ਕਿਸਾਨਾਂ ਉੱਤੇ ਤਸੱਦਦ ਕਰਨਾ ਪੰਜਾਬ ਸਰਕਾਰ ਦੀ ਨਿਰੋਲ ਧੱਕੇਸ਼ਾਹੀ : ਛਿੰਦਾ ਮਲਕਪੁਰ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਮਾਰਚ 2025: ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਮਿਲਕੇ ਪੰਜਾਬ ਪੁਲਿਸ ਰਾਹੀਂ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਜਬਰੀ ਚੁੱਕਣਾ ਤੇ ਉਨ੍ਹਾਂ ਉੱਤੇ ਤਸੱਦਦ ਕਰਨ ਨਿਰੋਲ ਧੱਕੇਸ਼ਾਹੀ ਹੈ । ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਮੋਹਾਲੀ ਦੇ ਵਾਇਸ ਪ੍ਰਧਾਨ ਜਸਵਿੰਦਰ ਸਿੰਘ ਛਿੰਦਾ ਮਲਕਪੁਰ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਪਹਿਲਾਂ ਭਗਵੰਤ ਮਾਨ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ -ਵੱਡੇ ਦਾਅਵੇ ਕਰਦਾ ਨਹੀਂ ਸੀ ਥੱਕਦਾ ਅਤੇ ਕਹਿੰਦਾ ਸੀ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ , ਜਦਕਿ ਉਹ ਖੁੱਦ ਕਿਸਾਨਾਂ ਨਾਲ ਧਰਨਿਆਂ ਵਿੱਚ ਜਾ ਕੇ ਬੈਠਦੇ ਸਨ, ਪਰ ਸੱਤਾ ਹਥਿਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਤਾਂ ਕੀ ਕਰਨੀਆਂ ਸਨ, ਉਨ੍ਹਾਂ ਵੱਲੋਂ ਸੰਭੂ ਅਤੇ ਖਨੌਰੀ ਬਾਰਡਰ ਉੱਤੇ ਲਗਾਏ ਧਰਨੇ ਨੂੰ ਜਬਰੀ ਚੁੱਕ ਦਿੱਤਾ ਹੈ ਅਤੇ ਚੰਡੀਗੜ੍ਹ ਮੀਟਿੰਗ ਕਰਨ ਆਏ ਕਿਸਾਨ ਆਗੂਆਂ ਨੂੰ ਰਾਹ ਵਿੱਚੋਂ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਿਸਾਨੀ ਧਰਨੇ ਨੂੰ ਖੇਰੂ-ਖੇਰੂ ਕਰਨ ਦਾ ਖਾਮਿਆਜਾ ਭਗਵੰਤ ਮਾਨ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਇਸ ਰੱਵਈਏ ਤੇ ਕਿਸਾਨ ਜਥੇਬੰਦੀਆਂ ਨਾਰਾਜ਼ ਹਨ ਅਤੇ ਵੱਡੇ ਸੰਘਰਸ਼ ਦੀ ਤਿਆਰੀ ਵਿੱਚ ਹਨ। ਸ. ਮਲਕਪੁਰ ਨੇ ਕਿਹਾ ਕਿ ਅੱਜ ਵੀ ਲਾਲੜੂ ਖੇਤਰ ਵਿੱਚ ਕਿਸਾਨੀ ਆਗੂਆਂ ਦੀ ਫੜੋ-ਫੜੀ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸਾਨ ਜਥੇਬੰਦੀਆਂ ਕੋਈ ਵੱਡਾ ਸੰਘਰਸ਼ ਉਲੀਕਦੇ ਹਨ ਤਾਂ ਉਹ ਆਪਣੇ ਸਾਥੀਆਂ ਨਾਲ ਵੱਧ ਚੜ ਕੇ ਹਿੱਸਾ ਲੈਣਗੇ ।