ਕਿਰਤੀ-ਕਿਸਾਨਾਂ, ਮੁਲਾਜ਼ਮਾਂ ਦੀ ਭਰਵੀਂ ਮੀਟਿੰਗ 'ਚ ਦਿੱਤਾ 'ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ' ਦਾ ਸੁਨੇਹਾ
ਅਸ਼ੋਕ ਵਰਮਾ
ਕੋਟਕਪੁਰਾ; 12 ਦਸੰਬਰ 2025'ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ' (ਜੇ.ਪੀ.ਐਮ.ਓ.) ਦੀ ਫਰੀਦਕੋਟ ਜਿਲ੍ਹਾ ਇਕਾਈ ਵੱਲੋਂ ਸਥਾਨਕ ਸ਼੍ਰੀ ਗੁਰੂ ਤੇਗ਼ ਬਹਾਦੁਰ ਨਗਰ ਵਿਖੇ ਜਤਿੰਦਰ ਕੁਮਾਰ ਅਤੇ ਗੁਰਤੇਜ ਸਿੰਘ ਹਰੀਨੌ ਦੀ ਪ੍ਰਧਾਨਗੀ ਹੇਠ ਕਿਰਤੀ-ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਔਰਤਾਂ ਦੀ ਭਰਵੀਂ ਮੀਟਿੰਗ ਸੱਦੀ ਗਈ। ਮੀਟੰਗ ਦੀ ਕਾਰਵਾਈ ਜਿਲਾ ਕਨਵੀਨਰ ਸਾਥੀ ਵੀਰਇੰਦਰ ਜੀਤ ਸਿੰਘ ਪੁਰੀ ਨੇ ਚਲਾਈ।
ਇਸ ਮੌਕੇ ਉਚੇਚੇ ਪੁੱਜੇ ਮੰਚ ਦੇ ਸੂਬਾਈ ਆਗੂ ਸਾਥੀ ਮਾਹੀਪਾਲ ਨੇ ਦੇਸ਼ ਦੇ ਮੌਜੂਦਾ ਸੰਵਿਧਾਨ ਨੂੰ ਖਾਰਜ ਕਰਨ ਅਤੇ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਕਾਇਮ ਹੋਏ ਭਾਰਤ ਦੇ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚੇ ਨੂੰ ਤਬਾਹ ਕਰਨ ਦੀਆਂ ਆਰ.ਐਸ.ਐਸ.-ਭਾਜਪਾ ਅਤੇ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਬੁਥਾੜ ਭੰਨਣ ਲਈ ਵਿਸ਼ਾਲ ਲੋਕ ਲਾਮਬੰਦੀ 'ਤੇ ਆਧਾਰਿਤ ਤਿੱਖੇ ਤੇ ਬੱਝਵੇਂ ਜਨ ਸੰਗਰਾਮ ਵਿੱਢਣ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਦਲਿਤਾਂ, ਔਰਤਾਂ ਨੂੰ ਗੁਲਾਮ ਬਣਾਈ ਰੱਖਣ ਦੀ ਪੈਰਵੀ ਕਰਦੀ ਮਨੂੰ ਸਿਮਰਤੀ ਦੀ ਦੇਸ਼ ਦੀ ਸ਼ਾਸ਼ਨ ਪੱਧਤੀ ਵਜੋਂ ਪੁਨਰ ਸਥਾਪਤੀ ਦੀਆਂ ਸੰਘ ਪਰਿਵਾਰ ਦੀਆਂ ਕੁਚਾਲਾਂ ਨੂੰ ਪਛਾੜਣ ਲਈ ਦੇਸ਼ ਵਿਆਪੀ ਘੋਲਾਂ ਵੱਲ ਪੇਸ਼ ਕਦਮੀ ਕਰਨ ਦੀ ਅਪੀਲ ਕੀਤੀ ਹੈ। ਸਾਥੀ ਮਹੀਪਾਲ ਨੇ ਹਿੰਦੂਤਵੀ ਖਰੂਦੀਆਂ ਵਲੋਂ ਦੇਸ਼ ਭਰ 'ਚ ਕੀਤੇ ਜਾ ਰਹੇ ਮੁਸਲਮਾਨ ਅਤੇ ਈਸਾਈ ਵਸੋਂ ਦੇ ਘਾਣ ਅਤੇ ਦਲਿਤਾਂ-ਔਰਤਾਂ 'ਤੇ ਢਾਹੇ ਜਾ ਰਹੇ ਅਕਹਿ ਤੇ ਅਸਹਿ ਜਬਰ ਖਿਲਾਫ ਹਰ ਪੱਧਰ 'ਤੇ ਤਕੜਾ ਪ੍ਰਤੀਰੋਧ ਉਸਾਰਨ ਦਾ ਵੀ ਸੱਦਾ ਦਿੱਤਾ ਹੈ। ਸੂਬਾਈ ਆਗੂ ਨੇ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ, ਲੋਕਾਈ ਨੂੰ ਦਰਪੇਸ਼ ਮਹਿੰਗਾਈ, ਬੇਰੁਜਗਾਰੀ, ਗਰੀਬੀ ਭੁੱਖਮਰੀ ਆਦਿ ਦੁਸ਼ਵਾਰੀਆਂ 'ਚ ਅੰਤਾਂ ਦਾ ਵਾਧਾ ਕਰਨ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਨੂੰ ਭਾਂਜ ਦੇਣ ਲਈ ਸਮੁਚੀ ਕਿਰਤੀ ਵਸੋਂ ਦੇ ਫੈਸਲਾਕੁੰਨ ਘੋਲਾਂ ਨੂੰ ਅਜੋਕੇ ਦੌਰ ਦੀ ਪ੍ਰਾਥਮਿਕ ਲੋੜ ਦੱਸਿਆ ਹੈ।
ਮੀਟਿੰਗ ਨੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਫਿਰਕੂ-ਫਾਸ਼ੀ ਹੱਲਿਆਂ ਅਤੇ ਦੇਸ਼ ਦੀ ਏਕਤਾ-ਅਖੰਡਤਾ ਲਈ ਘਾਤਕ, ਧਰਮ ਆਧਾਰਤ ਪਿਛਾਖੜੀ ਰਾਜ ਕਾਇਮ ਕਰਨ ਦੀ ਇਸ ਦੀ ਫੁੱਟਪਾਊ ਵਿਉਂਤਬੰਦੀ ਖਿਲਾਫ ਪਿੰਡਾਂ-ਸ਼ਹਿਰਾਂ ਦੇ ਕਿਰਤੀ ਮੁਹਲਿਆਂ ਤੇ ਦਲਿਤ ਬਸਤੀਆਂ 'ਚ ਜਨ ਸੰਪਰਕ ਅਭਿਆਨ ਚਲਾਉਣ ਦਾ ਨਿਰਣਾ ਲਿਆ ਹੈ। ਚਾਰ ਸਾਹਿਬਜ਼ਾਦਿਆਂ ਅਤੇ ਲਾਸਾਨੀ ਸਿੱਖ ਸ਼ਹੀਦਾਂ ਦੀ ਅਦੁਤੀ ਕੁਰਬਾਨੀ ਨੂੰ ਸਿਜਦਾ ਕਰਨ ਲਈ 22 ਦਸੰਬਰ, 2025 ਨੂੰ ਵਿਸ਼ਨੂੰ ਗਣੇਸ਼ ਪਿੰਗਲੇ ਹਾਲ, ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਕੀਤੇ ਜਾ ਰਹੇ ਸੂਬਾਈ ਸੈਮੀਨਾਰ ਵਿੱਚ ਵੀ ਨੁਮਾਇੰਦੇ ਭੇਜਣ ਦਾ ਫੈਸਲਾ ਲਿਆ ਗਿਆ ਹੈ। 28 ਦਸੰਬਰ ਨੂੰ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ, ਲੋਕ ਮਾਰੂ ਨੀਤੀਆਂ ਖਿਲਾਫ ਰੇਲਵੇ ਸਟੇਸ਼ਨ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਪ੍ਰਤੀਨਿਧ ਕਨਵੈਨਸ਼ਨ ਅਤੇ ਰੋਸ ਮਾਰਚ ਵਿੱਚ ਸੈਂਕੜੇ ਸਾਥੀਆਂ ਦੀ ਸ਼ਮੂਲੀਅਤ ਕਰਵਾਏ ਜਾਣ ਦੀ ਵੀ ਠੋਸ ਵਿਉਂਤਬੰਦੀ ਕੀਤੀ ਗਈ ਹੈ।
ਇਸ ਮੌਕੇ ਗੁਰਤੇਜ ਸਿੰਘ ਖਹਿਰਾ, ਹਰਜਿੰਦਰ ਸਿੰਘ ਕਾਕਾ, ਸੂਰਤ ਸਿੰਘ ਮਾਹਲਾ, ਅਜੀਤ ਸਿੰਘ ਖਾਲਸਾ, ਗਮਦੂਰ ਸਿੰਘ ਗੁਰਾ ਹਰੀ ਨੌ, ਸੁਖਵਿੰਦਰ ਸਿੰਘ ਢਿੱਲਵਾਂ, ਜਨਕ ਰਾਜ ਜਨਕੂ, ਬੇਬੀ ਅਬਰੌਲ, ਗਗਨਦੀਪ ਔਲਖ, ਬਲਕਾਰ ਸਿੰਘ ਔਲਖ ਨੇ ਵੀ ਵਿਚਾਰ ਰੱਖੇ। ਆਉਂਦੇ ਸੋਮਵਾਰ ਨੂੰ ਨਗਰ ਨਗਰ ਨਿਗਮ ਦੇ ਕੱਚੇ ਕਾਮਿਆਂ ਦੇ ਮਸਲੇ ਹੱਲ ਕਰਾਉਣ ਲਈ ਅਧਿਕਾਰੀਆਂ ਨੂੰ ਵਫਦ ਮਿਲਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਵੀ ਤੈਅ ਕੀਤਾ ਗਿਆ ਹੈ ਕਿ ਛੇਤੀ ਹੀ ਮੰਚ ਦੀ ਜਿਲ੍ਹਾ ਪੱਧਰੀ ਕਨਵੈਨਸ਼ਨ ਸੱਦ ਕੇ ਮਿਹਨਤੀ ਤਬਕਿਆਂ ਦੇ ਸੰਘਰਸ਼ ਤੇਜ਼ ਕਰਨ ਦੀ ਨਿੱਗਰ ਯੋਜਨਾਬੰਦੀ ਉਲੀਕੀ ਜਾਵੇਗੀ।
ਆਰੰਭ ਵਿੱਚ ਇਜ਼ਰਾਇਲ-ਅਮਰੀਕਾ ਜੰਗਬਾਜ ਜੁੰਡਲੀ ਵੱਲੋਂ ਕਤਲ ਕੀਤੇ ਗਏ ਹਜ਼ਾਰਾਂ ਨਿਰਦੋਸ਼ ਫਲਸਤੀਨੀਆਂ ਅਤੇ ਲੰਘੇ ਦਿਨੀਂ ਵਿਛੋੜਾ ਦੇ ਗਏ ਜਮਹੂਰੀ ਲਹਿਰ ਦੇ ਉੱਘੇ ਆਗੂ ਬਲਵਿੰਦਰ ਸਿੰਘ ਛੇਹਰਟਾ ਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।