CGC ਯੂਨੀਵਰਸਿਟੀ ਮੋਹਾਲੀ ਵੱਲੋਂ 'ਧੀਆਂ ਦੀ ਲੋਹੜੀ' ਦਾ ਸ਼ਾਨਦਾਰ ਆਯੋਜਨ
ਸਮਾਜਿਕ ਬਰਾਬਰੀ ਅਤੇ ਸਸ਼ਕਤੀਕਰਨ ਦਾ ਦਿੱਤਾ ਸੁਨੇਹਾ
ਮੋਹਾਲੀ, 12 ਜਨਵਰੀ
ਸੀ.ਜੀ.ਸੀ. ਯੂਨੀਵਰਸਿਟੀ, ਮੋਹਾਲੀ ਵਿਖੇ 'ਧੀਆਂ ਦੀ ਲੋਹੜੀ' ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਸਾਰਥਕ ਅਰਥਾਂ ਨਾਲ ਮਨਾਇਆ ਗਿਆ। ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਧੀਆਂ ਦੇ ਸਤਿਕਾਰ, ਬਰਾਬਰੀ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਸਮਰਪਿਤ ਰਿਹਾ। ਪੰਜਾਬੀ ਸੱਭਿਆਚਾਰ ਦੀਆਂ ਪਰੰਪਰਾਵਾਂ ਅਤੇ ਆਧੁਨਿਕ ਵਿਚਾਰਾਂ ਦੇ ਸੁਮੇਲ ਨੇ ਇਸ ਦਿਨ ਨੂੰ ਵਿਦਿਆਰਥੀਆਂ ਅਤੇ ਸਟਾਫ ਲਈ ਯਾਦਗਾਰ ਬਣਾ ਦਿੱਤਾ। ਇਸ ਸਮਾਗਮ ਵਿੱਚ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ. ਜਗਵਿੰਦਰ ਸਿੰਘ ਵਿਰਕ ਅਤੇ ਡਾ. ਰਤਨਦੀਪ ਕੌਰ ਵਿਰਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਇੱਕ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਦਿੱਤਾ ਅਤੇ ਧੀਆਂ ਦੇ ਸਸ਼ਕਤੀਕਰਨ ਦੇ ਵਿਸ਼ਵਵਿਆਪੀ ਸੁਨੇਹੇ ਨੂੰ ਹੋਰ ਮਜ਼ਬੂਤ ਕੀਤਾ। ਕੈਂਪਸ ਵਿੱਚ ਵਿਦਿਆਰਥੀਆਂ ਵੱਲੋਂ ਲੋਕ ਨਾਚ, ਗੀਤ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ 'ਦ ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ' ਦੇ ਸਹਿਯੋਗ ਨਾਲ ਇੱਕ ਦਾਨ ਮੁਹਿੰਮ ਵੀ ਚਲਾਈ ਗਈ। ਜਿਸ ਤਹਿਤ ਮਿਸ਼ਨ ਵੱਲੋਂ ਗੋਦ ਲਏ ਪਿੰਡਾਂ ਦੇ ਉਨ੍ਹਾਂ ਪਰਿਵਾਰਾਂ ਦੀ ਵਿੱਤੀ ਸਹਾਇਤਾ ਕੀਤੀ ਗਈ, ਜਿਨ੍ਹਾਂ ਦੇ ਘਰ ਨਵਜੰਮੀਆਂ ਧੀਆਂ ਦੀ ਪਹਿਲੀ ਲੋਹੜੀ ਸੀ। ਇਸ ਮੌਕੇ ਯੂਨੀਵਰਸਿਟੀ ਦੇ ਉਨ੍ਹਾਂ ਫੈਕਲਟੀ ਮੈਂਬਰਾਂ ਅਤੇ ਸਟਾਫ ਨੂੰ 'ਲੌਂਗ ਐਸੋਸੀਏਸ਼ਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਸੰਸਥਾ ਦੀ ਤਰੱਕੀ ਵਿੱਚ ਲੰਮੇ ਸਮੇਂ ਤੋਂ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਹਨ।
ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਅਤੇ ਫਾਦਰ ਆਫ਼ ਐਜੂਕੇਸ਼ਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਧੀਆਂ ਦੀ ਲੋਹੜੀ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਸਾਡੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਕਿ ਅਸੀਂ ਆਪਣੀਆਂ ਧੀਆਂ ਨੂੰ ਸਨਮਾਨਿਤ ਅਤੇ ਸ਼ਕਤੀਸ਼ਾਲੀ ਬਣਾਈਏ। ਉੱਥੇ ਹੀ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਸੀ.ਜੀ.ਸੀ. ਵਿੱਚ ਜਸ਼ਨਾਂ ਦਾ ਮਕਸਦ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੁੰਦਾ ਹੈ। ਸਮਾਗਮ ਦੀ ਸਮਾਪਤੀ ਰਵਾਇਤੀ ਲੋਹੜੀ ਬਾਲ ਕੇ ਕੀਤੀ ਗਈ, ਜੋ ਕਿ ਆਪਸੀ ਸਾਂਝ ਅਤੇ ਉਮੀਦ ਦਾ ਪ੍ਰਤੀਕ ਬਣੀ।