ਅੰਮ੍ਰਿਤਸਰ ’ਚ ਦੇਸ਼ ਵਿਰੋਧੀ ਸਲੋਗਨ ਲਿਖਣ ਵਾਲੇ 2 ਮੁਲਜ਼ਮ 24 ਘੰਟਿਆਂ ’ਚ ਗ੍ਰਿਫ਼ਤਾਰ
ਰੇਲਵੇ ਸਟੇਸ਼ਨ, ਭੰਡਾਰੀ ਪੁਲ ਤੇ ਹਾਲ ਗੇਟ ’ਤੇ ਲਿਖੇ ਇਤਰਾਜ਼ਯੋਗ ਸਲੋਗਨ, ਵਿਦੇਸ਼ੀ ਹੈਂਡਲਰ ਨਾਲ ਸੰਪਰਕ ਦਾ ਖੁਲਾਸਾ
ਵਿਦੇਸ਼ ਭੇਜਣ ਤੇ ਪੈਸਿਆਂ ਦਾ ਲਾਲਚ ਦੇ ਕੇ ਨੌਜਵਾਨਾਂ ਤੋਂ ਕਰਵਾਈ ਵਾਰਦਾਤ, ਪੁਲਿਸ ਵੱਲੋਂ ਅਗਲੀ ਜਾਂਚ ਜਾਰੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ 26 ਸਤੰਬਰ 2026- ਅੰਮ੍ਰਿਤਸਰ ਵਿੱਚ 25 ਅਤੇ 26 ਸਤੰਬਰ ਦੀ ਦਰਮਿਆਨੀ ਰਾਤ ਨੂੰ ਏ-ਡਿਵੀਜ਼ਨ ਥਾਣੇ ਦੇ ਇਲਾਕੇ ਵਿੱਚ ਤਿੰਨ ਵੱਖ-ਵੱਖ ਥਾਵਾਂ ਰੇਲਵੇ ਸਟੇਸ਼ਨ, ਭੰਡਾਰੀ ਪੁਲ ਅਤੇ ਹਾਲ ਗੇਟ ’ਤੇ ਕੁਝ ਦੇਸ਼ ਵਿਰੋਧੀ ਅਤੇ ਇਤਰਾਜ਼ਯੋਗ ਸਲੋਗਨ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ। ਕੰਧਾਂ ’ਤੇ “ਵੈਲਕਮ ਅੰਬੈਸਡਰ ਗੋਰਾ—ਬਟ ਪੰਜਾਬ ਇਜ਼ ਨਾਟ ਇੰਡੀਆ”, “ਟਰੰਪ-ਅਮਰੀਕਾ—ਖਾਲਿਸਤਾਨ ਜ਼ਿੰਦਾਬਾਦ” ਅਤੇ “ਪੰਜਾਬ ਹੂਲ ਖਾਲਿਸਤਾਨ” ਵਰਗੇ ਸਲੋਗਨ ਲਿਖੇ ਗਏ ਸਨ। ਪੁਲਿਸ ਦੇ ਧਿਆਨ ਵਿੱਚ ਇਹ ਵੀ ਆਇਆ ਕਿ ਇਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਵੱਲੋਂ ਇਨ੍ਹਾਂ ਕੰਧਾਂ ’ਤੇ ਲਿਖੇ ਸਲੋਗਨਾਂ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕੀਤੀ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਤੁਰੰਤ ਜਾਂਚ ਸ਼ੁਰੂ ਕੀਤੀ ਗਈ ਅਤੇ ਪੁਲਿਸ ਟੀ ਅੰਮ੍ਰਿਤਸਰ 36 ਸਤਮਾਂ ਨੇ ਸਿਰਫ਼ 24 ਘੰਟਿਆਂ ਦੇ ਅੰਦਰ ਇਸ ਮਾਮਲੇ ਨੂੰ ਟ੍ਰੇਸ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਮੰਗਲ ਸਿੰਘ ਆਟੋ ਡਰਾਈਵਰ ਹੈ, ਜਦਕਿ ਅਰਸ਼ਦੀਪ ਸਿੰਘ ਮਜ਼ਦੂਰੀ ਕਰਦਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰਸ਼ਦੀਪ ਸਿੰਘ ਵਿਦੇਸ਼ ਬੈਠੇ ਹੈਂਡਲਰ ਗੋਰਾ ਦੇ ਸੰਪਰਕ ਵਿੱਚ ਸੀ। ਪੁਲਿਸ ਮੁਤਾਬਕ ਸਨੈਪਚੈਟ ਰਾਹੀਂ ਗੱਲਬਾਤ ਕਰਕੇ ਇਸ ਵਾਰਦਾਤ ਦੀ ਯੋਜਨਾ ਬਣਾਈ ਗਈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਥਾਨਕ ਨੌਜਵਾਨਾਂ ਨੂੰ ਵਿਦੇਸ਼ ਭੇਜਣ, ਪੈਸੇ ਦੇਣ ਅਤੇ ਆਰਥਿਕ ਮਦਦ ਕਰਨ ਦਾ ਲਾਲਚ ਦੇ ਕੇ ਇਸ ਵਾਰਦਾਤ ਲਈ ਗੁੰਮਰਾਹ ਕੀਤਾ ਗਿਆ। ਇਸ ਮਾਮਲੇ ਵਿੱਚ ਹਰਪ੍ਰੀਤ ਸਿੰਘ, ਗੋਰਾ ਅਤੇ ਗੁਰਪ੍ਰੀਤ ਸਿੰਘ ਪੰਨੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਵਿਦੇਸ਼ੀ ਸੰਪਰਕਾਂ ਸਮੇਤ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਏ-ਡਿਵੀਜ਼ਨ ਅੰਮ੍ਰਿਤਸਰ ਵਿਖੇ ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਨਤਕ ਸ਼ਾਂਤੀ ਭੰਗ ਕਰਨ, ਭੜਕਾਊ ਸਮੱਗਰੀ ਫੈਲਾਉਣ ਜਾਂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
- Download Babushahi App
-
-