ਵੱਡੀ ਖ਼ਬਰ: 328 ਪਾਵਨ ਸਰੂਪਾਂ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ 10 ਦਿਨਾਂ ਦੀ Judicial Custody 'ਚ ਭੇਜੇ
Babushahi Network
ਅੰਮ੍ਰਿਤਸਰ, 12 ਜਨਵਰੀ 2026- 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਬਣੀ ਵਿਸ਼ੇਸ਼ ਜਾਂਚ ਟੀਮ (SIT) ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁੱਖ ਮੁਲਜ਼ਮਾਂ, ਸਤਿੰਦਰ ਸਿੰਘ (ਐੱਸ.ਐੱਸ.) ਕੋਹਲੀ ਅਤੇ ਕਮਲਜੀਤ ਸਿੰਘ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਦੋਵਾਂ ਨੂੰ 10 ਦਿਨਾਂ ਦੀ ਨਿਆਇਕ ਹਿਰਾਸਤ (Judicial Custody) ਵਿੱਚ ਭੇਜ ਦਿੱਤਾ ਹੈ।
ਐੱਸ.ਐੱਸ. ਕੋਹਲੀ, ਜੋ ਐੱਸ.ਜੀ.ਪੀ.ਸੀ. (SGPC) ਦੇ ਆਡਿਟ ਦਾ ਕੰਮ ਦੇਖਦਾ ਸੀ, ਨੂੰ ਬੀਤੀ 1 ਜਨਵਰੀ ਨੂੰ ਚੰਡੀਗੜ੍ਹ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਦੋ ਦਿਨ ਬਾਅਦ ਦੂਜੇ ਮੁਲਜ਼ਮ ਕਮਲਜੀਤ ਸਿੰਘ ਦੀ ਗ੍ਰਿਫ਼ਤਾਰੀ ਹੋਈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਪਿਛਲੇ ਸਾਲ 7 ਦਸੰਬਰ ਨੂੰ ਐਫ.ਆਈ.ਆਰ. (FIR) ਦਰਜ ਹੋਣ ਤੋਂ ਬਾਅਦ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ। ਪੁਲਿਸ ਅਨੁਸਾਰ ਐੱਸ.ਐੱਸ. ਕੋਹਲੀ ਇਸ ਮਾਮਲੇ ਦੀ ਇੱਕ ਅਹਿਮ ਕੜੀ ਹੈ।
ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ 16 ਤਤਕਾਲੀ ਅਹੁਦੇਦਾਰਾਂ ਅਤੇ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਅਦਾਲਤੀ ਹਿਰਾਸਤ ਦੌਰਾਨ SIT ਇਸ ਮਾਮਲੇ ਦੀਆਂ ਹੋਰ ਪਰਤਾਂ ਫਰੋਲੇਗੀ ਤਾਂ ਜੋ ਲਾਪਤਾ ਹੋਏ ਪਾਵਨ ਸਰੂਪਾਂ ਬਾਰੇ ਸਹੀ ਜਾਣਕਾਰੀ ਮਿਲ ਸਕੇ।