ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ :ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਫਲੈਗ ਮਾਰਚ
ਜ਼ਿਲ੍ਹੇ ਅੰਦਰ ਸੁਰੱਖਿਆ ਪ੍ਰਬੰਧ ਮਜ਼ਬੂਤ, 1800 ਪੁਲਿਸ ਮੁਲਾਜ਼ਮ ਤਾਇਨਾਤ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 13 ਦਸੰਬਰ 2025 :ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐਸ., ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਅੱਜ ਐਸ.ਐਸ.ਪੀ ਸ੍ਰੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਮਲੋਟ ਖੇਤਰ ਵਿੱਚ ਵੱਡਾ ਫਲੈਗ ਮਾਰਚ ਕੱਢਿਆ ਗਿਆ।
ਇਸ ਫਲੈਗ ਮਾਰਚ ਵਿੱਚ ਸ੍ਰੀਮਤੀ ਹਰਕਮਲ ਕੌਰ ਐਸ.ਪੀ (ਐਚ), ਸ. ਅੰਗਰੇਜ਼ ਸਿੰਘ ਡੀ.ਐਸ.ਪੀ (ਮਲੋਟ), ਇੰਸਪੈਕਟਰ ਵਰੁਣ ਯਾਦਵ ਸਿੰਘ ਮੁੱਖ ਅਫਸਰ ਥਾਣਾ ਸਿਟੀ ਮਲੋਟ, ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਲੱਖੇਵਾਲੀ, ਐਸ.ਆਈ ਪਰਵਿੰਦਰ ਸਿੰਘ ਮੁੱਖ ਸਦਰ ਮਲੋਟ, ਸੀ.ਆਈ.ਏ ਇੰਚਾਰਜ ਐਸ.ਆਈ, ਐਸ.ਆਈ ਜਗਸੀਰ ਸਿੰਘ ਮੁੱਖ ਥਾਣਾ ਬਰੀਵਾਲਾ ਤੋਂ ਇਲਾਵਾ ਲਗਭਗ 200 ਪੁਲਿਸ ਮੁਲਾਜ਼ਮ ਹਾਜ਼ਰ ਸਨ।
ਫਲੈਗ ਮਾਰਚ ਥਾਣਾ ਦਾਨੇ ਵਾਲਾ ਚੌਂਕ ਮਲੋਟ ਤੋਂ ਸ਼ੁਰੂ ਹੋ ਕੇ ਫਿਰਨੀ ਪਿੰਡ ਦਾਨੇਵਾਲਾ ਤੋਂ ਪਿੰਡ ਅਬਲਖਰਾਣਾ ਤੋਂ ਹੁੰਦੇ ਹੋਏ ਵਾਪਸ ਦਾਨੇਵਾਲਾ ਚੌਂਕ ਤੋਂ ਪੁਲ ਸ਼ਹਿਰ ਮਲੋਟ ਤੋਂ ਕੈਰੋ ਰੋਡ ਤੋਂ ਦਾਣਾ ਮੰਡੀ ਮਲੋਟ ਤੋ ਬਸ ਸਟੈਂਡ ਮਲੋਟ ਹੁੰਦੇ ਹੋਏ ਮੁਕਤਸਰ ਚੌਂਕ ਮਲੋਟ ਤੋਂ ਪਿੰਡ ਮਲੋਟ ਫਾਜ਼ਿਲਕਾ ਰੋਡ ਤੋਂ ਲੁੱਕ ਪਲਾਂਟ ਤੋਂ ਸਰਕਾਰੀ ਸਕੂਲ ਪਿੰਡ ਭਗਵਾਨਪੁਰਾ ਦੇ ਨਜ਼ਦੀਕ ਤੋਂ ਵਾਪਸ ਪਿੰਡ ਭਗਵਾਨਪੁਰਾ ਤੋਂ ਹੁੰਦੇ ਹੋਏ ਗੁਰਦੁਆਰਾ ਕੰਗ ਮਾਣ ਪੱਤੀ ਪਿੰਡ ਮਲੋਟ ਤੋਂ ਥਾਣਾ ਸਦਰ ਮਲੋਟ ਤੋਂ ਹੁੰਦੇ ਹੋਏ ਮੁਕਤਸਰ ਰੋਡ ਪਿੰਡ ਮਲੋਟ ਵਿਖੇ ਖਤਮ ਹੋਇਆ।
ਐਸ.ਐਸ.ਪੀ ਸ੍ਰੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ ਵਿੱਚ ਕਾਫ਼ੀ ਵਧੇਰੇ ਬਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੁਆਰਾ ਨਾਕਾਬੰਦੀਆਂ ਲਗਾਈਆਂ ਗਈਆਂ ਹਨ, ਜਿਥੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਲੈਗ ਮਾਰਚ ਦਾ ਮੁੱਖ ਉਦੇਸ਼ ਲੋਕਾਂ ਵਿੱਚ ਭਰੋਸਾ ਪੈਦਾ ਕਰਨਾ ਅਤੇ ਇਹ ਯਕੀਨ ਦਿਵਾਉਣਾ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਭੈ ਤੋਂ ਕਰ ਸਕਣ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ 24 ਘੰਟੇ ਲੋਕਾਂ ਦੀ ਸਹਾਇਤਾ ਲਈ ਤਿਆਰ ਹੈ। ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ ‘ਤੇ ਵਾਧੂ ਫੋਰਸ, ਗਸ਼ਤ ਟੀਮਾਂ ਅਤੇ ਖ਼ਾਸ ਨਿਗਰਾਨੀ ਤਾਇਨਾਤ ਕੀਤੀ ਗਈ ਹੈ। ਪੋਲਿੰਗ ਪਾਰਟੀਆਂ, ਨਾਕਾਬੰਦੀ ਟੀਮਾਂ ਅਤੇ ਰਿਜ਼ਰਵ ਫੋਰਸਾਂ ਨੂੰ ਸਮੇਤ 1800 ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ।
ਚੋਣਾਂ ਦੇ ਮੱਦੇਨਜ਼ਰ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ ਤਾਂ ਜੋ ਅਪਰਾਧੀ ਤਤਵਾਂ ‘ਤੇ ਨਿਗਰਾਨੀ ਹੋਵੇ ਅਤੇ ਜ਼ਿਲ੍ਹਾ ਅੰਦਰ ਪੂਰੀ ਤਰ੍ਹਾਂ ਕਾਨੂੰਨ-ਵਿਵਸਥਾ ਬਣੀ ਰਹੇ।
ਅੰਤਰਰਾਜੀ ਸਰਹੱਦਾਂ 'ਤੇ ਕੀਤੀ ਸਖ਼ਤ ਨਾਕਾਬੰਦੀ
ਗੁਆਂਢੀ ਰਾਜਾਂ ਦੀ ਪੁਲਿਸ ਸ਼ੱਕੀ ਗਤੀਵਿਧੀਆਂ, ਗੈਰ-ਕਾਨੂੰਨੀ ਸ਼ਰਾਬ ਅਤੇ ਬਾਹਰੀ ਲੋਕਾਂ ਦੀ ਆਵਾਜਾਈ ਨੂੰ ਰੋਕਣ ਲਈ ਪੰਜਾਬ-ਹਰਿਆਣਾ ਅਤੇ ਰਾਜਥਾਨ ਸਰਹੱਦ 'ਤੇ ਆਪਣੇ-ਆਪਣੇ ਖੇਤਰਾਂ ਵਿੱਚ ਨਾਕਾਬੰਦੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣਾ ਇੱਕ ਪ੍ਰਮੁੱਖ ਤਰਜੀਹ ਹੈ। ਪੁਲਿਸ ਪ੍ਰਸ਼ਾਸਨ ਨੇ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦਬਾਅ, ਡਰ ਜਾਂ ਲਾਲਚ ਦੇ ਵੋਟ ਪਾਉਣ ਅਤੇ ਜੇਕਰ ਕੋਈ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਸ਼ੱਕੀ ਗਤੀਵਿਧੀ ਜਾਂ ਜਾਣਕਾਰੀ ਤੁਹਾਡੇ ਕੋਲ ਹੈ ਤਾਂ ਉਹ ਤੁਰੰਤ ਪੁਲਿਸ ਹੈਲਪਲਾਈਨ 80549-42100 ‘ਤੇ ਸਾਂਝੀ ਕਰੋ। ਜਾਣਕਾਰੀ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।