ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਢਾਹਾਂ ਦੀ 7ਵੀਂ ਬਰਸੀ ਮਨਾਈ
ਬੰਗਾ, 20 ਅਪਰੈਲ 2025- ਦੁਆਬੇ ਦੇ ਪਿੰਡ ਢਾਹਾਂ ਕਲੇਰਾਂ ਦੇ ਸਾਂਝੇ ਵਿਹੜੇ ਲੋਕਾਂ ਨੂੰ ਮਿਆਰੀ ਸਿਹਤ ਅਤੇ ਉਸਾਰੂ ਸਿਖਿਆ ਦੀਆਂ ਰਿਆਇਤੀ ਦਰਾਂ 'ਤੇ ਸਮਰਪਿਤ ਸੇਵਾਵਾਂ ਦਾ ਆਰੰਭ ਕਰਨ ਵਾਲੇ ਬਾਬਾ ਬੁੱਧ ਸਿੰਘ ਢਾਹਾਂ ਦੀ 7ਵੀਂ ਬਰਸੀ ਬਹੁਤ ਸਤਿਕਾਰ ਨਾਲ ਮਨਾਈ ਗਈ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭੋਗ ਪਾਏ ਗਏ। ਅਰਦਾਸ ਰਾਹੀਂ ਸਮੁੱਚੀ ਲੋਕਾਈ ਦੇ ਭਲੇ ਦੀ ਕਾਮਨਾ ਕੀਤੀ ਗਈ । ਗੁਰਦੁਆਰਾ ਸਾਹਿਬ 'ਚ ਸਜੇ ਦੀਵਾਨ ਵਿੱਚ ਹਜ਼ੂਰੀ ਰਾਗੀ ਭਾਈ ਜੋਗਾ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ।
ਇਸ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਬਾਬਾ ਬੁੱਧ ਸਿੰਘ ਢਾਹਾਂ ਦੇ ਜੀਵਨ ਸੰਘਰਸ਼ 'ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਬਾਬਾ ਬੁੱਧ ਸਿੰਘ ਢਾਹਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਸਥਾਪਤੀ ਤੋਂ ਬਾਅਦ ਵਿੱਦਿਅਕ ਅਦਾਰੇ ਸਥਾਪਿਤ ਕਰਕੇ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕੀਤਾ। ਇਸ ਮੌਕੇ ਟਰੱਸਟ ਦੇ ਸਾਬਕਾ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਵੀ ਸ਼ਾਮਲ ਸਨ।
ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਪ੍ਰਵੇਸ਼ ਦੁਆਰ ਵਾਲੇ ਹਾਲ 'ਚ ਬਾਬਾ ਬੁੱਧ ਸਿੰਘ ਢਾਹਾਂ ਦੀ ਤਸਵੀਰ ਦੇ ਸਨਮੁੱਖ ਟਰੱਸਟ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਫੁੱਲ ਅਰਪਿਤ ਕੀਤੇ ਗਏ। ਸਾਰਿਆਂ ਦੇ ਚਿਹਰਿਆਂ 'ਤੇ ਬਾਬਾ ਬੁੱਧ ਸਿੰਘ ਢਾਹਾਂ ਵਲੋਂ ਕੀਤੇ ਸੇਵਾ ਕਾਰਜਾਂ ਪ੍ਰਤੀ ਭਾਵਨਾਵਾਂ ਦਾ ਵਾਸ ਸੀ । ਸ਼ਰਧਾ ਦੇ ਫੁੱਲ ਅਰਪਿਤ ਕਰਨ ਵਾਲਿਆਂ ਵਿੱਚ ਉਕਤ ਤੋਂ ਇਲਾਵਾ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਾਇਸ ਪ੍ਰਿੰਸੀਪਲ ਰਾਜਦੀਪ ਥਿਦਵਾਰ, ਬੀਬੀ ਜਿੰਦਰ ਕੌਰ ਢਾਹਾਂ, ਦਲਜੀਤ ਕੌਰ ਆਈ ਵਿਭਾਗ, ਨਰਸਿੰਗ ਸੁਪਰਡੈਂਟ ਦਵਿੰਦਰ ਕੌਰ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਫਰੰਟ ਡੈੱਸਕ ਮੈਨੇਜਰ ਜੋਤੀ ਭਾਟੀਆ, ਮੀਡੀਆ ਟੀਮ ਦੇ ਨੁਮਾਇੰਦੇ ਡਾ. ਗੁਰਤੇਜ ਸਿੰਘ, ਸੁਰਜੀਤ ਮਜਾਰੀ, ਨਰਿੰਦਰ ਸਿੰਘ ਢਾਹਾਂ, ਮਨਜੀਤ ਬੇਦੀ, ਬਲਜਿੰਦਰ ਕੌਰ, ਸੁਰੱਖਿਆ ਅਫ਼ਸਰ ਰਣਜੀਤ ਸਿੰਘ, ਟਰਾਂਸਪੋਰਟ ਇੰਚਾਰਜ ਜਸਵੀਰ ਸਿੰਘ, ਜੋਗਾ ਰਾਮ, ਭਾਈ ਗੁਰਜਿੰਦਰ ਸਿੰਘ ਸੇਵਾਦਾਰ ਸ਼ਾਹਿਬਜ਼ਾਦੇ ਸੇਵਕ ਜਥਾ ਸਰਹਾਲਾ ਖੁਰਦ, ਜਸਵੀਰ ਸਿੰਘ, ਸਤਵਿੰਦਰ ਸਿੰਘ, ਅਮਰਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਮਨ ਸਿੰਘ, ਮਨਜੀਤ ਸਿੰਘ, ਚਮਕੌਰ ਸਿੰਘ ਆਦਿ ਸ਼ਾਮਲ ਸਨ । ਇਸ ਦੇ ਨਾਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀ ਸ਼ਾਮਿਲ ਸਨ।
ਖ਼ੂਨ ਦਾਨ ਰਾਹੀਂ ਸ਼ਰਧਾ ਦਾ ਇਜ਼ਹਾਰ : ਬਾਬਾ ਬੁੱਧ ਸਿੰਘ ਢਾਹਾਂ ਦੀ ਬਰਸੀ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਬਲੱਡ ਬੈਂਕ ਵਲੋਂ ਲਗਾਏ ਗਏ ਕੈਂਪ ਵਿੱਚ ਖ਼ੂਨ ਦਾਨ ਰਾਹੀਂ ਸ਼ਰਧਾ ਦਾ ਇਜ਼ਹਾਰ ਕੀਤਾ ਗਿਆ । ਖ਼ੂਨ ਦਾਨ ਕਰਨ ਵਾਲਿਆਂ ਦਾ ਕਹਿਣ ਸੀ ਕਿ ਬਾਬਾ ਬੁੱਧ ਸਿੰਘ ਢਾਹਾਂ ਦੀ ਇਹ ਸੇਵਾ ਲਹਿਰ ਪੀੜ੍ਹੀ ਦਰ ਪੀੜ੍ਹੀ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।