ਐਮਪੀ ਅਰੋੜਾ ਨੇ ਲੁਧਿਆਣਾ ਵਿੱਚ ਮੁਫ਼ਤ ਲੀਵਰ ਟੈਸਟ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਲੁਧਿਆਣਾ, 3 ਮਈ, 2025: ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸ਼ਨੀਵਾਰ ਨੂੰ ਸਰਾਭਾ ਨਗਰ ਸਥਿਤ ਆਪਣੇ ਦਫ਼ਤਰ ਤੋਂ ਮੁਫ਼ਤ ਫਾਈਬਰੋਸਕੈਨ ਲਿਵਰ ਟੈਸਟ ਮੋਬਾਈਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਹਰੀ ਝੰਡੀ ਦਿਖਾਉਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਅਰੋੜਾ ਨੇ ਕਿਹਾ ਕਿ ਇਹ ਮੋਬਾਈਲ ਵੈਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਮੁਫ਼ਤ ਲੀਵਰ ਦੇ ਟੈਸਟ ਕਰਵਾਏਗੀ, ਜੋ ਕਿ ਆਮ ਤੌਰ 'ਤੇ ਨਿੱਜੀ ਸਿਹਤ ਸੰਭਾਲ ਕੇਂਦਰਾਂ ਵਿੱਚ ਬਹੁਤ ਮਹਿੰਗੇ ਹੁੰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲਕਦਮੀ ਇੱਕ ਪੂਰੀ ਤਰ੍ਹਾਂ ਨਿੱਜੀ ਉੱਦਮ ਹੈ ਜਿਸਦਾ ਉਦੇਸ਼ ਬਿਨਾਂ ਕਿਸੇ ਵਪਾਰਕ ਉਦੇਸ਼ ਦੇ ਮਨੁੱਖਤਾ ਦੀ ਸੇਵਾ ਕਰਨਾ ਹੈ।
ਅਰੋੜਾ ਨੇ ਕਿਹਾ ਕਿ ਇਹ ਵੈਨ ਸ਼ਹਿਰ ਦੇ ਹਰ ਵਾਰਡ ਵਿੱਚ ਪਹੁੰਚੇਗੀ ਅਤੇ ਇਸ ਦੇ ਦੌਰੇ ਦਾ ਪ੍ਰਚਾਰ ਸਬੰਧਤ ਸ਼ਹਿਰ ਦੇ ਕੌਂਸਲਰਾਂ ਦੀ ਮਦਦ ਨਾਲ ਪਹਿਲਾਂ ਹੀ ਕੀਤਾ ਜਾਵੇਗਾ। ਇਹ ਪਹਿਲ ਸਥਾਨਕ ਸਮਾਜ ਸੇਵਕ ਚਮਕੌਰ ਸਿੰਘ ਦੇ ਸਰਗਰਮ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ।
ਅਰੋੜਾ ਨੇ ਕਿਹਾ, "ਜੇਕਰ ਇਹ ਪਹਿਲੀ ਵੈਨ ਸਫਲ ਸਾਬਤ ਹੁੰਦੀ ਹੈ, ਤਾਂ ਅਜਿਹੀਆਂ ਹੋਰ ਵੈਨਾਂ ਤਾਇਨਾਤ ਕੀਤੀਆਂ ਜਾਣਗੀਆਂ।" ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਲੀਵਰ ਦੀ ਜਾਂਚ ਕਰਵਾ ਸਕਦਾ ਹੈ ਬਸ਼ਰਤੇ ਉਸਨੇ ਤਿੰਨ ਤੋਂ ਚਾਰ ਘੰਟੇ ਪਹਿਲਾਂ ਕੁਝ ਨਾ ਖਾਧਾ ਹੋਵੇ ਕਿਉਂਕਿ ਟੈਸਟ ਲਈ ਪੇਟ ਖਾਲੀ ਹੋਣਾ ਜ਼ਰੂਰੀ ਹੈ। ਜਾਂਚ ਰਿਪੋਰਟ ਮੌਕੇ 'ਤੇ ਉਪਲਬਧ ਕਰਵਾਈ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਇਸ ਵੈਨ ਤੋਂ ਪ੍ਰਤੀ ਦਿਨ 70-80 ਟੈਸਟ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ, "ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਰੇ ਟੈਸਟ ਨੈਗੇਟਿਵ ਹੋਣ।" ਅਰੋੜਾ ਨੇ ਭਵਿੱਖ ਵਿੱਚ ਆਮ ਸਿਹਤ ਜਾਂਚ ਲਈ ਇਸੇ ਤਰ੍ਹਾਂ ਦੀਆਂ ਵੈਨਾਂ ਸ਼ੁਰੂ ਕਰਨ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ।
ਇਸ ਸਮਾਗਮ ਵਿੱਚ ਸ਼ਹਿਰ ਦੇ ਕਈ ਨਗਰ ਕੌਂਸਲਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਮੌਜੂਦ ਸਨ।
ਇੱਥੇ ਇਹ ਦੱਸਣਾ ਉਚਿਤ ਹੈ ਕਿ ਫਾਈਬਰੋਸਕੈਨ ਟੈਸਟ ਲੀਵਰ ਦੀ ਸਿਹਤ ਦਾ ਮੁਲਾਂਕਣ ਕਰਨ ਲਈ ਇੱਕ ਨਾਨ -ਇਨਵੇਸਿਵ ਤਰੀਕਾ ਹੈ। ਇਹ ਲੀਵਰ ਵਿੱਚੋਂ ਲੰਘਣ ਵਾਲੀਆਂ ਵਾਈਬ੍ਰੇਸ਼ਨਾਂ (ਪਲਸ) ਦੀ ਗਤੀ ਦਾ ਪਤਾ ਲਗਾ ਕੇ ਜਿਗਰ ਦੀ ਕਠੋਰਤਾ ਨੂੰ ਮਾਪਦਾ ਹੈ, ਜਿਸ ਨਾਲ ਫਾਈਬਰੋਸਿਸ ਵਰਗੀਆਂ ਲੀਵਰ ਦੀਆਂ ਸਥਿਤੀਆਂ ਦੀ ਪਛਾਣ ਕਰਨ ਵਿੱਚ ਮਦਦ ਮਿਲਦੀ ਹੈ।