ਖੰਨਾ ਸਰਕਾਰੀ ਹਸਪਤਾਲ 'ਚ ਤਰੁਣਪ੍ਰੀਤ ਸਿੰਘ ਸੌਂਦ ਦੇ ਡੋਪ ਟੈਸਟ 'ਤੇ ਹੰਗਾਮਾ; SMO ਦੇ ਕਮਰੇ 'ਚ ਆਹਮੋ-ਸਾਹਮਣੇ ਹੋਏ ਸਿਆਸੀ ਆਗੂ
ਪੁਲਿਸ ਨੇ ਸੰਭਾਲਿਆ ਮੋਰਚਾ
Ravinder Singh
ਖੰਨਾ, 27 ਸਤੰਬਰ, 2026: ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਡੋਪ ਟੈਸਟ ਨੂੰ ਲੈ ਕੇ ਸਿਆਸੀ ਘਮਾਸਾਨ ਦੇਖਣ ਨੂੰ ਮਿਲਿਆ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਖੰਨਾ ਤੋਂ ‘ਆਪ’ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦੇ ਡੋਪ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਸੈਂਪਲਿੰਗ ਪ੍ਰਕਿਰਿਆ ਅਤੇ ਹਸਪਤਾਲ ਦੇ ਐੱਸਐੱਮਓ (SMO) ਡਾ. ਮਨਿੰਦਰ ਸਿੰਘ ਭਸੀਨ ਦੀ ਭੂਮਿਕਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਦੌਰਾਨ ਐੱਸਐੱਮਓ ਦੇ ਕਮਰੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਿਚਾਲੇ ਤਿੱਖੀ ਬਹਿਸ ਅਤੇ ਹੱਥੋਪਾਈ ਤੱਕ ਦੀ ਨੌਬਤ ਆ ਗਈ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕੀਤਾ।
ਵਿਵਾਦ ਦੇ ਮੁੱਖ ਕਾਰਨ ਅਤੇ ਵਿਰੋਧੀਆਂ ਦੇ ਦੋਸ਼:
-
ਟਾਈਮਿੰਗ 'ਤੇ ਸਵਾਲ: ਵਿਰੋਧੀ ਆਗੂਆਂ ਅਨੁਸਾਰ ਡੋਪ ਟੈਸਟ ਲਈ ਸਵੇਰੇ 11 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ, ਪਰ ਮੰਤਰੀ ਸੌਂਦ 10 ਮਿੰਟ ਪਹਿਲਾਂ ਹੀ ਪਹੁੰਚ ਗਏ ਅਤੇ ਐੱਸਐੱਮਓ ਦੇ ਕਮਰੇ 'ਚ ਯੂਰਿਨ ਸੈਂਪਲ ਦੇ ਕੇ ਕੁਝ ਹੀ ਮਿੰਟਾਂ ਵਿੱਚ ਨੈਗੇਟਿਵ ਰਿਪੋਰਟ ਹਾਸਲ ਕਰ ਲਈ।
-
ਸੈਂਪਲਿੰਗ ਪ੍ਰਕਿਰਿਆ 'ਤੇ ਸ਼ੱਕ: ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੋਸ਼ ਲਾਇਆ ਕਿ ਹਸਪਤਾਲ ਵਿੱਚ ਪੁਰਸ਼ ਲੈਬ ਟੈਕਨੀਸ਼ਨ ਮੌਜੂਦ ਹੋਣ ਦੇ ਬਾਵਜੂਦ ਮੰਤਰੀ ਦਾ ਸੈਂਪਲ ਲੈਣ ਲਈ ਮਹਿਲਾ ਕਰਮਚਾਰੀ ਦੀ ਡਿਊਟੀ ਲਗਾਈ ਗਈ।
-
ਲਾਈਵ ਜਾਂਚ ਦੀ ਮੰਗ: ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਸੈਂਪਲ ਨਾ ਤਾਂ ਕੈਮਰੇ ਸਾਹਮਣੇ ਲਿਆ ਗਿਆ ਅਤੇ ਨਾ ਹੀ ਜਾਂਚ ਪਾਰਦਰਸ਼ੀ ਤਰੀਕੇ ਨਾਲ ਹੋਈ।
-
PGI ਅਤੇ ਅੰਬਾਲਾ ਤੋਂ ਟੈਸਟ ਦੀ ਚੁਣੌਤੀ: ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਐੱਸਐੱਮਓ 'ਤੇ ਸਿਆਸੀ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਉਂਦਿਆਂ ਮੰਤਰੀ ਨੂੰ ਪੀਜੀਆਈ (PGI) ਅਤੇ ਅੰਬਾਲਾ ਤੋਂ ਮੁੜ ਲਾਈਵ ਡੋਪ ਟੈਸਟ ਕਰਵਾਉਣ ਦੀ ਚੁਣੌਤੀ ਦਿੱਤੀ।
ਨੇਤਾਵਾਂ ਦਾ ਪੱਖ:
ਜ਼ਿਕਰਯੋਗ ਹੈ ਕਿ ਹੰਗਾਮੇ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਨੇ ਵੀ ਆਪਣੇ ਡੋਪ ਟੈਸਟ ਕਰਵਾਏ, ਜਿਨ੍ਹਾਂ ਦੀਆਂ ਰਿਪੋਰਟਾਂ ਵੀ ਨੈਗੇਟਿਵ ਆਈਆਂ ਹਨ। ਪੁਲਿਸ ਦੀ ਮੁਸਤੈਦੀ ਨਾਲ ਸਥਿਤੀ ਸ਼ਾਂਤ ਹੋਈ ਅਤੇ ਮੰਤਰੀ ਸੌਂਦ ਮੌਕੇ ਤੋਂ ਰਵਾਨਾ ਹੋ ਗਏ।
- Download Babushahi App
-
-