ਲਵਲੀ ਯੂਨੀਵਰਸਿਟੀ ਵਿਖੇ ਵਾਪਰੀਆਂ ਘਟਨਾਵਾਂ ਮਗਰੋਂ ਅਧਿਕਾਰੀਆਂ ਵੱਲੋਂ ਦੋ ਯੂਨੀਵਰਸਿਟੀਆਂ ਦਾ ਦੌਰਾ
ਵਿਦਿਆਰਥੀਆਂ ਨੂੰ ਅਫਵਾਹਾਂ ਤੇ ਯਕੀਨ ਨਾ ਕਰਨ ਦੀ ਸਲਾਹ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2026 : ਜਲੰਧਰ ਜ਼ਿਲ੍ਹੇ ਵਿੱਚ ਸਥਿਤ ਲਵਲੀ ਯੂਨੀਵਰਸਿਟੀ ਵਿਖੇ ਬੀਤੀ ਦੇਰ ਰਾਤ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਡੀ.ਆਈ.ਜੀ ਬਠਿੰਡਾ ਰੇਂਜ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐੱਸ.ਐੱਸ.ਪੀ ਬਠਿੰਡਾ ਸੁਹੇਲ ਕਾਸਿਮ ਮੀਰ
ਨੇ ਅੱਜ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਦੋ ਵੱਖ-ਵੱਖ ਯੂਨੀਵਰਸਿਟੀਆਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਇਹ ਅਧਿਕਾਰੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ਅਤੇ ਮਗਰੋਂ ਕੇਂਦਰੀ ਯੂਨੀਵਰਸਿਟੀ ਪੰਜਾਬ, ਘੁੱਦਾ ਵਿਖੇ ਵੀ ਡੀ.ਆਈ.ਜੀ ਸ਼੍ਰੀ ਹਰਜੀਤ ਸਿੰਘ ਅਤੇ ਐੱਸ.ਐੱਸ.ਪੀ ਸ਼੍ਰੀ ਸੁਹੇਲ ਕਾਸਿਮ ਮੀਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ।ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਅਫਵਾਹਾਂ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਇੱਕ ਥਾਂ ਉੱਤੇ ਵਾਪਰੀ ਘਟਨਾ ਦੀ ਜਾਣਕਾਰੀ ਦੂਜੀ ਥਾਂ ਉੱਤੇ ਬਹੁਤ ਤੇਜੀ ਨਾਲ ਪਹੁੰਚ ਜਾਂਦੀ ਹੈ, ਜਿਸ ਦੌਰਾਨ ਜਾਣਕਾਰੀ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਦਾ ਸਮਾਂ ਘੱਟ ਮਿਲਦਾ ਹੈ ।
ਇਸ ਕਰਕੇ ਇਹ ਜ਼ਰੂਰੀ ਹੈ ਕਿ ਕਿਸੇ ਵੀ ਖ਼ਬਰ, ਖਾਸਕਰ ਸੋਸ਼ਲ ਮੀਡੀਆ ਉੱਤੇ ਨਸ਼ਰ ਹੋਈਆਂ ਖ਼ਬਰਾਂ ਉੱਤੇ ਕਿਸੇ ਵੀ ਕਿਸਮ ਦੀ ਪ੍ਰਕਿਰਿਆ ਦੇਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਦੀ ਜਾਂਚ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਦਾ ਸਿਵਿਲ ਅਤੇ ਪੁਲਸ ਪ੍ਰਸ਼ਾਸਨ ਵਿਦਿਆਰਥੀਆਂ ਲਈ ਹਰ ਸਮਾਂ ਉਪਲੱਬਧ ਹੈ।ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦੀ ਮਦਦ ਦੀ ਲੋੜ ਹੈ ਤਾਂ ਉਹ 112 ਜਾਂ 0164-2214006 ਨੰਬਰ ਪੁਲਸ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਨਾਲ ਹੀ ਜੇਕਰ ਕੋਈ ਵਟਸਐਪ ਉੱਤੇ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਉਹ 7508009080, 9878421400 ‘ਤੇ ਮੈਸੇਜ ਭੇਜ ਸਕਦਾ ਹੈ।ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਕੇਂਦਰੀ ਯੂਨੀਵਰਸਿਟੀ ਪੰਜਾਬ ਘੁੱਦਾ ਦੇ ਵਿਦਿਆਰਥੀਆਂ ਨੇ ਆਪਣੀ ਸਮੱਸਿਆਵਾਂ ਸਾਂਝੀਆਂ ਕੀਤੀਆਂ।ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡਾ. ਬਲਰਾਜ ਸਿੰਘ ਵਾਇਸ ਚਾਂਸਲਰ, ਡਾ. ਜਗਤਾਰ ਸਿੰਘ ਧੀਮਾਨ ਪ੍ਰੋ: ਵਾਇਸ ਚਾਂਸਲਰ ਹਾਜ਼ਰ ਸਨ। ਇਸੇ ਤਰ੍ਹਾਂ ਕੇਂਦਰੀ ਯੂਨੀਵਰਸਿਟੀ ਵਿਖੇ ਡਾ ਰਾਮਾਕਰਿਸ਼ਨਾ ਵੁਸਿਰਿਕਾ, ਪੱਤਰਕਾਰਤਾ ਵਿਭਾਗ ਤੋਂ ਪ੍ਰੋ: ਰੂਬਲ ਕਨੋਜ਼ੀਆ ਡੀ.ਐੱਸ.ਪੀ ਐਚ ਐੱਸ ਸਰਾਂ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ, ਐੱਸ.ਐਚ.ਓ ਸੁਖਵਿੰਦਰ ਸਿੰਘ ਬਰਾੜ ਅਤੇ ਹੋਰ ਅਫ਼ਸਰ ਹਾਜ਼ਰ ਸਨ।
- Download Babushahi App
-
-