ਲਾਲੜੂ ਕਾਂਗਰਸ ਨੇ ਦੇਸ਼ ਤੇ ਫੌਜ ਨਾਲ ਇੱਕਜੁੱਟਤਾ ਪ੍ਰਗਟਾਈ
- ਸ਼ਹਿਰੀ ਕਾਂਗਰਸ ਦੀ ਮੀਟਿੰਗ 'ਚ ਸੜਕਾਂ ਤੇ ਕੱਚੀਆਂ ਛੱਤਾਂ ਦੇ ਮੁੱਦੇ ਵਿਚਾਰੇ
ਮਲਕੀਤ ਸਿੰਘ ਮਲਕਪੁਰ
ਲਾਲੜੂ 9 ਮਈ 2025: ਲਾਲੜੂ ਕਾਂਗਰਸ ਦੀ ਸ਼ਹਿਰੀ ਇਕਾਈ ਦੀ ਅਹਿਮ ਮੀਟਿੰਗ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਰਾਣਾ ਮਗਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਦਫਤਰ ਵਿਖੇ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਉਪਰੰਤ ਜਾਰੀ ਬਿਆਨ ਵਿੱਚ ਕਾਂਗਰਸੀ ਕੌਂਸਲਰ ਮਾਸਟਰ ਮੋਹਨ ਸਿੰਘ, ਸੁਸ਼ੀਲ ਮਗਰਾ, ਯੁਗਵਿੰਦਰ ਰਾਠੌਰ, ਬਲਕਾਰ ਦੱਪਰ , ਧਰਮਿੰਦਰ ਕੁਮਾਰ, ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਮੈਡਮ ਨਛੱਤਰ ਕੌਰ ਪਿੰਕੀ ਅਤੇ ਓਬੀਸੀ ਵਿੰਗ ਸ਼ਹਿਰੀ ਦੇ ਪ੍ਰਧਾਨ ਰਮੇਸ਼ ਪ੍ਰਜਾਪਤ ਆਦਿ ਨੇ ਕਿਹਾ ਕਿ ਭਾਰਤ- ਪਾਕਿਸਤਾਨ ਦਰਮਿਆਨ ਚਲ ਰਹੇ ਇਸ ਤਣਾਅ 'ਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਦੇਸ਼, ਫੌਜ ਅਤੇ ਸਰਕਾਰ ਨਾਲ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਹਿਲਗਾਮ ਵਿੱਚ ਮਾਰੇ ਗਏ ਨਿਰਦੋਸ਼ਾਂ ਤੇ ਬਾਰਡਰ ਉੱਤੇ ਸ਼ਹੀਦ ਹੋ ਰਹੇ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅੱਤਵਾਦ ਦੀ ਸਖਤ ਨਿਖੇਧੀ ਕਰਦੀ ਹੈ। ਮੀਟਿੰਗ ਦੌਰਾਨ ਜਿੱਥੇ ਲਾਲੜੂ ਖੇਤਰ ਦੀਆਂ ਸੜਕਾਂ ਦੀ ਹਾਲਤ ਉੱਤੇ ਚਿੰਤਾ ਪ੍ਰਗਟਾਈ ਗਈ ,ਉੱਥੇ ਲਾਲੜੂ ਨਗਰ ਕੌਂਸਲ ਵਿੱਚ ਕੱਚੀਆਂ ਛੱਤਾਂ ਦੇ ਮਾਮਲੇ ਵਿੱਚ ਪੈਸੇ ਪਾਉਣ ਸਬੰਧੀ ਆਮ ਲੋਕਾਂ ਵੱਲੋਂ ਉਠਾਈਆਂ ਜਾ ਰਹੀਆਂ ਕਥਿਤ ਬੇਨਿਯਮੀਆਂ ਤੇ ਪੱਖਪਾਤੀ ਰਵੱਈਏ ਦਾ ਗੰਭੀਰ ਨੋਟਿਸ ਲਿਆ ਗਿਆ।
ਕਾਂਗਰਸ ਦੀ ਸ਼ਹਿਰੀ ਇਕਾਈ ਨੇ ਮੰਗ ਕੀਤੀ ਕਿ ਸਰਕਾਰ ਸੜਕਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਕੱਚੀਆਂ ਛੱਤਾਂ ਦੇ ਮਾਮਲੇ ਵਿੱਚ ਹੋ ਰਹੀਆਂ ਕਥਿਤ ਹੇਰਾਫੇਰੀਆਂ ਦੀ ਗੰਭੀਰਤਾ ਨਾਲ ਜਾਂਚ ਕਰੇ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਇਸ ਮੀਟਿੰਗ ਵਿੱਚ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਗੁਪਤਾ, ਸਾਬਕਾ ਸਰਪੰਚ ਜਸਵੀਰ ਸਿੰਘ ਲੈਹਲੀ,ਮਾਸਟਰ ਕਾਮੇਸਵਰ ਸ਼ਰਮਾ ,ਭੁਪਿੰਦਰ ਸ਼ਰਮਾ,ਦੀਪਕ ਰਾਣਾ, ਇਮਰਤ ਰਾਣਾ ਤੇ ਮਨੀਸ਼ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਕਾਂਗਰਸੀ ਹਾਜ਼ਰ ਸਨ।