ਬੰਦੀ ਸਿੰਘਾਂ ਦੀ ਰਿਹਾਈ ਲਈ ਦੱਪਰ ਟੋਲ ਪਲਾਜ਼ਾ ਨੂੰ ਤਿੰਨ ਘੰਟਿਆਂ ਲਈ ਕੀਤਾ ਟੋਲ ਮੁਕਤ
ਮਲਕੀਤ ਸਿੰਘ ਮਲਕਪੁਰ
ਲਾਲੜੂ 12 ਜਨਵਰੀ 2025: ਕਿਸਾਨ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਦੱਪਰ ਟੋਲ ਪਲਾਜ਼ਾ ਨੂੰ ਚਾਰ ਘੰਟਿਆਂ ਲਈ ਟੋਲ ਮੁਕਤ ਕੀਤਾ ਗਿਆ। ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਕਿਸਾਨ ਜਥੇਬੰਦੀਆਂ ਨੇ ਸਵੇਰੇ 11:00 ਵਜੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਦੱਪਰ ਟੋਲ ਪਲਾਜ਼ਾ ਨੂੰ ਟੋਲ ਮੁਕਤ ਕਰ ਦਿੱਤਾ ਸੀ। ਇਸ ਦੌਰਾਨ ਟੋਲ ਤੋਂ ਲੰਘਣ ਵਾਲੇ ਸਾਰੇ ਵਾਹਨ ਦੁਪਹਿਰ 3:00 ਵਜੇ ਤੱਕ ਬਿਨ੍ਹਾਂ ਟੋਲ ਦਿੱਤੇ ਲੰਘਦੇ ਰਹੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀਆਂ ਤਿੰਨ ਟਰਾਲੀਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਗਏ ਕੌਮੀ ਇਨਸਾਫ ਮੋਰਚੇ ਦੇ ਵਿੱਚ ਲਗਾਤਾਰ ਖੜ੍ਹੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਬਲਜੀਤ ਸਿੰਘ ਭਾਊ, ਕਾਰਜਕਾਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਹਰੀ ਸਿੰਘ ਚੜਿਆਲਾ, ਜਗਤਾਰ ਸਿੰਘ ਝਾਰਮੜੀ, ਹਰੀ ਸਿੰਘ ਬਹੋੜਾ, ਨਾਨੂ ਸਿੰਘ ਜਨੇਤਪੁਰ, ਨੈਬ ਸਿੰਘ ਬਾਜਵਾ, ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੜੂਨੀਪੁਰ ਦੇ ਪ੍ਰਧਾਨ ਸਤਨਾਮ ਸਿੰਘ ਖਾਸਪੁਰ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਹਰਦੀਪ ਸਿੰਘ ਮੋਹਾਲੀ, ਗੁਰਦੀਪ ਸਿੰਘ ਮੋਹਾਲੀ ਅਤੇ ਦਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਇਸ ਸਬੰਧ ਵਿੱਚ ਦੱਪਰ ਟੋਲ ਪਲਾਜਾ ਦੇ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਟੋਲ ਨੂੰ ਮੁਕਤ ਕਰਕੇ ਰੱਖਿਆ ਹੋਇਆ ਸੀ, ਜਿਸ ਦਾ ਟੋਲ ਕੰਪਨੀ ਨੂੰ ਕਾਫੀ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਬੰਦ ਸਬੰਧੀ ਰਿਪੋਰਟ ਬਣਾ ਕੇ ਟੋਲ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।