ਭਾਰਤ ਦੀ ਤਰੱਕੀ ਦੇ ਪਿੱਛੇ ਇੰਜੀਨੀਅਰਾਂ ਦਾ ਵਡਮੁੱਲਾ ਯੋਗਦਾਨ: ਕਾਲਕਾ
ਨਵੀਂ ਦਿੱਲੀ 14 ਸਤੰਬਰ (ਮਨਮੋਹਨ ਸਿੰਘ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇਕ ਸੰਦੇਸ਼ ਵਿੱਚ ਕੌਮੀ ਇੰਜੀਨੀਅਰਜ਼ ਦਿਵਸ ਮੌਕੇ ਦੇਸ਼ ਦੇ ਸਮੂਹ ਇੰਜੀਨੀਅਰਾਂ ਨੂੰ ਤਹਿ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ । ਉਨ੍ਹਾਂ ਨੇ ਸਮਾਜ ਤੇ ਦੇਸ਼ ਦੇ ਨਿਰਮਾਣ ਵਿੱਚ ਇੰਜੀਨੀਅਰਾਂ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ।
ਆਪਣੇ ਸੰਦੇਸ਼ ਵਿੱਚ ਸਰਦਾਰ ਕਾਲਕਾ ਨੇ ਕਿਹਾ ਕਿ ਇੰਜੀਨੀਅਰ ਕਿਸੇ ਵੀ ਸਮਾਜ ਦੇ ਵਿਕਾਸ ਅਤੇ ਤਰੱਕੀ ਦੇ ਸਿਰਜਣਹਾਰ ਹੁੰਦੇ ਹਨ। ਉਨ੍ਹਾਂ ਦੀ ਸੋਚ, ਤਕਨੀਕੀ ਮੁਹਾਰਤ, ਨਵੀਨਤਾ ਅਤੇ ਮਿਹਨਤ ਆਧੁਨਿਕ ਸਮਾਜ ਦੀ ਨੀਂਹ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇੰਜੀਨੀਅਰ ਦਾ ਸੜਕਾਂ, ਪੁਲਾਂ, ਇਮਾਰਤਾਂ ਅਤੇ ਬਿਜਲੀ ਪ੍ਰਣਾਲੀਆਂ, ਦੂਰਸੰਚਾਰ , ਸੂਚਨਾ ਤਕਨਾਲੋਜੀ,ਤੋਂ ਲੈ ਕੇ ਡਿਜ਼ੀਟਲ ਤਕਨਾਲੋਜੀ ਆਦਿ ਰੋਜ਼ਾਨਾ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਨਜ਼ਰ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਇੰਜੀਨੀਅਰ ਸਿਰਫ਼ ਤਕਨੀਕੀ ਪ੍ਰੋਜੈਕਟਾਂ ਨੂੰ ਸਾਕਾਰ ਕਰਨ ਵਾਲੇ ਮਾਹਿਰ ਹੀ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਹੋਰ ਸੁਖਮਈ, ਸੁਰੱਖਿਅਤ ਅਤੇ ਆਸਾਨ ਬਣਾਉਣ ਦੇ ਬਹੁਤ ਮਹੱਤਵਪੂਰਨ ਸਹਿਯੋਗੀ ਵੀ ਹਨ। ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਸਮੱਸਿਆਵਾਂ ਦੇ ਵਿਗਿਆਨਕ ਹੱਲ ਲੱਭਣ ਦੀ ਸਮਰੱਥਾ ਦੇਸ਼ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਉਨ੍ਹਾਂ ਸਮੂਹ ਇੰਜੀਨੀਅਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਾਬਲੀਅਤ ਅਤੇ ਗਿਆਨ ਦੀ ਵਰਤੋਂ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਕਰਦੇ ਹੋਏ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣਨ।
ਉਨ੍ਹਾਂ ਕਿਹਾ ਕਿ ਇੰਜੀਨੀਅਰਾਂ ਦੀ ਸਿਰਜਣਾਤਮਕ ਸੋਚ ਅਤੇ ਮਿਹਨਤ ਹੀ ਆਧੁਨਿਕ ਭਾਰਤ ਨੂੰ ਹੋਰ ਮਜ਼ਬੂਤ, ਸਮਰੱਥ ਅਤੇ ਖੁਸ਼ਹਾਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।
- Download Babushahi App
-
-