅੰਦਰ ਸੁੱਟਣਾ ਚਾਹੀਦਾ। ਵੇਖਦੇ ਹਾਂ ਕਿ ਅਗਲੇ ਸਮੇਂ ਦੇ ਵਿੱਚ ਕੀ ਕੁੱਝ ਬਣਦਾ, ਪਰ ਇਸ ਵੇਲੇ ਤਾਂ ਸਪਸ਼ਟ ਸ਼ਬਦਾਂ ਵਿੱਚ ਇਹ ਆਖਿਆ ਜਾ ਸਕਦਾ ਹੈ ਕਿ ਪਟਾਕਿਆਂ ਨੂੰ ਚਲਾਉਣ ਵਾਸਤੇ ਸਮਾਂ ਨਿਰਧਾਰਿਤ ਕਰਨ ਵਾਲੀ ਸਰਕਾਰ ਸਿੱਧੇ ਅਤੇ ਸ਼ਰੇਆਮ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਪ੍ਰਦੂਸ਼ਣ ਫੈਲਾਉਣ ਦੇ ਤਹਿਤ ਜੇਲ੍ਹਾਂ ਦੇ ਅੰਦਰ ਡੱਕ ਰਹੀ ਹੈ.....!
-ਗੁਰਪ੍ਰੀਤ
ਸੰਪਰਕ - 09569820314

-
ਗੁਰਪ੍ਰੀਤ, writer
gurpreetnews@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.