ਜਗਰਾਉਂ ਨਗਰ ਕੌਂਸਲ 'ਚ ਸਿਆਸੀ ਭੂਚਾਲ: 'ਆਪ' ਦਾ ਕਬਜ਼ਾ, ਕਾਂਗਰਸ ਦੇ 4 ਸੀਨੀਅਰ ਆਗੂ ਬਰਖਾਸਤ
• ਬੰਦ ਕਮਰੇ ਦਾ ਡਰਾਮਾ: ਐਸ.ਡੀ.ਐਮ. 25 ਮਿੰਟ ਲੇਟ ਪਹੁੰਚੇ; ਵਿਧਾਇਕ ਨਾਲ ਤਿੱਖੀ ਬਹਿਸ ਅਤੇ ਚੰਡੀਗੜ੍ਹ ਤੋਂ ਆਏ ਫੋਨ ਨੇ ਬਦਲਿਆ ਮਾਹੌਲ
• ਸੁਰੱਖਿਆ 'ਤੇ ਸਵਾਲ: ਮੀਟਿੰਗ ਹਾਲ ਦੇ ਕੈਮਰਿਆਂ ਦੀਆਂ ਤਾਰਾਂ ਕੱਟੀਆਂ; ਸੈਕਸ਼ਨ 27 ਤਹਿਤ ਕੋਰਮ 'ਤੇ ਕਾਨੂੰਨੀ ਪੇਚ ਫਸਿਆ
ਦੀਪਕ ਜੈਨ
ਜਗਰਾਉਂ , 19 ਜਨਵਰੀ 2026 : ਸਥਾਨਕ ਨਗਰ ਕੌਂਸਲ ਜਗਰਾਉਂ ਵਿਖੇ ਅੱਜ ਦਾ ਦਿਨ ਸਿਆਸੀ ਹਲਚਲ ਅਤੇ ਹਾਈ ਵੋਲਟੇਜ ਡਰਾਮੇ ਨਾਲ ਭਰਪੂਰ ਰਿਹਾ। ਜਿੱਥੇ ਇੱਕ ਪਾਸੇ ਸੱਤਾਧਾਰੀ ਧਿਰ ਨੇ ਭਾਰੀ ਗਹਿਮਾ-ਗਹਿਮੀ ਦੌਰਾਨ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਕਰਕੇ 'ਆਪ' ਦਾ ਪਰਚਮ ਲਹਿਰਾਇਆ, ਉੱਥੇ ਹੀ ਮੀਟਿੰਗ ਦੇ ਅੰਦਰੂਨੀ ਹਾਲਾਤਾਂ ਅਤੇ ਪ੍ਰਸ਼ਾਸਨਿਕ ਕਾਰਵਾਈ 'ਤੇ ਕਈ ਗੰਭੀਰ ਸਵਾਲ ਵੀ ਖੜ੍ਹੇ ਹੋਏ ਹਨ। ਦੂਜੇ ਪਾਸੇ, ਕਾਂਗਰਸ ਪਾਰਟੀ ਨੇ ਵੱਡਾ ਧਮਾਕਾ ਕਰਦਿਆਂ ਆਪਣੇ ਚਾਰ ਸੀਨੀਅਰ ਆਗੂਆਂ ਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ।
ਅੱਜ ਐਸ.ਡੀ.ਐਮ. ਉਪਿੰਦਰਜੀਤ ਕੌਰ ਦੀ ਅਗਵਾਈ ਹੇਠ ਅਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੀ ਵਿਸ਼ੇਸ਼ ਮੌਜੂਦਗੀ ਵਿੱਚ ਹੋਈ ਮੀਟਿੰਗ ਦੌਰਾਨ ਕੰਵਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਗਜੀਤ ਸਿੰਘ ਜੱਗੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਐਸ.ਡੀ.ਐਮ. ਨੇ ਦੱਸਿਆ ਕਿ ਕੁੱਲ 22 ਕੌਂਸਲਰਾਂ ਵਿੱਚੋਂ 9 ਕੌਂਸਲਰ ਅਤੇ 1 ਵਿਧਾਇਕ (ਕੁੱਲ 10 ਮੈਂਬਰ) ਹਾਜ਼ਰ ਸਨ ਅਤੇ ਚੋਣ ਹਾਈਕੋਰਟ ਦੀ ਜੱਜਮੈਂਟ ਮੁਤਾਬਕ ਪਾਰਦਰਸ਼ਤਾ ਨਾਲ ਹੋਈ ਹੈ। ਵਿਧਾਇਕ ਮਾਣੂਕੇ ਨੇ ਕਿਹਾ ਕਿ ਨਵੀਂ ਟੀਮ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਨੂੰ ਗਤੀ ਦੇਵੇਗੀ।
ਪਰ ਇਸ ਚੋਣ ਪ੍ਰਕਿਰਿਆ ਦੇ ਪਿੱਛੇ ਦੀ ਕਹਾਣੀ ਕਾਫੀ ਰੌਚਕ ਅਤੇ ਸਵਾਲਾਂ ਭਰੀ ਰਹੀ। ਸੂਤਰਾਂ ਤੋਂ ਪ੍ਰਾਪਤ ਅਹਿਮ ਜਾਣਕਾਰੀ ਅਨੁਸਾਰ, ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹਲਕਾ ਵਿਧਾਇਕ ਅਤੇ ਐਸ.ਡੀ.ਐਮ. ਵਿਚਕਾਰ ਤਾਲਮੇਲ ਦੀ ਭਾਰੀ ਕਮੀ ਵੇਖਣ ਨੂੰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਕਾਫੀ ਸਮਾਂ ਤਿੱਖੀ ਬਹਿਸ-ਬਾਜ਼ੀ ਹੁੰਦੀ ਰਹੀ ਅਤੇ ਮਾਮਲਾ ਉਦੋਂ ਸੁਲਝਿਆ ਜਦੋਂ ਵਿਧਾਇਕ ਵੱਲੋਂ ਚੰਡੀਗੜ੍ਹ ਤੋਂ ਉੱਚ-ਅਧਿਕਾਰੀਆਂ ਦਾ ਫੋਨ ਕਰਵਾਇਆ ਗਿਆ। ਇਸ ਤੋਂ ਬਾਅਦ ਹੀ ਐਸ.ਡੀ.ਐਮ. ਮੀਟਿੰਗ ਕਰਵਾਉਣ ਲਈ ਸਹਿਮਤ ਹੋਏ। ਇਹੀ ਕਾਰਨ ਸੀ ਕਿ ਮੀਟਿੰਗ ਦਾ ਨਿਰਧਾਰਿਤ ਸਮਾਂ ਦੁਪਹਿਰ 3:00 ਵਜੇ ਦਾ ਸੀ, ਪਰ ਐਸ.ਡੀ.ਐਮ. ਕਰੀਬ 25 ਮਿੰਟ ਦੀ ਦੇਰੀ ਨਾਲ ਪਹੁੰਚੇ।
ਇਸ ਤੋਂ ਇਲਾਵਾ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਕਿ ਮੀਟਿੰਗ ਹਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ (DVR) ਦੀਆਂ ਤਾਰਾਂ ਉਤਾਰ ਦਿੱਤੀਆਂ ਗਈਆਂ ਸਨ। ਚਰਚਾ ਹੈ ਕਿ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਤਾਰਾਂ ਹਟਾਉਣ ਵਾਲੇ ਵਿਅਕਤੀ ਦਾ ਪਰਦਾਫਾਸ਼ ਹੋ ਸਕਦਾ ਹੈ।
ਦੂਜੇ ਪਾਸੇ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ ਹੇਠ ਕਾਂਗਰਸ ਨੇ ਇਸ ਚੋਣ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਕਾਂਗਰਸ ਨੇ ਮਿਊਂਸਿਪਲ ਐਕਟ ਦੇ 'ਸੈਕਸ਼ਨ 27' ਦਾ ਹਵਾਲਾ ਦਿੰਦਿਆਂ ਕਿਹਾ ਕਿ 23 ਮੈਂਬਰੀ ਹਾਊਸ ਵਿੱਚ ਮੀਟਿੰਗ ਦੀ ਕਾਰਵਾਈ ਚਲਾਉਣ ਲਈ ਘੱਟੋ-ਘੱਟ 12 ਮੈਂਬਰਾਂ (ਕੋਰਮ) ਦਾ ਹਾਲ ਵਿੱਚ ਮੌਜੂਦ ਹੋਣਾ ਲਾਜ਼ਮੀ ਹੈ, ਜਦਕਿ ਸੱਤਾ ਧਿਰ ਕੋਲ ਸਿਰਫ਼ 10 ਮੈਂਬਰ ਸਨ। ਕਾਂਗਰਸ ਨੇ ਇਸ ਕਾਰਵਾਈ ਨੂੰ ਹਾਈਕੋਰਟ ਦੇ ਨਿਯਮਾਂ ਦੀ ਉਲੰਘਣਾ ਦੱਸਿਆ ਹੈ।
ਇਸ ਸਿਆਸੀ ਡਰਾਮੇ ਦੌਰਾਨ ਕਾਂਗਰਸ ਨੇ ਸਖ਼ਤ ਕਦਮ ਚੁੱਕਦਿਆਂ ਆਪਣੇ 4 ਸੀਨੀਅਰ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਰਖਾਸਤ ਕਰ ਦਿੱਤਾ। ਇਨ੍ਹਾਂ ਆਗੂਆਂ ਦੀਆਂ ਪਤਨੀਆਂ/ਪਰਿਵਾਰਕ ਮੈਂਬਰ (ਕੌਂਸਲਰ) ਪਾਰਟੀ ਵ੍ਹਿਪ ਦੇ ਉਲਟ ਜਾ ਕੇ 'ਆਪ' ਦੇ ਹੱਕ ਵਿੱਚ ਭੁਗਤ ਗਈਆਂ ਸਨ। ਬਰਖਾਸਤ ਕੀਤੇ ਗਏ ਆਗੂਆਂ ਵਿੱਚ ਸਾਬਕਾ ਬਲਾਕ ਪ੍ਰਧਾਨ ਰਵਿੰਦਰ ਸਭਰਵਾਲ ਫੀਨਾ (ਪਤਨੀ ਕੌਂਸਲਰ ਅਨੀਤਾ ਸਭਰਵਾਲ ਬਾਗੀ), ਠੇਕੇਦਾਰ ਰਾਜ ਭਾਰਦਵਾਜ (ਪਤਨੀ ਕੌਂਸਲਰ ਸੁਧਾ ਭਾਰਦਵਾਜ ਬਾਗੀ), ਅਮਰਨਾਥ ਕਾਲਾ ਕਲਿਆਣ (ਨੂੰਹ ਕੌਂਸਲਰ ਪਰਮਿੰਦਰ ਕੌਰ ਬਾਗੀ) ਅਤੇ ਅਜੀਤ ਸਿੰਘ ਰਾਜੂ ਠੁਕਰਾਲ (ਪਤਨੀ ਕੌਂਸਲਰ ਰਜਿੰਦਰ ਕੌਰ ਬਾਗੀ) ਸ਼ਾਮਲ ਹਨ। ਕੁੱਲ ਮਿਲਾ ਕੇ ਜਗਰਾਉਂ ਵਿੱਚ ਅੱਜ ਦੀਆਂ ਸਿਆਸੀ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਮਲਾ ਅਦਾਲਤ ਦੀ ਦਹਿਲੀਜ਼ 'ਤੇ ਪਹੁੰਚ ਸਕਦਾ ਹੈ।