ਪੁਲਿਸ ਵੱਲੋਂ ਗਾਹਕ ਬਣ ਕੇ ਨਸ਼ਾ ਤਸਕਰਾਂ ਨੂੰ ਘੇਰਿਆ
ਜਗਰਾਉਂ (ਦੀਪਕ ਜੈਨ)
ਬੀਤੇ ਦਿਨੀ ਜਗਰਾਉਂ ਫਿਰੋਜ਼ਪੁਰ ਮੁੱਖ ਸੜਕ ਤੇ ਸਥਿਤ ਦੀਪਕ ਢਾਬੇ ਦੇ ਸਾਹਮਣੇ ਪਸ਼ੂ ਮੰਡੀ ਗਰਾਊਂਡ ਦੇ ਨਜ਼ਦੀਕ ਦੋ ਨਸ਼ਾ ਤਸਕਰਾਂ ਅਤੇ ਪੁਲਿਸ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਲੁਧਿਆਣਾ ਰੇਂਜ ਦੇ ਡੀਆਈਜੀ ਨਿਲੰਬਰੀ ਜਗਦਲੇ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਦੀ ਐਂਟੀ ਨਾਰਕੋਟਸ ਟਾਸਕ ਫੋਰਸ ਦੀ ਟੀਮ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਘੇਰ ਕੇ ਕਾਬੂ ਕੀਤਾ ਗਿਆ ਸੀ। ਜਿੱਥੇ ਤਸਕਰਾਂ ਵੱਲੋਂ ਗੋਲੀ ਚਲਾਈ ਗਈ ਅਤੇ ਜਵਾਬੀ ਗੋਲੀਬਾਰੀ ਵਿੱਚ ਜਦੋਂ ਪੁਲਿਸ ਨੇ ਗੋਲੀਆਂ ਚਲਾਈਆਂ ਤਾਂ ਇੱਕ ਤਸਕਰ ਮਾਰਿਆ ਗਿਆ ਅਤੇ ਦੂਸਰਾ ਮੌਕੇ ਤੋਂ ਫਰਾਰ ਹੋ ਗਿਆ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਡੀਆਈਜੀ ਨੇ ਦੱਸਿਆ ਕਿ ਏ ਐਨ ਟੀਐਫ ਦੀ ਟੀਮ ਅਤੇ ਤਸਕਰਾਂ ਵਿੱਚ ਟੀਮ ਵੱਲੋਂ ਗਾਹਕ ਬਣ ਕੇ ਗੱਲਬਾਤ ਕੀਤੀ ਜਾ ਰਹੀ ਸੀ ਅਤੇ ਤਸਕਰਾ ਵੱਲੋਂ ਪੁਲਿਸ ਟੀਮ ਨੂੰ ਲੁਧਿਆਣਾ ਦਿਹਾਤੀ ਦੇ ਇਲਾਕੇ ਪਸੂ ਮੰਡੀ ਦੇ ਨਜ਼ਦੀਕ ਬੁਲਾਇਆ ਗਿਆ ਸੀ ਅਤੇ ਜਦੋਂ ਪੁਲਿਸ ਵੱਲੋਂ ਨਸ਼ੇ ਦੀ ਖੇਪ ਵਾਸਤੇ ਲੱਖਾਂ ਰੁਪਏ ਦਿਖਾਏ ਗਏ ਤਾਂ ਤਸਕਰਾਂ ਨੂੰ ਪੁਲਿਸ ਟੀਮ ਉੱਪਰ ਸ਼ੱਕ ਹੋ ਗਿਆ ਅਤੇ ਤਸਕਰਾਂ ਵੱਲੋਂ ਗੋਲੀ ਚਲਾਈ ਗਈ ਜੋ ਕਿ ਪੁਲਿਸ ਦੀ ਗੱਡੀ ਦੇ ਵਿੱਚ ਬੱਜੀ। ਜਵਾਬੀ ਕਾਰਵਾਈ ਵਿੱਚ ਪੁਲਿਸ ਟੀਮ ਵੱਲੋਂ ਵੀ ਗੋਲੀ ਚਲਾਈ ਗਈ ਜੋ ਕਿ ਨਸ਼ਾ ਤਸਕਰ ਦੀ ਛਾਤੀ ਵਿੱਚ ਲੱਗੀ ਜਿਸ ਨੂੰ ਪੁਲਿਸ ਟੀਮ ਵੱਲੋਂ ਮੌਕੇ ਤੇ ਹੀ ਚੁੱਕ ਕੇ ਸਿਵਿਲ ਹਸਪਤਾਲ ਜਗਰਾਉਂ ਲਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੂਸਰਾ ਤਸਕਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ। ਤਸਕਰਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਦੱਸਿਆ ਕਿ ਮਰਨ ਵਾਲਾ ਤਸਕਰ ਧਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਲੇਮਪੁਰਾ ਟਿੱਬਾ ਥਾਣਾ ਸਿੱਧਵਾਂ ਬੇਟ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਤਸਕਰੀ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਜੇਲ ਚੋਂ ਬਾਹਰ ਆਇਆ ਸੀ ਅਤੇ ਇਸ ਦਾ ਦੂਸਰਾ ਸਾਥੀ ਜੋ ਕਿ ਮੌਕੇ ਤੋਂ ਫਰਾਰ ਹੋਇਆ ਉਸ ਦਾ ਨਾਮ ਜਗਸੀਰ ਖਾਨ ਪੁੱਤਰ ਖਰੈਤੀ ਖਾਨ ਵਾਸੀ ਡੇਰਾ ਬੱਸੀ ਜੋ ਕਿ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਉਕਤ ਤਸਕਰਾਂ ਕੋਲੋਂ ਦੋ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਣ ਦੀ ਉਮੀਦ ਹੈ ਅਤੇ ਇੱਕ ਗੈਰ ਕਾਨੂੰਨੀ ਪਸਤੌਲ ਤੋਂ ਇਲਾਵਾ ਇੱਕ ਸਵਿਫਟ ਕਾਰ ਬਰਾਮਦ ਕੀਤੀ ਗਈ ਹੈ।
ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਫਿਰੋਜਪੁਰ ਪੁਲਿਸ ਦੀ ਏ ਐਨਟੀਐਫ ਫੋਰਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਪਹਿਲਾਂ ਤਾਂ ਲੁਧਿਆਣਾ ਦਿਹਾਤੀ ਪੁਲਿਸ ਨੂੰ ਦੱਸਿਆ ਹੀ ਨਹੀਂ ਗਿਆ ਸੀ ਅਤੇ ਜਦੋਂ ਗੋਲੀਬਾਰੀ ਹੋਈ ਉਸ ਮਗਰੋਂ ਲੁਧਿਆਣਾ ਦਿਹਾਤੀ ਪੁਲਿਸ ਹਰਕਤ ਵਿੱਚ ਆਈ ਅਤੇ ਮੌਕੇ ਤੇ ਵੱਡੀ ਗਿਣਤੀ ਵਿੱਚ ਜਿਸ ਵਿੱਚ ਲੁਧਿਆਣਾ ਰੇਂਜ ਦੇ ਡੀਆਈਜੀ ਨਿਰੰਬਲੀ ਜਗਦਲੇ, ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਤੇ ਪਹੁੰਚੀ।