ਅੰਮ੍ਰਿਤਸਰ ’ਚ ਭੰਡਾਰੀ ਪੁਲ, ਹਾਲ ਗੇਟ ਅਤੇ ਰੇਲਵੇ ਸਟੇਸ਼ਨ ਬਾਹਰ ਲਿਖੇ ਖਾਲਿਸਤਾਨ ਸਮਰਥਕ ਨਾਅਰੇ
ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਕੰਧਾਂ ’ਤੇ ਲਿਖੇ ਨਾਅਰੇ, ਪੁਲਿਸ ਨੇ ਕਾਲਾ ਪੇਂਟ ਕਰਕੇ ਮਿਟਾਏ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 26 ਸਤੰਬਰ 2026- ਅੰਮ੍ਰਿਤਸਰ ਦਾ ਮਾਹੌਲ ਖਰਾਬ ਕਰਨ ਅਤੇ ਅਮਨ-ਸ਼ਾਂਤੀ ਭੰਗ ਕਰਨ ਦੀ ਇੱਕ ਹੋਰ ਕੋਸ਼ਿਸ਼ ਸਾਹਮਣੇ ਆਈ ਹੈ। ਦੇਰ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਸ਼ਹਿਰ ਦੇ ਪ੍ਰਮੁੱਖ ਅਤੇ ਭੀੜ-ਭਾੜ ਵਾਲੇ ਇਲਾਕਿਆਂ ਭੰਡਾਰੀ ਪੁਲ, ਹਾਲ ਗੇਟ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਕੰਧਾਂ ’ਤੇ ਖਾਲਿਸਤਾਨ ਸਮਰਥਕ ਅਤੇ ਇਤਰਾਜ਼ਯੋਗ ਨਾਅਰੇ ਲਿਖੇ ਗਏ। ਇਨ੍ਹਾਂ ਨਾਅਰਿਆਂ ਵਿੱਚ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਲ-ਨਾਲ ਗੁਰਪਤਵੰਤ ਪੰਨੂ ਦੇ ਸਮਰਥਨ ਵਿੱਚ ਵੀ ਲਿਖਿਆ ਗਿਆ।
ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦਿਆਂ ਸਪਰੇਅ ਪੇਂਟ ਨਾਲ ਇਨ੍ਹਾਂ ਵਿਅਸਤ ਚੌਕਾਂ ਅਤੇ ਮੁੱਖ ਮਾਰਗਾਂ ’ਤੇ ਕੰਧਾਂ ’ਤੇ ਨਾਅਰੇ ਲਿਖੇ ਗਏ। ਸਵੇਰੇ ਜਦੋਂ ਸਥਾਨਕ ਲੋਕਾਂ ਅਤੇ ਰਾਹਗੀਰਾਂ ਦੀ ਨਜ਼ਰ ਇਨ੍ਹਾਂ ਨਾਅਰਿਆਂ ’ਤੇ ਪਈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਕੰਧਾਂ ’ਤੇ ਲਿਖੇ ਨਾਅਰਿਆਂ ਨੂੰ ਕਾਲਾ ਪੇਂਟ ਕਰਵਾ ਕੇ ਮਿਟਾ ਦਿੱਤਾ ਗਿਆ। ਇਸ ਦੇ ਨਾਲ ਹੀ ਇਨ੍ਹਾਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਵੱਲੋਂ ਚੌਕਸੀ ਅਤੇ ਗਸ਼ਤ ਵੀ ਵਧਾ ਦਿੱਤੀ ਗਈ ਹੈ।
ਪੁਲਿਸ ਵੱਲੋਂ ਹੁਣ ਭੰਡਾਰੀ ਪੁਲ, ਸਟੇਸ਼ਨ ਰੋਡ ਅਤੇ ਹਾਲ ਗੇਟ ਦੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਦੇਰ ਰਾਤ ਇਸ ਹਰਕਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
- Download Babushahi App
-
-