Big Breaking: ਐਂਬੂਲੈਂਸ ਨਾ ਪਹੁੰਚਣ ਕਾਰਨ ਭੜਕਿਆ ਪਰਿਵਾਰ; ਔਰਤ ਦੀ ਮੌਤ- ਪੁਲਿਸ ਅਤੇ ਲੋਕਾਂ ਵਿਚਾਲੇ ਤਿੱਖੀ ਝੜਪ
ਰਵਿੰਦਰ ਢਿੱਲੋਂ
ਖੰਨਾ, 18 ਜਨਵਰੀ 2026- ਖੰਨਾ ਦੇ ਮਲੇਰਕੋਟਲਾ ਚੌਕ ਵਿੱਚ ਅੱਜ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਇੱਕ ਸੜਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਦਾ ਗੁੱਸਾ ਫੁੱਟ ਪਿਆ। ਐਂਬੂਲੈਂਸ ਦੇ ਸਮੇਂ ਸਿਰ ਨਾ ਪਹੁੰਚਣ ਅਤੇ ਪੁਲਿਸ ਵੱਲੋਂ ਲਾਸ਼ ਨੂੰ ਗੈਰ-ਸੰਵੇਦਨਸ਼ੀਲ ਤਰੀਕੇ ਨਾਲ ਚੁੱਕਣ ਦੀ ਕੋਸ਼ਿਸ਼ ਨੇ ਹਾਲਾਤ ਬੇਕਾਬੂ ਕਰ ਦਿੱਤੇ।
ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਿੰਡ ਮੋਹਨਪੁਰ ਦੇ ਰਹਿਣ ਵਾਲੇ ਨਸੀਬ ਸਿੰਘ (70 ਸਾਲ) ਆਪਣੇ ਸਾਈਕਲ 'ਤੇ ਜਾ ਰਹੇ ਸਨ। ਮਲੇਰਕੋਟਲਾ ਚੌਕ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬਜ਼ੁਰਗ ਦੀ ਦੇਹ ਕਾਫ਼ੀ ਦੇਰ ਸੜਕ 'ਤੇ ਪਈ ਰਹੀ, ਪਰ ਕੋਈ ਵੀ ਸਰਕਾਰੀ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚੀ।
ਪਰਿਵਾਰਕ ਮੈਂਬਰਾਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ 'ਤੇ ਗੰਭੀਰ ਦੋਸ਼ ਲਾਏ ਹਨ। ਪਹਿਲਾਂ ਪੁਲਿਸ ਨੇ ਲਾਸ਼ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਵਿਰੋਧ ਹੋਇਆ, ਤਾਂ ਉਨ੍ਹਾਂ ਨੇ ਸੜਕ ਸੁਰੱਖਿਆ ਫੋਰਸ (SSF) ਦੀ ਗੱਡੀ ਵਿੱਚ ਲਾਸ਼ ਰੱਖਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦਾ ਕਹਿਣਾ ਸੀ ਕਿ ਲਾਸ਼ ਨੂੰ ਸਤਿਕਾਰ ਸਹਿਤ ਐਂਬੂਲੈਂਸ ਵਿੱਚ ਹੀ ਲਿਜਾਇਆ ਜਾਵੇ।
ਹਾਲਾਤ ਉਦੋਂ ਹੋਰ ਵਿਗੜ ਗਏ ਜਦੋਂ ਥਾਣਾ ਮੁਖੀ (SHO) ਸਿਵਲ ਕੱਪੜਿਆਂ ਵਿੱਚ ਮੌਕੇ 'ਤੇ ਪਹੁੰਚੇ। ਲੋਕਾਂ ਨੇ ਉਨ੍ਹਾਂ ਨੂੰ ਪਛਾਣਿਆ ਨਹੀਂ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਅਤੇ ਧੱਕਾ-ਮੁੱਕੀ ਹੋ ਗਈ। ਜਦੋਂ ਪੁਲਿਸ ਨੇ ਲਾਸ਼ ਨੂੰ ਐਸ.ਐਸ.ਐਫ. ਦੀ ਗੱਡੀ ਵਿੱਚ ਪਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ, ਤਾਂ ਲੋਕਾਂ ਨੇ ਗੱਡੀ ਨੂੰ ਘੇਰ ਲਿਆ। ਮਾਹੌਲ ਇੰਨਾ ਗਰਮਾ ਗਿਆ ਕਿ ਪੁਲਿਸ ਅਤੇ ਲੋਕਾਂ ਵਿਚਾਲੇ ਸਿੱਧੀ ਝੜਪ ਹੋ ਗਈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਚੌਕ 'ਤੇ ਜਾਮ ਲਗਾ ਦਿੱਤਾ।
ਮਾਮਲਾ ਵੱਧਦਾ ਦੇਖ ਡੀ.ਐਸ.ਪੀ. (DSP) ਵਿਨੋਦ ਕੁਮਾਰ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਗੁੱਸੇ ਵਿੱਚ ਆਏ ਪਰਿਵਾਰ ਨੂੰ ਸ਼ਾਂਤ ਕੀਤਾ ਅਤੇ ਤੁਰੰਤ ਇੱਕ ਨਿੱਜੀ ਹਸਪਤਾਲ ਦੀ ਐਂਬੂਲੈਂਸ ਦਾ ਪ੍ਰਬੰਧ ਕੀਤਾ। ਡੀ.ਐਸ.ਪੀ. ਦੇ ਭਰੋਸੇ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਅਤੇ ਧਰਨਾ ਸਮਾਪਤ ਹੋਇਆ।