ਅਰਮੀਨੀਆ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪਿੱਛੇ ਛੱਡ ਗਿਆ ਪਤਨੀ , ਇੱਕ ਮੰਦਬੁੱਧੀ ਧੀ ਅਤੇ ਪੁੱਤ,,, ਦੋ ਘਰਾਂ ਦੀ ਸੀ ਜ਼ਿੰਮੇਵਾਰੀ ਛੋਟੇ ਭਰਾ ਦੀ ਪਹਿਲਾ ਹੀ ਹੋ ਚੁੱਕੀ ਮੌਤ, ਪਰਿਵਾਰ ਲੱਗਾ ਰਿਹਾ ਮਦਦ ਦੀ ਗੁਹਾਰ
ਰੋਹਿਤ ਗੁਪਤਾ
ਗੁਰਦਾਸਪੁਰ, 13 December 2025 : ਘਰ ਦੇ ਮਾੜੇ ਹਾਲਾਤ ਵੇਖਦੇ ਹੋਏ ਕਰਜ਼ਾ ਚੁੱਕ ਕੇ ਅਰਮੀਨੀਆ ਗਏ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋ ਸਾਲ ਪਹਿਲਾਂ ਹੀ ਉਕਤ ਵਿਅਕਤੀ ਅਰਮੀਨੀਆ ਗਿਆ ਸੀ। ਮ੍ਰਿਤਕ ਦੀ ਪਛਾਣ ਰਬਿੰਦਰ ਸਿੰਘ ਵਾਸੀ ਪਿੰਡ ਅਕਰਪੁਰਾ ਗੁਰਦਾਸਪੁਰ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਆਪਣੇ ਪਿੱਛੇ ਪਤਨੀ ਅਤੇ ਇਕ ਮੰਦਬੁੱਦੀ ਧੀ ਅਤੇ ਪੁੱਤ ਨੂੰ ਛੱਡ ਗਿਆ ਹੈ।
ਮ੍ਰਿਤਕ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਬਿੰਦਰ ਸਿੰਘ ਦੇ ਘਰ ਦੀ ਮਾਲੀ ਹਾਲਤ ਬਹੁਤ ਬੁਰੀ ਸੀ ਅਤੇ ਭਰਾ ਦਾ ਵੀ ਦਿਹਾਂਤ ਹੋ ਚੁੱਕਾ ਸੀ। ਪਰਿਵਾਰ ਦੀ ਰੋਜ਼ੀ-ਰੋਟੀ ਖਾਤਿਰ ਉਹ ਦੋ ਸਾਲ ਪਹਿਲਾਂ ਕਰਜ਼ਾ ਚੁੱਕ ਅਮਰੀਨੀਆ ਗਿਆ ਸੀ ਅਤੇ ਉਥੇ ਲੇਬਰ ਦਾ ਕੰਮ ਕਰਦਾ ਸੀ।
ਪਰਿਵਾਰ ਨੂੰ ਅਚਾਨਕ 5 ਦਸੰਬਰ ਨੂੰ ਉੱਥੋਂ ਉਸ ਦੇ ਸਾਥੀ ਦਾ ਫੋਨ ਆਇਆ ਕਿ ਕੰਮ 'ਤੇ ਗਏ ਹੋਏ ਰਬਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਹੈ। ਵਿਦੇਸ਼ੋਂ ਮਿਲੀ ਇਸ ਮੰਦਭਾਗੀ ਖ਼ਬਰ ਨਾਲ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ।
ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਉਨ੍ਹਾਂ ਕਿਹਾ ਕਿ ਰਬਿੰਦਰ ਹੀ ਘਰ ਵਿਚ ਕਮਾਉਣ ਵਾਲਾ ਸੀ ਅਤੇ ਉਸ ਦੇ ਸਿਰ 'ਤੇ ਦੋ ਘਰਾਂ ਦੀ ਜ਼ਿੰਮੇਵਾਰੀ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਅੱਗੇ ਜਿੱਥੇ ਪਰਿਵਾਰ ਲਈ ਮਦਦ ਦੀ ਗੁਹਾਰ ਲਗਾਈ ਹੈ, ਉੱਥੇ ਹੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਰਬਿੰਦਰ ਦੀ ਮ੍ਰਿਤਕ ਦੇਹ ਭਾਰਤ ਪੰਜਾਬ ਜੱਦੀ ਪਿੰਡ ਲਿਆਂਦੀ ਜਾਵੇ ਤਾਂ ਜੋ ਉਹ ਅੰਤਿਮ ਸੰਸਕਾਰ ਖ਼ੁਦ ਕਰ ਸਕਣ।