ਸਿਵਲ ਸਰਜਨ ਰੂਪਨਗਰ ਨੇ ਜ਼ਿਲ੍ਹਾ ਹਸਪਤਾਲ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਕੀਤਾ ਨਿਰੀਖਣ
ਮਨਪ੍ਰੀਤ ਸਿੰਘ
ਰੂਪਨਗਰ, 20 ਜਨਵਰੀ:
ਕਾਰਜਕਾਰੀ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਵੱਲੋਂ ਸਿਵਲ ਹਸਪਤਾਲ ਰੂਪਨਗਰ ਦਾ ਨਿਰੀਖਣ ਕਰਦਿਆ ਫਾਰਮੇਸੀ ਕਾਊਂਟਰ, ਨਵੀਂ ਬਣ ਰਹੀ ਕਲੀਨਿਕਲ ਲੈਬ, ਡੀ.ਆਈ.ਈ.ਸੀ., ਓ.ਪੀ.ਡੀ ਵਾਰਡ, ਟੀ.ਬੀ. ਕਲੀਨਿਕ, ਸਖੀ ਵਨ ਸਟਾਪ ਸੈਂਟਰ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਵਿਚ ਚੱਲ ਰਹੇ ਨਿਰਮਾਣ ਕਾਰਜ ਦੀ ਗੁਣਵੱਤਾ, ਸੁਰੱਖਿਆ ਮਿਆਰਾਂ ਅਤੇ ਸਮੇਂ ਸਿਰ ਕੰਮ ਪੂਰਾ ਕਰਨ ਸੰਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਡਾ. ਨਵਰੂਪ ਕੌਰ ਨੇ ਕਿਹਾ ਕਿ ਨਵੀਂ ਕਲੀਨਿਕਲ ਲੈਬ ਦੀ ਸਥਾਪਨਾ ਨਾਲ ਮਰੀਜ਼ਾਂ ਨੂੰ ਟੈਸਟਾਂ ਦੀਆਂ ਸੁਵਿਧਾਵਾਂ ਇੱਕ ਹੀ ਛੱਤ ਹੇਠ ਉਪਲਬਧ ਹੋਣਗੀਆਂ ਜਿਸ ਨਾਲ ਸਮਾਂ ਅਤੇ ਪੈਸੇ ਦੋਵਾਂ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਲੈਬ ਵਿੱਚ ਆਧੁਨਿਕ ਮਸ਼ੀਨਾਂ ਅਤੇ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ ਜਿਸ ਨਾਲ ਰਿਪੋਰਟਾਂ ਦੀ ਸ਼ੁੱਧਤਾ ਅਤੇ ਤੇਜ਼ੀ ਦੋਵਾਂ ਵਿੱਚ ਸੁਧਾਰ ਆਵੇਗਾ।
ਡਾ. ਨਵਰੂਪ ਕੌਰ ਨੇ ਇਸ ਸਬੰਧੀ ਜ਼ਿਲ੍ਹਾ ਸਿਹਤ ਅਫਸਰ ਕਮ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਰਿੰਦਰ ਕੁਮਾਰ ਨੂੰ ਹਦਾਇਤ ਕੀਤੀ ਕਿ ਕੰਮ ਨੂੰ ਮਿਆਰੀ ਸਮੱਗਰੀ ਨਾਲ ਅਤੇ ਨਿਰਧਾਰਿਤ ਸਮੇਂ ਅੰਦਰ ਪੂਰਾ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਇਸ ਦਾ ਲਾਭ ਮਿਲ ਸਕੇ।
ਉਨ੍ਹਾਂ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰੂਪਨਗਰ ਡਾ.ਅੰਜਲੀ ਚੌਧਰੀ ਨੂੰ ਵੀ ਕਿਹਾ ਕਿ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਹਰ ਮਰੀਜ਼ ਨੂੰ ਸੁਵਿਧਾਜਨਕ, ਸਾਫ਼-ਸੁਥਰਾ ਅਤੇ ਸੁਚੱਜਾ ਮਾਹੌਲ ਪ੍ਰਦਾਨ ਕਰਨਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਉਨ੍ਹਾਂ ਨੇ ਹਸਪਤਾਲ ਪ੍ਰਬੰਧਨ ਅਤੇ ਸਟਾਫ ਨੂੰ ਵੀ ਅਪੀਲ ਕੀਤੀ ਕਿ ਉਹ ਮਰੀਜ਼ਾਂ ਨਾਲ ਸੁਚੱਜਾ ਵਿਵਹਾਰ ਕਰਨ ਅਤੇ ਉਨ੍ਹਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਦਾ ਪੂਰਾ ਲਾਭ ਦਿਵਾਉਣ ਲਈ ਹਮੇਸ਼ਾਂ ਤਤਪਰ ਰਹਿਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦਾ ਲਾਭ ਹਰ ਵਰਗ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ, ਸਟੈਨੋ ਹਰਜਿੰਦਰ ਸਿੰਘ, ਮੋਨੀਟਰਿੰਗ ਇਵੈਲੂਏਸ਼ਨ ਅਫਸਰ ਲਖਵੀਰ ਸਿੰਘ ਆਦਿ ਮੈਂਬਰ ਹਾਜ਼ਰ ਸਨ।