ਗੁਰਦਾਸਪੁਰ: ਘਰ ਦੇ ਬਰਾਂਡੇ ਵਿੱਚ ਖੜ੍ਹੇ ਟਿੱਪਰਾਂ, ਟਰੈਕਟਰ ਤੇ ਕੰਬਾਈਨ ‘ਚੋਂ ਅੱਧੀ ਦਰਜਨ ਬੈਟਰੀਆਂ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ, 13 December 2025 : ਗੁਰਦਾਸਪੁਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਦੌਰਾਂਗਲਾ ਅਧੀਨ ਪੈਂਦੇ ਪਿੰਡ ਮਗਰਮੂਦੀਆਂ ਵਿੱਚ ਚੋਰੀ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਇੱਥੇ ਚੋਰਾਂ ਨੇ ਇਕ ਘਰ ਦੇ ਅੰਦਰ ਬਣੇ ਬਰਾਂਡੇ ਵਿੱਚ ਖੜ੍ਹੇ ਟਿੱਪਰਾਂ, ਟਰੈਕਟਰ ਅਤੇ ਇਕ ਕੰਬਾਈਨ ਵਿੱਚੋਂ ਕਰੀਬ ਛੇ ਬੈਟਰੀਆਂ ਚੋਰੀ ਕਰ ਲਈਆਂ, ਜਿਸ ਨਾਲ ਮਾਲਕ ਨੂੰ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਪੀੜਤ ਮਨਪ੍ਰੀਤ ਸਿੰਘ ਰੇਤ-ਮਿੱਟੀ ਦੇ ਕਾਰੋਬਾਰ ਨਾਲ ਸਬੰਧਤ ਹਨ। ਉਹ ਰੋਜ਼ ਦੀ ਤਰ੍ਹਾਂ ਆਪਣੇ ਸਾਰੇ ਵਾਹਨ ਸ਼ਾਮ ਸਮੇਂ ਘਰ ਦੇ ਅੰਦਰ ਬਣੇ ਬਰਾਂਡੇ ਵਿੱਚ ਖੜ੍ਹੇ ਕਰ ਦਿੰਦੇ ਸਨ, ਜਦਕਿ ਪਰਿਵਾਰ ਸਮੇਤ ਘਰ ਦੀ ਛੱਤ ‘ਤੇ ਬਣੇ ਕਮਰਿਆਂ ਵਿੱਚ ਰਹਿੰਦੇ ਹਨ।
ਰਾਤ ਨੂੰ ਪਰਿਵਾਰ ਘਰ ਵਿੱਚ ਮੌਜੂਦ ਸੀ
ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰੀ ਦੀ ਵਾਰਦਾਤ ਸਮੇਂ ਘਰ ਦੇ ਸਾਰੇ ਮੈਂਬਰ ਘਰ ਵਿੱਚ ਹੀ ਮੌਜੂਦ ਸਨ, ਪਰ ਚੋਰਾਂ ਨੇ ਫਿਰ ਵੀ ਨਿਡਰਤਾ ਨਾਲ ਵਾਹਨਾਂ ਵਿੱਚੋਂ ਬੈਟਰੀਆਂ ਕੱਢ ਕੇ ਚੋਰੀ ਕਰ ਲਈਆਂ। ਪੀੜਤ ਨੂੰ ਚੋਰੀ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਸਵੇਰੇ ਇੱਕ ਟਿੱਪਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਵਾਹਨ ਸਟਾਰਟ ਨਹੀਂ ਹੋਇਆ।
ਜਦੋਂ ਵਾਹਨਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਟਿੱਪਰਾਂ, ਟਰੈਕਟਰ ਅਤੇ ਕੰਬਾਈਨ ਵਿੱਚੋਂ ਕਰੀਬ ਛੇ ਬੈਟਰੀਆਂ ਗਾਇਬ ਸਨ।
CCTV ਲੱਗੇ ਹੋਏ, ਪਰ ਖਰਾਬ ਨਿਕਲੇ
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਤਾਂ ਲੱਗੇ ਹੋਏ ਹਨ, ਪਰ ਦੁੱਖ ਦੀ ਗੱਲ ਇਹ ਹੈ ਕਿ ਵਾਰਦਾਤ ਸਮੇਂ ਕੈਮਰੇ ਖਰਾਬ ਸਨ, ਜਿਸ ਕਾਰਨ ਚੋਰਾਂ ਦੀ ਕੋਈ ਵੀ ਫੁਟੇਜ ਰਿਕਾਰਡ ਨਹੀਂ ਹੋ ਸਕੀ।
ਪੁਲਿਸ ਨੂੰ ਦਿੱਤੀ ਸੂਚਨਾ, ਗਸ਼ਤ ਵਧਾਉਣ ਦੀ ਮੰਗ
ਪੀੜਤ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਨਪ੍ਰੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ‘ਤੇ ਰੋਕ ਲਗਾਉਣ ਲਈ ਰਾਤ ਸਮੇਂ ਪੁਲਿਸ ਗਸ਼ਤ ਨੂੰ ਤੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਹੁਣ ਚੋਰ ਘਰਾਂ ਦੇ ਅੰਦਰ ਵਾਹਨਾਂ ਤੱਕ ਪਹੁੰਚ ਕੇ ਨਿਡਰ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ, ਜੋ ਕਿ ਇਲਾਕੇ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।