ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਤਾਬਦੀ ਸਮਾਗਮਾਂ 'ਚ ਮੁੱਖ ਮੰਤਰੀ ਨਾਇਬ ਸੈਣੀ ਹੋਣਗੇ ਸ਼ਾਮਲ
ਬਿਆਸ :-(ਬਲਰਾਜ ਸਿੰਘ ਰਾਜਾ)
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਵਿਸ਼ੇਸ਼ ਸਹਿਯੋਗ ਨਾਲ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ 24 ਤੇ 25 ਜਨਵਰੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ 'ਹਿੰਦ ਦੀ ਚਾਦਰ' ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਵਿਸ਼ਾਲ ਪੱਧਰ 'ਤੇ ਮਨਾਈ ਜਾ ਰਹੀ ਹੈ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਪ੍ਰਮੁੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਹਾਜ਼ਰੀ ਭਰ ਰਹੀਆਂ ਹਨ। ਇਨ੍ਹਾਂ ਸਮਾਗਮਾਂ 'ਚ ਸ਼ਾਮਿਲ ਹੋਣ ਦਾ ਸੁਨੇਹਾ ਲੈ ਕੇ ਮਹਾਂਰਾਸ਼ਟਰ ਤੋਂ ਹਰਿਆਣਾ ਪੁੱਜੇ ਸਿੱਖ ਸਮੁਦਾਏ ਦੇ ਇੱਕ ਵਫਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਸ਼ਹੀਦੀ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਦੋ ਦਿਨਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ 'ਚ ਸ਼ਾਮਿਲ ਹੋਣ ਦਾ ਭੇਜਿਆ ਗਿਆ ਸਨੇਹ ਭਰਿਆ ਸੱਦਾ-ਪੱਤਰ ਭੇਟ ਕੀਤਾ। ਮੁੱਖ ਮੰਤਰੀ ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਇਹ ਸੱਦਾ ਪ੍ਰਵਾਨ ਕੀਤਾ ਤੇ 25 ਜਨਵਰੀ ਨੂੰ ਸ਼ਤਾਬਦੀ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਤਖਤ ਸ੍ਰੀ ਹਜ਼ੂਰ ਸਾਹਿਬ ਪੁੱਜਣ ਦੀ ਆਪਣੀ ਸਹਿਮਤੀ ਜ਼ਾਹਿਰ ਕੀਤੀ।ਉਨ੍ਹਾਂ ਕਿਹਾ ਕਿ ਧਰਮ ਤੇ ਸੱਚ ਦੀ ਖਾਤਿਰ ਆਪਣਾ ਸੀਸ ਨਸ਼ਾਵਰ ਕਰਨ ਵਾਲੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ 'ਚ ਉਹ ਜ਼ਰੂਰ ਸਾਮਿਲ ਹੋਣਗੇ।ਇਸ ਮੌਕੇ ਸ਼ਹੀਦੀ ਸ਼ਤਾਬਦੀ ਸਮਾਗਮ ਲਈ ਬਣੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ, ਸੈਕਟਰੀ ਸੁਖਵਿੰਦਰ ਸਿੰਘ ਸੋਨੂੰ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੋਕਸਮੈਨ ਭਾਈ ਕੰਵਲਜੀਤ ਸਿੰਘ ਅਜਰਾਨਾ, ਚੀਫ ਖਾਲਸਾ ਦੀਵਾਨ ਦੇ ਮੈਂਬਰ ਭਾਈ ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ ਆਦਿ ਵਫਦ 'ਚ ਸ਼ਾਮਲ ਸਨ ।