ਵੱਡੀ ਖ਼ਬਰ: ਮੂਸੇਵਾਲਾ ਅਤੇ ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਵਾਂਟੇਡ ਅਨਮੋਲ ਬਿਸ਼ਨੋਈ ਅਮਰੀਕਾ ਤੋਂ ਲਿਆਂਦਾ ਜਾ ਰਿਹੈ ਭਾਰਤ
Babushahi Bureau
ਨਵੀਂ ਦਿੱਲੀ, 19 ਨਵੰਬਰ 2025 : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਇਸ ਸਮੇਂ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਅਨਮੋਲ ਕਈ ਹਾਈ-ਪ੍ਰੋਫਾਈਲ ਅਪਰਾਧਿਕ ਮਾਮਲਿਆਂ ਵਿਚ ਦੋਸ਼ੀ ਹੈ। ਅਨਮੋਲ ਬਿਸ਼ਨੋਈ 'ਤੇ ਐਨਸੀਪੀ ਨੇਤਾ ਬਾਬਾ ਸਿੱਦੀਕੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਆਰੋਪ ਹੈ। ਅਦਾਕਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ ਵਿੱਚ ਅਨਮੋਲ ਦਾ ਨਾਮ ਵੀ ਸਾਹਮਣੇ ਆਇਆ ਸੀ।
ਜਾਣਕਾਰੀ ਮੁਤਾਬਕ ਅਮਰੀਕਾ ਨੇ ਅਨਮੋਲ ਬਿਸ਼ਨੋਈ ਨੂੰ ਡਿਪੋਰਟ ਕਰ ਦਿੱਤਾ ਹੈ। ਇਹ ਕਾਰਵਾਈ 18 ਨਵੰਬਰ 2025 ਨੂੰ ਕੀਤੀ ਗਈ ਹੈ। ਅਨਮੋਲ ਨੂੰ ਭਾਰਤ ਭੇਜਣ ਦਾ ਕਦਮ ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਵੱਲੋਂ ਚੁੱਕਿਆ ਗਿਆ ਕਿਉਂਕਿ ਅਮਰੀਕਾ ਵਿੱਚ ਉਸਦੀ ਅਸਾਇਲਮ ਦੀ ਅਰਜ਼ੀ ਖਾਰਜ ਹੋ ਗਈ ਸੀ। ਬਿਸ਼ਨੋਈ ਜਲਦੀ ਹੀ ਭਾਰਤ ਪਹੁੰਚ ਸਕਦਾ ਹੈ। ਇਸ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਨੇ ਦਿੱਤੀ ਜਾਣਕਾਰੀ
ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਅਨਮੋਲ ਕੁਝ ਘੰਟਿਆਂ ਵਿੱਚ ਦਿੱਲੀ ਪਹੁੰਚ ਜਾਵੇਗਾ। ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਨੇ ਦੱਸਿਆ ਕਿ ਉਸਨੂੰ ਮੰਗਲਵਾਰ ਨੂੰ ਅਮਰੀਕੀ ਅਧਿਕਾਰੀਆਂ ਤੋਂ ਇੱਕ ਈਮੇਲ ਪ੍ਰਾਪਤ ਹੋਈ ,ਜਿਸ ਵਿੱਚ ਉਸਨੂੰ ਸੂਚਿਤ ਕੀਤਾ ਗਿਆ ਸੀ ਕਿ ਅਨਮੋਲ ਬਿਸ਼ਨੋਈ ਨੂੰ ਸੰਘੀ ਸਰਕਾਰ ਦੁਆਰਾ ਅਮਰੀਕਾ ਤੋਂ ਡਿਪੋਰਟ ਕਰ ਗਿਆ ਹੈ। ਅਨਮੋਲ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ।
ਬਾਬਾ ਸਿੱਦੀਕੀ ਕਤਲ ਮਾਮਲਾ
12 ਅਕਤੂਬਰ 2024 ਵਿੱਚ ਹੋਏ ਮਹਾਰਾਸ਼ਟਰ ਦੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਵੀ ਅਨਮੋਲ ਮੁੱਖ ਸਾਜ਼ਿਸ਼ਕਰਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਸ ਕੇਸ ਦੇ ਸ਼ੂਟਰ ਵੀ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਸਨ। ਦੱਸ ਦੇਈਏ ਕਿ 12 ਅਕਤੂਬਰ 2024 ਦੀ ਰਾਤ ਨੂੰ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦਾ ਮੁੰਬਈ ਦੇ ਬਾਂਦਰਾ ਵਿੱਚ ਖੇਰਵਾੜੀ ਸਿਗਨਲ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਰਹਿਣ ਵਾਲੇ ਹਰੀਸ਼ ਕੁਮਾਰ, ਕੈਥਲ (ਹਰਿਆਣਾ) ਦੇ ਗੁਰਮੇਲ ਬਲਜੀਤ ਸਿੰਘ, ਬਹਿਰਾਈਚ (ਉੱਤਰ ਪ੍ਰਦੇਸ਼) ਦੇ ਧਰਮਰਾਜ ਕਸ਼ਯਪ ਅਤੇ ਪੁਣੇ (ਮਹਾਰਾਸ਼ਟਰ) ਦੇ ਪ੍ਰਵੀਨ ਲੋਂਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਜਲੰਧਰ ਦੇ ਰਹਿਣ ਵਾਲੇ ਜ਼ੀਸ਼ਾਨ ਅਖਤਰ ਦਾ ਨਾਮ ਸਾਹਮਣੇ ਆਇਆ ਸੀ। ਜਦੋਂ ਸ਼ੂਟਰਾਂ ਨੇ ਸਿੱਦੀਕੀ ਨੂੰ ਗੋਲੀ ਮਾਰੀ ਤਾਂ ਉਹ ਮੌਕੇ 'ਤੇ ਮੌਜੂਦ ਸੀ।
ਜ਼ੀਸ਼ਾਨ ਦੀ ਯੋਜਨਾ ਸੀ ਕਿ ਜੇਕਰ ਬਾਬਾ ਸਿੱਦੀਕੀ ਸ਼ੂਟਰਾਂ ਦੀਆਂ ਗੋਲੀਆਂ ਤੋਂ ਬਚ ਜਾਂਦਾ ਹੈ ਤਾਂ ਉਸਨੂੰ ਗੋਲੀ ਮਾਰ ਦੇਵੇ। ਇਸ ਦੌਰਾਨ ਉਹ ਲਾਰੈਂਸ ਦੇ ਭਰਾ ਅਨਮੋਲ ਨਾਲ ਫੋਨ 'ਤੇ ਸੰਪਰਕ ਵਿੱਚ ਸੀ। ਸਿੱਦੀਕੀ ਦੀ ਮੌਤ ਤੋਂ ਬਾਅਦ ਉਸਨੇ ਅਨਮੋਲ ਨੂੰ ਮੌਕੇ ਦੀਆਂ ਫੋਟੋਆਂ ਅਤੇ ਵੀਡੀਓ ਭੇਜੀਆਂ ਅਤੇ ਸਿੱਦੀਕੀ ਦੀ ਮੌਤ ਦੀ ਪੁਸ਼ਟੀ ਕੀਤੀ। ਫਿਰ ਉਹ ਭੱਜ ਗਿਆ।
ਸਲਮਾਨ ਖਾਨ ਦੇ ਘਰ ਹੋਈ ਗੋਲੀਬਾਰੀ ਦਾ ਮਾਮਲਾ
ਅਪ੍ਰੈਲ 2024 ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਸਿਲਸਿਲੇ ਵਿੱਚ ਵੀ ਅਨਮੋਲ ਦੀ ਭਾਲ ਸੀ। ਚਾਰਜਸ਼ੀਟ ਅਨੁਸਾਰ ਅਨਮੋਲ ਨੇ ਸ਼ੂਟਰਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ‘ਪ੍ਰੇਰਿਤ’ ਕੀਤਾ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇਤਿਹਾਸ ਰਚਣਗੇ।
ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲਾ
ਅਨਮੋਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਈ 2022 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਲਾਰੈਂਸ ਨੇ ਤਿਹਾੜ ਜੇਲ੍ਹ ਦੇ ਅੰਦਰੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।
ਉਸਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਮੂਸੇਵਾਲਾ ਦੀ ਰੇਕੀ ਕੀਤੀ ਅਤੇ ਫਿਰ ਸ਼ੂਟਰਾਂ ਅਤੇ ਹਥਿਆਰਾਂ ਦਾ ਪ੍ਰਬੰਧ ਕੀਤਾ। ਥਾਪਨ ਅਤੇ ਸਚਿਨ ਨੇਪਾਲ ਚਲੇ ਗਏ। ਭੱਜਣ ਵਾਲੇ ਸਚਿਨ ਥਾਪਨ ਨੂੰ ਪੁਲਿਸ ਨੇ ਅਜ਼ਰਬਾਈਜਾਨ ਵਿੱਚ ਫੜ ਲਿਆ ਪਰ ਅਨਮੋਲ ਦੁਬਈ ਰਾਹੀਂ ਕੀਨੀਆ ਅਤੇ ਫਿਰ ਸੰਯੁਕਤ ਰਾਜ ਅਮਰੀਕਾ ਭੱਜ ਗਿਆ ਸੀ।
NIA ਨੇ ਰੱਖਿਆ ਸੀ 10 ਲੱਖ ਰੁਪਏ ਦਾ ਇਨਾਮ
ਹਾਲ ਹੀ ਵਿੱਚ ਰਾਸ਼ਟਰੀ ਜਾਂਚ ਏਜੰਸੀ (NIA) ਨੇ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਏਜੰਸੀ ਨੇ 2022 ਵਿੱਚ ਦਰਜ ਦੋ ਮਾਮਲਿਆਂ ਵਿੱਚ ਅਨਮੋਲ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਅਨਮੋਲ NIA ਦੀ ਮੋਸਟ ਵਾਂਟੇਡ ਸੂਚੀ ਵਿੱਚ ਵੀ ਹੈ।