ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਮਾਮਲਾ! ਪਰਿਵਾਰਕ ਮੈਂਬਰਾਂ ਵੱਲੋਂ CM ਮਾਨ ਨਾਲ ਮੁਲਾਕਾਤ, ਮਾਂ-ਪੁੱਤ ਦੇ ਮਿਲਾਪ ਲਈ ਜਲਦ ਕਾਰਵਾਈ ਦੀ ਮੰਗ
ਚੰਡੀਗੜ੍ਹ, 29 ਅਗਸਤ 2026: ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਭੈਣ ਪੁਸ਼ਪਿੰਦਰ ਕੌਰ, ਭਾਜੀ ਹਰਪ੍ਰੀਤ ਸਿੰਘ ਰਾਣਾ ਅਤੇ ਉਨ੍ਹਾਂ ਦੇ ਸਾਥੀ ਭਾਈ ਜਸਵੰਤ ਸਿੱਧੂਪੁਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ ਗਈ। ਇਸ ਦੌਰਾਨ ਭਾਈ ਹਵਾਰਾ ਦੀ ਪੈਰੋਲ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਲਈ ਧੰਨਵਾਦ ਪ੍ਰਗਟ ਕੀਤਾ ਗਿਆ।
ਮੁਲਾਕਾਤ ਦੌਰਾਨ ਹਵਾਰਾ ਦੀ ਪੈਰੋਲ ਅਤੇ ਉਨ੍ਹਾਂ ਦੀ ਬਿਮਾਰ ਮਾਤਾ ਨਾਲ ਮੁਲਾਕਾਤ ਕਰਵਾਉਣ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਪੈਰੋਲ ਸਬੰਧੀ ਜਿਹੜੀਆਂ ਵੀ ਰਸਮੀ ਕਾਰਵਾਈਆਂ ਜਾਂ ਕਮੀਆਂ ਬਾਕੀ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ, ਤਾਂ ਜੋ ਬਿਮਾਰ ਮਾਂ ਨੂੰ ਜਿਊਂਦੇ ਜੀਅ ਆਪਣੇ ਪੁੱਤਰ ਨਾਲ ਮਿਲਣ ਦਾ ਮੌਕਾ ਮਿਲ ਸਕੇ।
ਇਸ ਮੌਕੇ ਕਾਨੂੰਨ-ਵਿਵਸਥਾ ਦੀ ਸਥਿਤੀ ਬਾਰੇ ਵੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਗਈ। ਮੁਲਾਕਾਤ ਕਰਨ ਵਾਲੇ ਵਫ਼ਦ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਪੈਰੋਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸ਼ਾਂਤੀ ਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ ਅਨੁਸਾਰ ਵੀ ਸ਼ਾਂਤੀ ਬਹਾਲ ਰੱਖਣ ਨੂੰ ਯਕੀਨੀ ਬਣਾਇਆ ਜਾਵੇਗਾ।
ਮੁਲਾਕਾਤ ਤੋਂ ਬਾਅਦ ਭਾਈ ਬਲਦੇਵ ਸਿੰਘ ਵਡਾਲਾ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਇੱਕ ਮਾਂ ਅਤੇ ਪੁੱਤਰ ਦੇ ਮਿਲਾਪ ਲਈ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਹਰ ਸੰਭਵ ਹੀਲਾ ਵਰਤਿਆ ਜਾਵੇਗਾ।
ਇਸ ਤੋਂ ਇਲਾਵਾ, ਵਡਾਲਾ ਨਾਲ ਭਾਈ ਅਮਨਪ੍ਰੀਤ ਸਿੰਘ, ਭਾਈ ਹਰਭਿੰਦਰ ਸਿੰਘ, ਭਾਈ ਸਰਬਜੀਤ ਸਿੰਘ ਅਤੇ ਭਾਈ ਜਸਪ੍ਰੀਤ ਸਿੰਘ ਵੱਲੋਂ ਵੀ ਇਸ ਮਾਮਲੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਹਵਾਰਾ ਦੀ ਪੈਰੋਲ ਦਾ ਮਾਮਲਾ ਮੁੱਖ ਤੌਰ ’ਤੇ ਉਨ੍ਹਾਂ ਦੀ ਬਿਮਾਰ ਮਾਤਾ ਨਾਲ ਮੁਲਾਕਾਤ ਦੇ ਮਨੁੱਖੀ ਪੱਖ ਨਾਲ ਜੋੜ ਕੇ ਉਠਾਇਆ ਜਾ ਰਿਹਾ ਹੈ ਅਤੇ ਪਰਿਵਾਰ ਵੱਲੋਂ ਇਸ ਸਬੰਧੀ ਜਲਦ ਫੈਸਲੇ ਦੀ ਉਮੀਦ ਪ੍ਰਗਟ ਕੀਤੀ ਗਈ ਹੈ।
- Download Babushahi App
-
-