ਹਰਗੋਬਿੰਦ ਕੌਰ ਗਰੁੱਪ ਦੀਆਂ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਬਾਈਕਾਟ
ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2026 : ਸ਼੍ਰੀਮਤੀ ਹਰਗੋਬਿੰਦ ਕੌਰ ਸਰਾਂ ਦੀ ਅਗਵਾਈ ਵਾਲੀ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਇੱਥੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਯੂਨੀਅਨ ਦੇ ਵਫਦ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ 'ਤੇ ਇਸ ਕੰਮ ਲਈ ਦਬਾਅ ਨਾ ਪਾਉਣ ਦੀ ਮੰਗ ਕੀਤੀ। ਵਫਦ ਨੇ ਡੀਸੀ ਨੂੰ ਦੱਸਿਆ ਕਿ ਜਥੇਬੰਦੀ ਦਾ ਫੈਸਲਾ ਹੈ ਕਿ ਇਸ ਕੰਮ ਦਾ ਵਿਰੋਧ ਕਰਨ ਦੇ ਨਾਲ ਨਾਲ ਬਾਈਕਾਟ ਰੱਖਿਆ ਜਾਵੇਗਾ ਅਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਪਣੇ ਮਹਿਕਮੇ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੀਆਂ ।
ਇਸ ਮੌਕੇ ਹਰਗੋਬਿੰਦ ਕੌਰ ਨੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਨੂੰ ਕਿਹਾ ਤੇ ਉਹ ਕਿਸੇ ਵੀ ਦਬਾਅ ਥੱਲੇ ਕੰਮ ਨਾ ਕਰਨ ਕਿਉਂਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਡਰਾ ਧਮਕਾ ਕੇ ਕੰਮ ਲੈਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਂਗਨਵਾੜੀ ਮੁਲਾਜ਼ਮਾਂ ਦੇ ਪਿਛੋਕੜ ਦੌਰਾਨ ਕੀਤੇ ਹੋਏ ਕੰਮਾਂ ਦਾ ਮਾਣ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਪਿਛਲੇ ਛੇ ਮਹੀਨਿਆਂ ਤੋਂ ਆਂਗਣਵਾੜੀ ਸੈਂਟਰਾਂ ਵਿੱਚ ਰਾਸ਼ਨ ਵੀ ਗਾਇਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਤੰਗ ਪਰੇਸ਼ਾਨ ਕਰਨ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅੱਜ ਦੇ ਇਸ ਵਫਦ ਦੇ ਵਿੱਚ ਗੁਰਮੀਤ ਕੌਰ ਜਿਲਾ ਪ੍ਰਧਾਨ ਪਰਮਜੀਤ ਕੌਰ ਜਿਲ੍ਹਾ ਸਕੱਤਰ, ਲਾਭ ਕੌਰ ਬਲਾਕ ਪ੍ਰਧਾਨ ਸੰਗਤ, ਬਲਵੀਰ ਕੌਰ ਬਲਾਕ ਪ੍ਰਧਾਨ ਤਲਵੰਡੀ ਸਾਬੋ, ਲੀਲਾਵਤੀ ਬਲਾਕ ਪ੍ਰਧਾਨ ਬਠਿੰਡਾ ਸ਼ਹਿਰੀ, ਅੰਮ੍ਰਿਤ ਪਾਲ ਕੌਰ ਬਲਾਕ ਪ੍ਰਧਾਨ ਬਠਿੰਡਾ ਰੂਰਲ, ਮਨਮੀਤ ਕੌਰ ਬਲਾਕ ਪ੍ਰਧਾਨ ਨਥਾਣਾ ਸ਼ਾਮਿਲ ਸਨ। ਇਸ ਸਮੇਂ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਡਿਪਟੀ ਕਮਿਸ਼ਨਰ ਦਫਤਰ ਪਹੁੰਚੀਆਂ ਹੋਈਆਂ ਸਨ।
- Download Babushahi App
-
-