ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ਾਂ ਤਹਿਤ 7 ਜਣਿਆਂ ਖਿਲਾਫ ਪਰਚਾ ਦਰਜ
ਮਲਕੀਤ ਸਿੰਘ ਮਲਕਪੁਰ
ਲਾਲੜੂ 2 ਮਈ 2025: ਸਥਾਨਕ ਪੁਲਿਸ ਨੇ ਲਾਲੜੂ ਦੇ ਇੱਕ ਪ੍ਰਸਿੱਧ ਹੋਟਲ, ਡਰਾਈਵ ਇਨ 22 ਵਿੱਚ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸਾਂ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੌਕੇ ਤੋਂ ਅੱਠ ਔਰਤਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਹੈ ,ਜਦੋਂ ਕਿ ਹੋਟਲ ਮਾਲਕ ਅਤੇ ਮੈਨੇਜਰ ਸਮੇਤ ਸੱਤ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਡੇਰਾਬੱਸੀ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਨਰੇਸ਼ ਕੁਮਾਰ , ਅਮਨ ਸਿੰਗਲਾ ਅਤੇ ਅਮਿਤ ਸੀਤਲ ਸਾਰੇ ਵਾਸੀ ਕੈਥਲ ਸ਼ਾਮਲ ਹਨ, ਜਦੋਂ ਕਿ ਰਵੀ, ਲਵਲੀ ਅਤੇ ਪ੍ਰੇਮ ਸਾਰੇ ਵਾਸੀ ਜੀਰਕਪੁਰ ਅਤੇ ਹੋਟਲ ਮਾਲਕ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ, ਇਹ ਚਾਰੇ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਡੀਐਸਪੀ ਨੇ ਕਿਹਾ ਕਿ ਪੁਲਿਸ ਟੀਮ ਨੇ ਸਥਾਨਕ ਹੋਟਲ ਡਰਾਈਵ-ਇਨ-22 ਹੋਟਲ 'ਤੇ ਛਾਪਾ ਮਾਰਿਆ ਜੋ ਕਦੇ ਗੋਲਡਨ ਫੋਰੈਸਟ ਦਾ ਹਿੱਸਾ ਹੁੰਦਾ ਸੀ। ਇਸ ਵਿੱਚ੍ 8 ਔਰਤਾਂ ਅਤੇ ਤਿੰਨ ਨੌਜਵਾਨ ਤਿੰਨ ਵੱਖ-ਵੱਖ ਕਮਰਿਆਂ ਵਿੱਚ ਬਿਨਾਂ ਕਿਸੇ ਪਛਾਣ ਦੇ ਮੌਜੂਦ ਪਾਏ ਗਏ।
ਹੋਟਲ ਸਟਾਫ਼ ਕੋਲ ਰਜਿਸਟਰ ਵਿੱਚ ਉਨ੍ਹਾਂ ਦੀ ਕੋਈ ਐਂਟਰੀ ਨਹੀਂ ਸੀ, ਨਾ ਹੀ ਉਨ੍ਹਾਂ ਨੇ ਰਿਕਾਰਡ ਵਿੱਚ ਉਨ੍ਹਾਂ ਦੇ ਆਧਾਰ ਕਾਰਡ ਅਤੇ ਹੋਰ ਪਛਾਣ ਪੱਤਰ ਦਰਜ ਕੀਤੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਵਿਰੁੱਧ ਐਫਆਈਆਰ ਨੰਬਰ 51 ਦਰਜ ਕੀਤੀ ਹੈ, ਜਦੋਂ ਕਿ ਔਰਤਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ।